ਜਗਰਾਓਂ 'ਚ ਬੇਰਹਿਮੀ ਨਾਲ ਮਾਂ-ਪੁੱਤ ਦਾ ਕਤਲ, ਕਮਰੇ ਅੰਦਰੋਂ ਮਿਲੀਆਂ ਲਾਸ਼ਾਂ

Saturday, Dec 07, 2019 - 07:57 PM (IST)

ਜਗਰਾਓਂ 'ਚ ਬੇਰਹਿਮੀ ਨਾਲ ਮਾਂ-ਪੁੱਤ ਦਾ ਕਤਲ, ਕਮਰੇ ਅੰਦਰੋਂ ਮਿਲੀਆਂ ਲਾਸ਼ਾਂ

ਰਾਏਕੋਟ,(ਭੱਲਾ)— ਜਗਰਾਓਂ ਦੇ ਪਿੰਡ ਬਸਰਾਵਾਂ 'ਚ ਅਣਪਛਾਤੇ ਵਲੋਂ ਪਿੰਡ 'ਚ ਰਹਿੰਦੇ ਮਾਂ ਤੇ ਉਸ ਦੇ ਪੁੱਤਰ ਦਾ ਤੇਜ਼ਧਾਰ ਹਥਿਆਰ ਨਾਲ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕਾ ਗੁਰਜੀਤ ਕੌਰ (55) ਪਤਨੀ ਸਵਰਗੀ ਅਮਰੀਕ ਸਿੰਘ ਤੇ ਉਸਦਾ ਅਪਾਹਜ ਪੁੱਤਰ ਪ੍ਰਦੀਪ ਸਿੰਘ (26) ਪਿੰਡ 'ਚ ਬਣੇ ਇਕ ਕਮਰੇ ਵਾਲੇ ਘਰ 'ਚ ਇਕੱਲੇ ਹੀ ਰਹਿੰਦੇ ਸਨ। ਅੱਜ ਜਦੋਂ ਉਨ੍ਹਾਂ ਦੀ ਰਿਸ਼ਤੇਦਾਰੀ 'ਚੋਂ ਆਈ ਇਕ ਲੜਕੀ ਨੇ ਉਨ੍ਹਾਂ ਦੇ ਘਰ ਦਾ ਬਾਹਰਲਾ ਗੇਟ ਖੜਕਾਇਆ ਤਾਂ ਕਾਫੀ ਦੇਰ ਤਕ ਕੋਈ ਵੀ ਗੇਟ ਖੋਲ੍ਹਣ ਲਈ ਬਾਹਰ ਨਹੀਂ ਆਇਆ।
ਕਿਸੇ ਦੇ ਬਾਹਰ ਨਾ ਨਿਕਲਣ 'ਤੇ ਉਸ ਨੇ ਨੇੜੇ ਮਨਰੇਗਾ ਤਹਿਤ ਕੰਮ ਕਰ ਰਹੀਆਂ ਕੁਝ ਔਰਤਾਂ ਕੋਲੋਂ ਮਦਦ ਮੰਗੀ, ਜਿਸ ਦੌਰਾਨ ਗੁਰਮੀਤ ਕੌਰ ਨੇ ਘਰ ਦੇ ਪਿਛਲੇ ਖੁਲ੍ਹੇ ਹਿੱਸੇ ਅੰਦਰ ਜਾ ਕੇ ਘਰ 'ਚ ਬਣੇ ਇਕ ਕਮਰੇ ਦੀ ਖਿੜਕੀ ਰਾਹੀਂ ਦੇਖਿਆ ਤਾਂ ਕਮਰੇ ਅੰਦਰ ਮਾਂ-ਪੁੱਤ ਦੀਆਂ ਲਾਸ਼ਾਂ ਪਈਆਂ ਹੋਈਆਂ ਸਨ। ਜਿਸ ਨੂੰ ਦੇਖ ਉਨ੍ਹਾਂ ਦੇ ਹੋਸ਼ ਉਡ ਗਏ ਤੇ ਉਨ੍ਹਾਂ ਵਲੋਂ ਰੌਲਾ ਪਾਉਣ 'ਤੇ ਆਲੇ-ਦੁਆਲੇ ਦੇ ਲੋਕ ਵੀ ਇਕੱਠੇ ਹੋ ਗਏ ਤੇ ਪੁਲਸ ਨੂੰ ਇਸਦੀ ਸੂਚਨਾ ਦਿੱਤੀ ਗਈ।

PunjabKesari
ਥਾਣਾ ਸਦਰ ਮੁਖੀ ਨਿਧਾਨ ਸਿੰਘ ਤੇ ਥਾਣਾ ਸਿਟੀ ਇੰਚਾਰਜ ਅਮਰਜੀਤ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਦੇਖਿਆ ਤਾਂ ਮਾਂ ਦੀ ਲਾਸ਼ ਕਮਰੇ 'ਚ ਪਏ ਮੰਜੇ 'ਤੇ ਪਈ ਸੀ ਤੇ ਪੁੱਤਰ ਦੀ ਲਾਸ਼ ਜ਼ਮੀਨ 'ਤੇ ਪਈ ਹੋਈ ਸੀ। ਦੋਨਾਂ ਲਾਸ਼ਾਂ 'ਤੇ ਤੇਜ਼ਧਾਰ ਹਥਿਆਰ ਦੇ ਜ਼ਖਮ ਸਨ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਡੀ. ਐੱਸ. ਪੀ. ਦਿਲਬਾਗ ਸਿੰਘ ਵੀ ਘਟਨਾ ਵਾਲੀ ਥਾਂ 'ਤੇ ਪੁੱਜੇ ਤੇ ਘਟਨਾ ਦਾ ਜਾਇਜ਼ਾ ਲਿਆ। ਮੌਕੇ 'ਤੇ ਮੌਜੂਦ ਕੁਝ ਪਿੰਡ ਵਾਸੀਆਂ ਨੇ ਦੱਸਿਆ ਕਿ ਮਾਂ-ਪੁੱਤਰ ਕਾਫੀ ਗਰੀਬ ਸਨ ਤੇ ਉਨ੍ਹਾਂ ਕੋਲ 4 ਵਿਘੇ ਦੇ ਕਰੀਬ ਜ਼ਮੀਨ ਸੀ। ਪੁਲਸ ਵੱਲੋਂ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ।


author

KamalJeet Singh

Content Editor

Related News