ਮੇਰੇ ਪਿੰਡ ਦੇ ਲੋਕ : ਬਾਬਾ ਮੇਲਾ

Monday, Apr 13, 2020 - 01:09 PM (IST)

ਮੇਰੇ ਪਿੰਡ ਦੇ ਲੋਕ : ਬਾਬਾ ਮੇਲਾ

ਕਿਸ਼ਤ - 3

ਰੁਪਿੰਦਰ ਸੰਧੂ 

ਉਮਰੋਂ ਮੇਰੇ ਤਾਏ ਤੋਂ ਵੀ ਛੋਟਾ ਸੀ ਭਾਵੇਂ ਪਰ ਸਾਡਾ ਨਿਆਣਿਆਂ ਦਾ ਉਹ ਬਾਬਾ ਮੇਲਾ ਸੀ। ਮਾਂ ਦੱਸਦੀ ਹੁੰਦੀ ਸੀ ਮੇਰੀ ਵੱਡੀ ਭੈਣ ਦੇ ਹੋਣ ਤੋਂ ਵੀ ਪਹਿਲਾਂ ਤੋਂ ਉਹ ਸਾਡੇ ਨਾਲ ਸੀਰੀ ਸੀ ।  ਮੇਰੇ ਪਿਓ ਤੇ ਤਾਏ ਦਾ ਉਹਨੇਂ ਨਾਂ ਹੀ ਲੈਣਾਂ ਤੇ ਵੱਡੇ ਬਾਪੂ ਜੀ ਨੂੰ ਲਾਣੇਦਾਰ ਕਿਹਾ ਕਰਦਾ ਸੀ। ਬਾਬੇ ਮੇਲੇ ਦੀ ਰੂਹ ਬਹੁਤੀ ਰੱਬੀ ਰੂਹ ਸੀ ਪਰ ਉਸ ਦੀ ਘਰਦੀ ਡਾਢੀ ਕਪੁੱਤੀ ਸੀ। ਕਦੀ -ਕਦੀ ਤਾਂ ਇਓਂ ਲੱਗਣਾਂ ਵੀ ਜਿਵੇਂ ਬਾਬੇ ਦਾ ਆਪਣੇ ਘਰ ਜਾਣ ਨੂੰ ਜੀਅ ਹੀ ਨਹੀਂ ਕਰਦਾ ਸੀ। ਉਸ ਨੇ ਸਵੇਰੇ ਪੰਜ ਵਜੇ ਆ ਜਾਣਾਂ ਤੇ ਰਾਤੀ ਤਾਇਆ ਜੀ ਹੁਣਾਂ ਨੇ ਉਸ ਨੂੰ ਕਹਿ-ਕਹਿ ਮਸਾਂ ਘਰ ਨੂੰ ਤੋਰਨਾਂ। ਮੇਰੀ ਮਾਂ ਹੁਣਾਂ ਨੂੰ ਬਾਬੇ ਨੇ ਕਹਿੰਦੇ ਰਹਿਣਾਂ, " ਕੁੜੇ ਕੁੜੀਓ ਜਦੋਂ ਮੈਂ ਤੁਹਾਡੇ ਨਾਲੋਂ ਹਟਿਆ ਤਾਂ ਮੈਨੂੰ ਭਾਈ ਇਕ ਘੋੜੀ ਲੈਕੇ ਦਿਓ ,ਮੈਂ ਚਿੱਟਾ ਕੁੜਤਾ ਚਾਦਰਾ ਪਾ ਕੇ ਸਾਰੇ ਪਿੰਡ ’ਚ ਗੇੜਾ ਦਿਆ ਕਰਨਾਂ। ਲੋਕੀ ਵੇਖਿਆ ਕਰਨਗੇ ਖਲੋ-ਖਲੋ ਕੇ । ਮੇਰੀ ਮਾਂ ਹੁਣਾਂ ਨੇ ਕਹਿਣਾ, " ਲੈ ਬਾਬਾ ਇਹ ਵੀ ਕੋਈ ਗੱਲ ਏ, ਤੂੰ ਆਖਦੇ ਸਵਰਨ ਹੁਣਾਂ ਨੂੰ।

ਬਾਬਾ ਢਲੀਆਂ ਤਰਕਾਲਾਂ ਤੋਂ ਖੇਤੋਂ ਆਉਂਦਾ ਤਾਂ ਦਾਣੇ ਵਾਲਾ ਕਮਰਾ ਹੁੰਦਾ ਸੀ ਘਰ ’ਚ। ਉਸ ’ਚ ਘਰ ਦੀ ਕੱਢੀ ਸ਼ਰਾਬ ਦੀ ਇਕ ਡੋਲਣੀ ਪਈ ਰਹਿਣੀਂ। ਉਸ ਨੇ ਪਹਿਲਾਂ ਸਾਰਾ ਸ਼ਾਮਾਂ ਦਾ ਕੰਮ ਮੁਕਵਾ ਕੇ ਦੂਜੇ ਸੀਰੀ ਵੀਰੇ ਨਾਲ, ਉਸ ਡੋਲਣੀ ’ਚੋਂ ਇਕ ਬੋਤਲ ਭਰਕੇ ਪੌੜੀਆਂ ’ਤੇ ਧਰ ਦੇਣੀ। ਪਹਿਲਾਂ ਵੱਡੇ ਬਾਪੂ ਜੀ ਨੂੰ ਉਸ ਦੇ ’ਚੋਂ ਇਕ ਗਲਾਸ ਪਾ ਕੇ ਦੇ ਦੇਣੀ ਅਤੇ ਫਿਰ ਆਪਣਾਂ ਇਕ ਗਲਾਸ ਭਰ ਰੱਖ ਦੇਣਾ ਤੇ ਘਰ ਜਾਣ ਤੋਂ ਪਹਿਲਾਂ ਉਹ ਸਾਰੀ ਬੋਤਲ ਖਤਮ ਹੁੰਦੀ ਸੀ। ਫਿਰ ਉਸ ਨੇ ਬਾਪੂ ਜੀ ਨਾਲ ਘੰਟਿਆਂ ਬੱਧੀ ਗੱਲਾਂ ਕਰਨੀਆਂ। "ਲਾਣੇਦਾਰਾ ਤੇਰੇ ਤੇ ਕਦੀ ਭੀੜ ਪਈ ਤਾਂ ਭਾਵੇਂ ਜਾਨ ਲੇਖੇ ਲਵਾਂ ਲਵੀਂ। ਬਾਪੂ ਜੀ ਨੇਂ ਕਹਿਣਾ," ਉਹ ਮੇਲਿਆ ਕੀ ਗੱਲਾਂ ਕਰਦਾ, ਭਰਾਵਾਂ ਵਰਗਾ ਏ ਤੂੰ, ਜਾਣਦਾ ਮੈਂ ਤੂੰ ਕਦੀ ਪਿੱਛੇ ਹਟਣ ਵਾਲਾ ਨਹੀਂ। ਫਿਰ ਬਾਬੇ ਨੇਂ ਮੋਹ ਜਿਹੇ ਆਕੇ ਕਹਿਣਾ, " ਲਾਣੇਦਾਰਾ ਭਾਵੇਂ ਦਿਲ ਲੈ ਲਵੀਂ ਮੇਰਾ, ਮੈਂ ਕਾਲਜਾ ਚੀਰਕੇ ਦੇਣ ਨੂੰ ਤਿਆਰ ਹਾਂ। ਦੂਜੇ ਦਿਨ ਅਸੀਂ ਬੜਾ ਛੇੜਨਾਂ ਬਾਬੇ ਨੂੰ, ਕਹੀ ਜਾਣਾਂ ," ਬਾਬਾ ਵੱਡੇ ਬਾਪੂ ਜੀ ਨੂੰ ਦਿਲ ਦੇਵੇਂਗਾ ਤੂੰ ? ਤਾਂ ਸੁਣ -ਸੁਣ ਉਸ ਨੇ ਹੱਸੀ ਜਾਣਾ। 

ਮੇਰੇ ਪਿੰਡ ਦੇ ਲੋਕ : ਕਿਸ਼ਤ - 2

ਮੇਰੇ ਪਿੰਡ ਦੇ ਲੋਕ - ਸੰਤ ਦੀ ਮਾਂ (1)

PunjabKesari

ਉਸ ਨੇ ਮੇਰੀ ਮਾਂ ਹੁਣਾਂ ਨੂੰ ਖੇਤੋਂ ਆਣਕੇ ਮੇਰੇ ਪਿਓ ਹੁਣਾਂ ਦੀਆਂ ਵੀ ਸਾਰੀਆਂ ਗੱਲਾਂ ਦੱਸਣੀਆਂ, ਇਹ ਛੋਟਾ ਇਓਂ ਕਰਦਾ, ਇਹ ਵੱਡਾ ਇੰਝ ਕਹਿੰਦਾ ਸੀ, ਗੱਲ ਕੀ ਬਾਬਾ ਮੇਰੀ ਮਾਂ ਅਤੇ ਤਾਈ ਦੋਵਾਂ ਲਈ ਰੇਡਿਓ ਵਰਗਾ ਸੀ। ਜਦੋਂ ਬੈਠਣਾਂ  ਬਸ ਖਬਰਾਂ ਸੁਣਾਈ ਜਾਇਆ ਕਰਨੀਆਂ। ਬਾਬੇ ਦੀ ਘਰਦੀ ਸਾਡੇ ਘਰ ਘੱਟ ਹੀ ਆਉਂਦੀ- ਜਾਂਦੀ ਸੀ ਬਸ ਜਦੋਂ ਕਦੇ ਆਉਂਦੀ ਮਾੜਾ ਮੋਟਾ , ਬਾਬੇ ਨਾਲ ਲੜਨ ਹੀ ਆਉਂਦੀ ਸੀ ।

ਸਾਰੇ ਸਾਲ ਦੇ ਪੈਸੇ ਤਾਂ ਬਾਬਾ ਵਿਚਾਰਾ ਪਹਿਲਾਂ ਹੀ ਲੈਕੇ ਘਰਦਿਆਂ ਨੂੰ ਦੇ ਦਿੰਦਾਂ ਸੀ। ਮੁੜਕੇ ਹਰ ਕੰਮ ਲਈ ਉਸ ਨੇ ਬਾਪੂ ਜੀ ਤੋਂ ਪੈਸੇ ਮੰਗਣੇਂ। ਮੇਰੇ ਪਿਓ ਤੇ ਤਾਏ ਨੇਂ ਵੀ ਕਦੇ ਉਹਦੇ ਨਾਲ ਹਿਸਾਬ ਨਹੀਂ ਸੀ ਕੀਤਾ ਬੈਠਕੇ। ਕਦੇ-ਕਦੇ ਉਸ ਨੇ ਦੁਪਹਿਰਾਂ ’ਚ ਸਾਡੇ ਵਿਹੜੇ ’ਚ ਲੱਗੀ ਨਿੰਮ ਥੱਲੇ ਮੰਜੀ ਡਾਹ ਲੈਣੀਂ ਅਤੇ ਸਾਨੂੰ ਕਹਿਣਾ, " ਆਜੋ ਮੱਲ ਓਏ ,ਤੁਹਾਨੂੰ ਰਾਜੇ ਰਸਾਲੂ ਦੀਆਂ ਕਹਾਣੀਆਂ ਸੁਣਾਵਾਂ, ਫਿਰ ਉਸ ਨੇ ਤਿੰਨ-ਤਿੰਨ ਦਿਨ ਰੋਜ਼ ਹੀ ਦੁਪਹਿਰੇ ਉਹ ਕਹਾਣੀ ਲੜੀਵਾਰ ਸੁਣਾਇਆ ਕਰਨੀਂ ਅਤੇ ਕਦੀ-ਕਦੀ ਉੱਚੀ-ਉੱਚੀ ਮਾਣਕ ਦੀਆਂ ਕਲੀਆਂ । ਮੈਨੂੰ ਤਾਂ ਕਦੇ-ਕਦੇ ਜਵਾਂ ਬਾਬਾ ਮਾਣਕ ਵਰਗਾ ਹੀ ਲੱਗਦਾ ਹੁੰਦਾ ਸੀ। ਮੈਨੂੰ ਲੱਗਦਾ ਵੀ ਬਾਬਾ ਸਾਡੇ ਨਾਲ ਘੱਟੋ -ਘੱਟ ਤੀਹ ਵਰ੍ਹੇ ਸੀਰੀ ਰਿਹਾ ਪਰ ਰਿਹਾ ਬਣਕੇ ਘਰਦਾ ਜੀਅ। ਮੇਰੀ ਭੂਆ ਦੇ ਸਹੁਰੇ ਜਿਹੜੇ ਸਾਡੇ ਪਿੰਡ ਦੇ ਨਾਲ ਸੈਣ ਅਤੇ ਤਾਇਆ ਜੀ ਦੇ ਸਹੁਰਿਆਂ ਦਾ ਪਿੰਡ ਵੀ ਨਾਲ ਹੀ ਹੋਣ ਕਰਕੇ, ਦੋਵਾਂ ਪਿੰਡਾਂ ਚ ਜਿਹੜੇ ਕੰਮ ਜਾਣਾਂ ਬਾਬੇ ਨੇਂ ਹੀ ਜਾਣਾ। 

ਇੱਕ ਦਿਨ ਫਿਰ ਉਹ ਵੀ ਆਇਆ ਜਦੋਂ ਰਾਤੀ ਸੌਂ ਕੇ ਬਾਬਾ ਸਵੇਰੇ ਉੱਠਿਆ ਹੀ ਨੀਂ। ਕਹਿਣ ਵਾਲੇ ਕਹਿੰਦੇ ਵੀ , " ਬਾਹਲੀ  ਦਰਵੇਸ਼ ਰੂਹ ਸੀ , ਜਿਹੜਾ  ਰੱਬ ਨੇਂ ਸੌਖ  ਨਾਲ ਹੀ ਚੁੱਕ ਲਿਆ ਪਰ ਮੈਂ ਸੋਚਦੀ ਹਾਂ ਦਰਵੇਸ਼ ਰੂਹ ਖੌਰੇ ਕਿੰਨੀਆਂ ਰੀਝਾਂ ਨਾਲ ਲੈਕੇ ਤੁਰ ਗਈ ਆਪਣੇ ਨਾਲ ਸਭ ਤੋਂ ਵੱਡੀ ਰੀਝ," ਭਾਈ ਕੁੜੀਓ, ਮੈਂ ਚਿੱਟੀ  ਘੋੜੀ ਤੇ ਚਿੱਟਾ ਕੁੜਤਾ ਚਾਦਰਾ ਪਾ ਕੇ ਸਾਰੇ ਪਿੰਡ ’ਚ ਗੇੜਾ ਦਿਆ ਕਰਨਾ।
 


author

rajwinder kaur

Content Editor

Related News