ਰੂਪਨਗਰ 'ਚ ਵੱਡੀ ਵਾਰਦਾਤ, ਸ਼ਰੇਆਮ ਵੱਢਿਆ ਨੌਜਵਾਨ (ਵੀਡੀਓ)
Wednesday, Jun 27, 2018 - 07:17 PM (IST)
ਰੋਪੜ (ਵਿਜੇ, ਸੱਜਣ ਸੈਣੀ) : ਬੀਤੀ ਦੇਰ ਰਾਤ ਰੂਪਨਗਰ ਦੇ ਡੀ. ਏ. ਵੀ. ਸਕੂਲ ਨਜ਼ਦੀਕ ਇਕ ਨੌਜਵਾਨ 'ਤੇ ਕੁਝ ਲੜਕਿਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕਤਲ ਕਰਨ ਵਾਲੇ ਦੋਸ਼ੀ ਅਜੇ ਵੀ ਫਰਾਰ ਹਨ ਅਤੇ ਕਤਲ ਦੀ ਵਜ੍ਹਾ 10 ਸਾਲ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ। ਪੁਲਸ ਨੇ ਮ੍ਰਿਤਕ ਨੌਜਵਾਨ ਦੇ ਭਰਾ ਦੇ ਬਿਆਨਾਂ 'ਤੇ ਕਾਤਲਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਵਲੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਮ੍ਰਿਤਕ ਨੌਜਵਾਨ ਦੀ ਪਛਾਣ ਕਮਲ ਸ਼ਰਮਾ ਦੇ ਰੂਪ ਵਿਚ ਹੋਈ ਹੈ। ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਮਲ ਦੇ ਸਿਰ ਅਤੇ ਸਰੀਰ ਦੇ ਹੋਰ ਹਿੱਸਿਆ 'ਤੇ ਕਈ ਵਾਰ ਕੀਤੇ ਜਿਸ ਕਾਰਨ ਕਮਲ ਦੀ ਮੌਕੇ 'ਤੇ ਹੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਕਮਲ ਦਾ ਭਰਾ ਅਤੇ ਦੋਸਤ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਵੱਲੋਂ ਕਮਲ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ । ਪੁਲਸ ਵੱਲੋਂ ਮ੍ਰਿਤਕ ਦੇ ਭਰਾ ਜਤਿੰਦਰ ਸ਼ਰਮਾ ਦੇ ਬਿਆਨਾਂ 'ਤੇ ਹਮਲਾਵਰਾਂ ਖਿਲਾਫ ਕਤਲ ਅਤੇ ਹੋਰ ਧਰਾਵਾਂ ਤਹਿਤ ਮਾਮਲਾ ਦਰਜ ਕਰਨ ਮਗਰੋ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤਾ ਗਿਆ ਹੈ।
ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸ ਦੇ ਭਰਾ ਦਾ ਪੀ. ਜੀ. ਆਈ. ਤੋਂ ਇਲਾਜ ਚੱਲ ਰਿਹਾ ਸੀ ਅਤੇ ਬੀਤੀ ਰਾਤ ਜਦੋਂ ਉਹ ਆਪਣੇ ਦੋਸਤਾਂ ਨਾਲ ਸ਼ਹਿਰ ਵਿਚ ਸੈਰ ਕਰਨ ਗਿਆ ਤਾਂ ਉਸ 'ਤੇ ਕੁਝ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਸ ਨੇ ਦੱਸਿਆ ਕਿ ਇਹ ਹਮਲਾ 10 ਸਾਲ ਪੁਰਾਣਈ ਰੰਜਿਸ਼ ਨੂੰ ਲੈ ਕੇ ਕੀਤਾ ਗਿਆ ਹੈ। 10 ਸਾਲ ਪਹਿਲਾ ਹਮਲਾਵਰਾਂ ਨਾਲ ਉਸ ਦੇ ਭਰਾ ਦਾ ਮਾਮੂਲੀ ਝਗੜਾ ਹੋ ਗਿਆ ਸੀ ਜਿਸ ਦਾ ਸਮਝੌਤਾ ਵੀ ਹੋ ਗਿਆ ਸੀ। ਮ੍ਰਿਤਕ ਦੇ ਵੱਡੇ ਭਰਾਂ ਦੀ ਵੀ 2015 ਵਿਚ ਨਸ਼ੇ ਦੀ ਓਵਰਡੋਜ ਕਰਕੇ ਮੋਤ ਹੋ ਚੁੱਕੀ ਹੈ ਤੇ ਪਰਿਵਾਰ ਉਸ ਨੂੰ ਕਤਲ ਦੱਸ ਰਿਹਾ ਹੈ।