3 ਸਾਲ ਪਹਿਲਾਂ ਕੀਤਾ ਸੀ ਧੀ ਦੇ ਪ੍ਰੇਮੀ ਦਾ ਕਤਲ, ਹੁਣ ਹੋਇਆ ਪਰਦਾਫਾਸ਼
Monday, Aug 06, 2018 - 02:46 PM (IST)

ਖੰਨਾ (ਬਿਪਨ) : ਖੰਨਾ ਪੁਲਸ ਜ਼ਿਲ੍ਹਾ ਦੇ ਅਧੀਨ ਥਾਣਾ ਸਮਰਾਲਾ ਦੇ ਪਿੰਡ ਲੋਪੋ ਵਿਖੇ 3 ਸਾਲ ਪਹਿਲਾਂ ਨਾਜਾਇਜ਼ ਸਬੰਧਾਂ ਕਾਰਨ ਹੋਏ ਕਤਲ ਦੀ ਗੁੱਥੀ ਸੁਲਝਾ ਲਈ ਗਈ ਹੈ ਅਤੇ ਪੁਲਸ ਨੇ ਇਸ ਕਤਲ ਦੇ ਦੋਸ਼ੀ ਲੜਕੀ ਦੇ ਪਿਤਾ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਮੋਹਣ ਸਿੰਘ ਪੁੱਤਰ ਨਾਥ ਸਿੰਘ ਵਾਸੀ ਲੋਪੋ ਦੀ ਲੜਕੀ ਦੇ ਗੁਆਂਢ 'ਚ ਹੀ ਰਹਿੰਦੇ ਗੁਰਦੀਪ ਸਿੰਘ ਪੁੱਤਰ ਲਛਮਣ ਸਿੰਘ ਨਾਲ ਨਾਜਾਇਜ਼ ਸਬੰਧ ਬਣ ਗਏ। ਇਹ ਗੱਲ ਮੋਹਣ ਸਿੰਘ ਨੂੰ ਰਾਸ ਨਾ ਆਈ ਤੇ ਉਸ ਨੇ 22-05-2015 ਨੂੰ ਗੁਰਦੀਪ ਸਿੰਘ ਨੂੰ ਪਿੰਡ ਦੇ ਬਾਹਰ ਖੇਤਾਂ 'ਚ ਬੁਲਾ ਲਿਆ। ਮੋਹਣ ਸਿੰਘ ਨੇ ਗੁਰਦੀਪ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਗੁਰਦੀਪ ਨੇ ਉਸ ਨੂੰ ਧਮਕੀ ਦਿੱਤੀ ਕਿ ਉਸ ਕੋਲ ਉਸ ਦੀ ਧੀ ਦੀਆਂ ਅਸ਼ਲੀਲ ਤਸਵੀਰਾਂ ਹਨ, ਜਿਨ੍ਹਾਂ ਨੂੰ ਉਹ ਸੋਸ਼ਲ ਮੀਡੀਆ 'ਤੇ ਪਾ ਦੇਵੇਗਾ।
ਇਸ ਗਲ ਤੋਂ ਗੁੱਸੇ 'ਚ ਆਏ ਮੋਹਣ ਸਿੰਘ ਨੇ ਗੁਰਦੀਪ ਸਿੰਘ ਦੇ ਗਲ 'ਚ ਟੈਲੀਫੋਨ ਦੀ ਤਾਰ ਪਾ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਸਵੇਰ ਦੀ ਸਮੇਂ ਉਸ ਦੀ ਲਾਸ਼ ਨੂੰ ਉਸ ਦੇ ਹੀ ਘਰ ਬਾਹਰ ਸੁੱਟ ਦਿੱਤਾ। ਇਸ ਘਟਨਾ ਤੋਂ ਬਾਅਦ ਪੁਲਸ ਨੇ ਦੋਸ਼ੀ ਮੋਹਣ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਪੂਰੀ ਡੂੰਘਾਈ ਨਾਲ ਜਾਂਚ ਕੀਤੀ ਤੇ ਮੋਹਣ ਸਿੰਘ ਨੂੰ ਬੀਤੇ ਦਿਨ ਗ੍ਰਿਫਤਾਰ ਕਰ ਲਿਆ। ਮੋਹਣ ਸਿੰਘ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ ਅਤੇ ਪੁਲਸ ਵਲੋਂ ਦੋਸ਼ੀ ਖਿਲਾਫ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।