ਫਿਰ ਵਿਵਾਦਾਂ ’ਚ ਨਾਭਾ ਜ਼ਿਲਾ ਜੇਲ੍ਹ, ਪੰਜ ਮੋਬਾਈਲ ਬਰਾਮਦ
Tuesday, Mar 29, 2022 - 01:00 PM (IST)
ਨਾਭਾ (ਜੈਨ) : ਸਥਾਨਕ ਭਵਾਨੀਗੜ੍ਹ ਰੋਡ ਸਥਿਤ ਨਵੀਂ ਜ਼ਿਲ੍ਹਾ ਜੇਲ ਵਿਚੋਂ ਪੰਜ ਮੋਬਾਈਲ ਬਰਾਮਦ ਹੋਣ ਨਾਲ ਪ੍ਰਸ਼ਾਸਨ ਦੀ ਸੁਰੱਖਿਆ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿਚ ਹੈ। ਜੇਲ ਦੇ ਸਹਾਇਕ ਸੁਪਰਡੈਂਟ ਅਜਮੇਰ ਸਿੰਘ ਅਨੁਸਾਰ ਬੈਰਕ ਨੰ. 5 ਤੇ 7 ਵਿਚਕਾਰ ਪੌੜੀਆਂ ਦੀ ਬੈਕਸਾਈਡ ਤੋਂ ਹਵਾਲਾਤੀ ਤਰਲੋਚਨ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਸੁੰਨੜਕਲਾਂ (ਜ਼ਿਲ੍ਹਾ ਜਲੰਧਰ) ਅਤੇ ਜਗਜੀਤ ਸਿੰਘ ਹਵਾਲਾਤੀ ਪੁੱਤਰ ਬਲਦੇਵ ਸਿੰਘ ਵਾਸੀ ਗਰੀਨ ਪਾਰਕ ਜਲੰਧਰ ਪਾਸੋਂ ਤਿੰਨ ਮੋਬਾਈਲ ਬਿਨਾਂ ਸਿਮ ਕਾਰਡ ਅਤੇ ਇਕ ਸੈਮਸੰਗ ਮੋਬਾਈਲ ਬਰਾਮਦ ਕੀਤੇ ਗਏ ਜੋ ਕਿ ਉਹ ਲਿਫਾਫੇ ਵਿਚ ਪਾ ਕੇ ਜ਼ਮੀਨ ਵਿਚ ਦੱਬ ਰਹੇ ਸਨ। ਬੈਰਕ ਨੰ. 6 ਵਿਚ ਬੰਦ ਹਵਾਲਾਤੀ ਆਕਾਸ਼ਦੀਪ ਪੁੱਤਰ ਅਵਤਾਰ ਸਿੰਘ ਵਾਸੀ ਸੁੰਦਰ ਬਸਤੀ ਸੰਗਰੂਰ ਪਾਸੋਂ ਇਕ ਮੋਬਾਈਲ ਮਾਰਕਾ ਸੈਮਸੰਗ ਬਰਾਮਦ ਕੀਤਾ ਗਿਆ ਹੈ। ਥਾਣਾ ਸਦਰ ਪੁਲਸ ਨੇ ਤਿੰਨੇ ਹਵਾਲਾਤੀਆਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ।
ਪੁਲਸ ਅਨੁਸਾਰ ਹਵਾਲਾਤੀਆਂ ਪਾਸੋਂ ਪੜਤਾਲ ਕੀਤੀ ਜਾਵੇਗੀ। ਵਰਨਣਯੋਗ ਹੈ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਇਸ ਜੇਲ੍ਹ ਵਿਚੋਂ 200 ਤੋਂ ਵੱਧ ਮੋਬਾਈਲ ਬਰਾਮਦ ਹੋਏ ਅਤੇ 8 ਜੇਲ੍ਹ ਸੁਪਰਡੈਂਟ ਤਬਦੀਲ ਕੀਤੇ ਗਏ ਪਰ ਮੋਬਾਈਲ ਨੈਟਵਰਕ ਧੜੱਲੇ ਨਾਲ ਸਰਗਰਮ ਹੈ। ਦੋ ਹਵਾਲਾਤੀਆਂ ਦਾ ਜੇਲ੍ਹ ਵਿਚ ਦਿਨ ਦਿਹਾੜ ਕਤਲ ਹੋਇਆ ਪਰ ਕਿਸੇ ਵੀ ਅਧਿਕਾਰੀ ਖ਼ਿਲਾਫ ਵੱਡਾ ਐਕਸ਼ਨ ਨਹੀਂ ਲਿਆ ਗਿਆ। ਇਸ ਜੇਲ ਵਿਚ ਵਿਦੇਸ਼ੀ ਹਵਾਲਾਤੀ ਵੀ ਨਜ਼ਰਬੰਦ ਹਨ। ਕਈ ਵਾਰੀ ਹਵਾਲਾਤੀਆਂ ਨੇ ਦੋਸ਼ ਵੀ ਲਾਏ ਕਿ ਜੇਲ ਦੇ ਕੁੱਝ ਅਧਿਕਾਰੀ ਮੋਟੀ ਰਕਮ ਲੈ ਕੇ ਨਜਾਇਜ਼ ਕੰਮ ਕਰਵਾਉਂਦੇ ਹਨ। ਹੁਣ ਦੇਖਣਾ ਹੈ ਕਿ ਨਵੀਂ ਸਰਕਾਰ ਦੇ ਜੇਲ ਮੰਤਰੀ ਮੋਬਾਈਲਾਂ ਦੀ ਸਪਲਾਈ ਬੰਦ ਕਰਵਾਉਂਦੇ ਹਨ ਕਿ ਨਹੀਂ।