ਖਤਰਨਾਕ ਗੈਂਗਸਟਰ ਨੀਟਾ ਦਿਓਲ ਦਾ ਹੋਇਆ ਕੋਰੋਨਾ ਟੈਸਟ
Thursday, Jul 23, 2020 - 02:56 PM (IST)
 
            
            ਨਾਭਾ (ਜੈਨ) : ਮੈਕਸੀਮਮ ਸਕਿਓਰਟੀ ਜ਼ਿਲ੍ਹਾ ਜੇਲ੍ਹ ਦੇ ਬ੍ਰੇਕ ਕਾਂਡ ਦੇ ਮੁੱਖ ਸਾਜਿਸ਼ਕਰਤਾ ਤੇ ਖਤਰਨਾਕ ਗੈਂਗਸਟਰ ਕੁਲਪ੍ਰੀਤ ਸਿੰਘ ਉਰਫ ਨੀਟਾ ਦਿਓਲ ਨੂੰ ਅੱਜ ਕੋਰੋਨਾ ਟੈਸਟ ਕਰਵਾਉਣ ਲਈ ਐੱਸ. ਐੱਚ. ਓ. ਸਦਰ ਥਾਣਾ ਪੁਲਸ ਇੰਸਪੈਕਟਰ ਸੁਖਦੇਵ ਸਿੰਘ ਦੀ ਅਗਵਾਈ ਹੇਠ ਭਾਰੀ ਪੁਲਸ ਫੋਰਸ ਇਥੇ ਸਿਵਲ ਹਸਪਤਾਲ ਕੰਪਲੈਕਸ 'ਚ ਲੈ ਕੇ ਆਈ ਤਾਂ ਚੱਪੇ-ਚੱਪੇ 'ਤੇ ਪੁਲਸ ਜਵਾਨ ਤਾਇਨਾਤ ਕੀਤੇ ਗਏ ਸਨ। ਵਰਨਣਯੋਗ ਹੈ ਕਿ 29 ਮਾਰਚ 2016 ਨੂੰ ਇਥੇ ਸਿਵਲ ਹਸਪਤਾਲ ਕੰਪਲੈਕਸ 'ਚੋਂ ਦਿਨ- ਦਿਹਾੜੇ ਅੰਨ੍ਹੇਵਾਹ ਫਾਇਰਿੰਗ ਕਰਕੇ ਦੋ ਬਦਮਾਸ਼ ਗੈਂਗਸਟਰ ਪਲਵਿੰਦਰ ਪਿੰਦਾ ਨੂੰ ਹੱਥਕੜੀਆਂ ਸਮੇਤ ਭਜਾ ਕੇ ਲੈ ਗਏ ਸਨ, ਜਿਸ ਕਰਕੇ ਪੁਲਸ ਨੇ ਹਸਪਤਾਲ ਦੇ ਦੋ ਗੇਟ ਅੱਜ ਪਹਿਲਾਂ ਹੀ ਬੰਦ ਕਰ ਦਿੱਤੇ ਸਨ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਪੁਲਸ ਪਿਛਲੇ 24 ਘੰਟਿਆਂ ਦੌਰਾਨ ਨੀਟਾ ਦਿਓਲ ਨੂੰ ਦੂਜੀ ਵਾਰੀ ਸਿਵਲ ਹਸਪਤਾਲ ਲੈ ਕੇ ਆਈ ਸੀ।
ਇਹ ਵੀ ਪੜ੍ਹੋਂ : ਬੁਲੰਦ ਹੌਸਲੇ ਦੀ ਮਿਸਾਲ ਨੇ ਦੋ ਸਰੀਰ ਇਕ ਰੂਹ ਵਾਲੇ ਸੋਨਾ-ਮੋਨਾ , ਜਜ਼ਬਾ ਵੇਖ ਤੁਸੀਂ ਵੀ ਕਰੋਗੇ ਸਲਾਮ (ਵੀਡੀਓ)
ਡੀ. ਐੱਸ. ਪੀ. ਰਾਜੇਸ਼ ਛਿੱਬੜ ਨੇ ਦੱਸਿਆ ਕਿ ਜ਼ਿਲ੍ਹਾ ਜੇਲ੍ਹ 'ਚੋਂ ਬਾਹਰ ਲਿਆਉਣ ਸਮੇਂ ਗੈਂਗਸਟਰ ਨੀਟਾ ਦਿਓਲ ਨੂੰ ਸੀਨੀਅਰ ਪੁਲਸ ਕਪਤਾਨ ਦੇ ਨਿਰਦੇਸ਼ਾਂ ਅਧੀਨ ਬੁਲਟ ਪਰੂਫ ਜੈਕਟ ਮੁਹੱਈਆ ਕਰਵਾਈ ਗਈ ਹੈ ਅਤੇ 50 ਤੋਂ ਵੱਧ ਸੁਰੱਖਿਆ ਜਵਾਨ ਉਸ ਨਾਲ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਨੀਟਾ ਦੇ ਪਿਤਾ ਸੁਰਜੀਤ ਸਿੰਘ ਵਲੋਂ ਪੁਲਸ 'ਤੇ ਲਾਏ ਜਾ ਰਹੇ ਸਾਰੇ ਦੋਸ਼ ਮਨਘੜਤ ਹਨ। ਜੇਲ੍ਹ ਤੋਂ ਬਾਹਰ ਸਾਰੇ ਹਵਾਲਾਤੀਆਂ ਦੀ ਸੁਰੱਖਿਆ ਲਈ ਪੁਲਸ ਫੋਰਸ ਵਚਨਬੱਧ ਹੈ। ਨੀਟਾ ਖਿਲਾਫ 17 ਮਾਮਲੇ ਦਰਜ ਹਨ। ਜੇਲ੍ਹ 'ਚ ਖੁਦਕੁਸ਼ੀ ਕਰਨ ਦੇ ਮਾਮਲੇ 'ਚ ਪੁਲਸ ਨੂੰ ਜੇਲ੍ਹ ਅਫਸਰਾਂ ਵਲੋਂ ਸ਼ਿਕਾਇਤ ਮਿਲੀ, ਜਿਸ ਦੀ ਪੜਤਾਲ ਕਰਨ ਲਈ ਥਾਣਾ ਸਦਰ ਪੁਲਸ ਨੇ ਨੀਟਾ ਨੂੰ ਅਦਾਲਤ 'ਚੋਂ ਪ੍ਰੋਡਕਸ਼ਨ ਵਾਰੰਟ ਲੈ ਕੇ ਹਿਰਾਸਤ 'ਚ ਲਿਆ ਸੀ।
ਇਹ ਵੀ ਪੜ੍ਹੋਂ : ਦਰਿੰਦਗੀ ਦੀਆਂ ਹੱਦਾਂ ਪਾਰ: ਦਲਿਤ ਵਿਅਕਤੀ ਨੂੰ ਬੰਧਕ ਬਣਾ ਦਿੱਤੇ ਤਸੀਹੇ, ਪਿਲਾਇਆ ਪਿਸ਼ਾਬ (ਵੀਡੀਓ)
ਪੁਲਸ ਨੇ ਦੋ ਮਾਮਲਿਆਂ 'ਚ ਨੀਟਾ ਤੋਂ ਪੁੱਛਗਿੱਛ ਕਰ ਲਈ ਹੈ ਅਤੇ ਕਰੋਨਾ ਟੈਸਟ ਕਾਰਨ ਨੀਟਾ ਨੂੰ ਜੁਡੀਸ਼ੀਅਲ ਰਿਮਾਂਡ ਦੌਰਾਨ ਸਦਰ ਪੁਲਸ ਹਵਾਲਾਤ 'ਚ ਰੱਖਿਆ ਗਿਆ ਹੈ। ਕੋਰੋਨਾ ਰਿਪੋਰਟ ਆਉਣ ਤੋਂ ਬਾਅਦ ਨੀਟਾ ਦਿਓਲ ਨੂੰ ਜ਼ਿਲ੍ਹਾ ਜੇਲ੍ਹ 'ਚ ਲਈ ਭੇਜ ਦਿੱਤਾ ਜਾਵੇਗਾ। ਸਿਵਲ ਹਸਪਤਾਲ ਅਧਿਕਾਰੀਆਂ ਅਨੁਸਾਰ ਨੀਟਾ ਦੀ ਰਿਪੋਰਟ ਭਲਕੇ ਸ਼ੁੱਕਰਵਾਰ ਨੂੰ ਸਵੇਰੇ ਆਵੇਗੀ। ਐੱਸ. ਐੱਚ. ਓ. ਸਦਰ ਅਨੁਸਾਰ ਨੀਟਾ ਨੂੰ ਸਦਰ ਥਾਣਾ ਲਾਕਅਪ ਵਿਚ ਬੰਦ ਕਰਕੇ ਚਾਰੇ ਪਾਸਿਓਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਹਵਾਲਾਤ ਦੇ ਬਾਹਰ ਵੀ ਨਿਗਰਾਨੀ ਲਈ ਜਵਾਨ ਤਾਇਨਾਤ ਹਨ।
ਇਹ ਵੀ ਪੜ੍ਹੋਂ : ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਚਿੰਤਾ 'ਚ ਹਰਭਜਨ ਸਿੰਘ, ਟਵੀਟ ਕਰ ਕੀਤਾ ਇਹ ਸਵਾਲ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            