ਨਾਭਾ ਜੇਲ ਬ੍ਰੇਕ ਮਾਮਲਾ : 3 ਹੋਰਨਾਂ ਖਿਲਾਫ ਦੋਸ਼ ਤੈਅ
Wednesday, Oct 04, 2017 - 07:30 AM (IST)
ਪਟਿਆਲਾ, (ਬਲਜਿੰਦਰ)- ਐਡੀਸ਼ਨਲ ਸੈਸ਼ਨ ਜੱਜ ਮੁਹੰਮਦ ਗੁਲਜ਼ਾਰ ਦੀ ਅਦਾਲਤ ਵਿਚ ਅੱਜ ਨਾਭਾ ਜੇਲ ਬ੍ਰੇਕ ਮਾਮਲੇ ਦੀ ਸੁਣਵਾਈ ਹੋਈ। ਇਸ ਵਿਚ 3 ਹੋਰਨਾਂ ਖਿਲਾਫ ਦੋਸ਼ ਤੈਅ ਕਰ ਦਿੱਤੇ ਗਏ ਹਨ। ਇਸ ਮਾਮਲੇ ਵਿਚ ਹੁਣ ਤੱਕ 26 ਵਿਅਕਤੀਆਂ ਖਿਲਾਫ ਦੋਸ਼ ਤੈਅ ਹੋ ਚੁੱਕੇ ਹਨ। ਮੁਲਜ਼ਮਾਂ ਵਿਚ ਵਰਿੰਦਰ ਸਿੰਘ, ਰਵਿੰਦਰ ਸਿੰਘ ਅਤੇ ਅਮਨ ਢੋਟੀਆਂ ਸ਼ਾਮਲ ਹਨ। ਇਸ ਮਾਮਲੇ ਵਿਚ ਬਚਾਅ ਪੱਖ ਵੱਲੋਂ ਐਡਵੋਕੇਟ ਕੁੰਦਨ ਸਿੰਘ ਨਾਗਰਾ, ਬਰਜਿੰਦਰ ਸਿੰਘ ਸੋਢੀ, ਬਿਕਰਮਜੀਤ ਸਿੰਘ ਭੁੱਲਰ ਤੇ ਐੈੱਸ. ਐੈੱਸ. ਸੱਗੂ ਸਮੇਤ ਹੋਰ ਵਕੀਲ ਪੇਸ਼ ਹੋਏ। ਅਦਾਲਤ ਨੇ ਦੋਸ਼ ਤੈਅ ਕਰਨ ਤੋਂ ਬਾਅਦ ਮਾਮਲੇ ਦੀ ਅਗਲੀ ਸੁਣਵਾਈ 26 ਅਕਤੂਬਰ 'ਤੇ ਪਾ ਦਿੱਤੀ ਹੈ।

ਇਸ ਤੋਂ ਪਹਿਲਾਂ ਅੱਜ ਇਸ ਮਾਮਲੇ ਵਿਚ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿਚੋਂ ਜਿਹੜੇ 26 ਖਿਲਾਫ ਦੋਸ਼ ਤੈਅ ਹੋ ਚੁੱਕੇ ਹਨ, ਉਨ੍ਹਾਂ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੇਸ਼ ਕੀਤੇ ਜਾਣ ਵਾਲਿਆਂ ਵਿਚ ਪਲਵਿੰਦਰ ਪਿੰਦਾ, ਹਰਮਿੰਦਰ ਮਿੰਟੂ, ਭੀਮ ਸਿੰਘ ਸਹਾਇਕ ਸੁਪਰਡੈਂਟ ਮੈਕਸੀਮਮ ਸਕਿਓਰਿਟੀ ਜੇਲ ਨਾਭਾ, ਜਗਮੀਤ ਸਿੰਘ, ਤੇਜਿੰਦਰ ਸ਼ਰਮਾ, ਗੁਰਪ੍ਰੀਤ ਸਿੰਘ, ਬਿੱਕਰ ਸਿੰਘ, ਜਗਤਵੀਰ ਸਿੰਘ, ਨਰੇਸ਼ ਨੌਰੰਗ, ਚਨਪ੍ਰੀਤ ਸਿੰਘ, ਹਰਜੋਤ ਸਿੰਘ, ਰਣਜੀਤ ਸਿੰਘ, ਮੁਹੰਮਦ ਆਸਿਮ, ਕੁਲਪ੍ਰੀਤ ਸਿੰਘ ਨੀਟਾ ਅਤੇ ਸੁਨੀਲ ਕਾਲੜਾ ਮੁੱਖ ਤੌਰ 'ਤੇ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 27 ਨਵੰਬਰ ਨੂੰ ਕੁਝ ਹਥਿਆਰਬੰਦ ਵਿਅਕਤੀਆਂ ਨੇ ਨਾਭਾ ਦੀ ਮੈਕਸੀਮਮ ਸਕਿਓਰਿਟੀ ਜੇਲ 'ਤੇ ਹਮਲਾ ਕਰ ਕੇ 6 ਵਿਅਕਤੀਆਂ ਨੂੰ ਛੁਡਵਾ ਲਿਆ ਸੀ। ਇਨ੍ਹਾਂ ਵਿਚੋਂ 4 ਨੂੰ ਗ੍ਰਿਫਤਾਰ ਕਰ ਲਿਆ ਗਿਆ। ਵਿੱਕੀ ਗੌਂਡਰ ਅਤੇ ਕਸ਼ਮੀਰਾ ਸਿੰਘ ਅਜੇ ਵੀ ਪੁਲਸ ਦੀ ਗ੍ਰਿਫਤ 'ਚੋਂ ਬਾਹਰ ਹਨ।
