ਮਹਿੰਦੀ ਲੱਥਣ ਤੋਂ ਪਹਿਲਾਂ ਨਵ-ਵਿਆਹੁਤਾ ਚੜ੍ਹੀ ਦਾਜ ਦੀ ਬਲੀ, ਪਤੀ ਤੇ ਸੱਸ-ਸਹੁਰੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ

08/18/2023 8:57:56 PM

ਮਲੋਟ (ਸ਼ਾਮ ਜੁਨੇਜਾ) : ਸਮਾਜ 21ਵੀਂ ਸਦੀ ਨੂੰ ਪਾਰ ਕਰਦਾ ਜਾ ਰਿਹਾ ਹੈ ਪਰ ਦੇਸ਼ ਅੰਦਰ ਮਾੜੀਆਂ ਅਲਾਮਤਾਂ ਅਜੇ ਤੱਕ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ, ਜਿਸ ਕਰਕੇ ਅਜੇ ਵੀ ਲੜਕੀਆਂ ਦਾਜ ਵਰਗੀ ਭਿਆਨਕ ਸਮਾਜਿਕ ਬਿਮਾਰੀ ਦੀ ਭੇਟ ਚੜ੍ਹ ਰਹੀਆਂ ਹਨ। ਤਾਜ਼ਾ ਮਾਮਲਾ ਮਲੋਟ ਨਜ਼ਦੀਕੀ ਪਿੰਡ ਔਲਖ ਦਾ ਹੈ, ਜਿੱਥੇ ਦਾਜ ਦੇ ਲਾਲਚ 'ਚ 6 ਮਹੀਨੇ ਪਹਿਲਾਂ ਡੋਲੀ ਬਹਿ ਕੇ ਆਈ ਵਿਆਹੁਤਾ ਦਾ ਸਹੁਰਿਆਂ ਨੇ ਕਤਲ ਕਰ ਦਿੱਤਾ। ਇਸ ਮਾਮਲੇ 'ਚ ਸਦਰ ਮਲੋਟ ਪੁਲਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ 'ਤੇ ਉਸ ਦੇ ਪਤੀ ਤੇ ਸੱਸ-ਸਹੁਰੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਹਿਮਾਚਲ 'ਚ ਤਬਾਹੀ ਦਾ ਮੰਜ਼ਰ: 4 ਦਿਨਾਂ 'ਚ 66 ਲੋਕਾਂ ਦੀ ਮੌਤ, 6.75 ਅਰਬ ਦੀ ਜਾਇਦਾਦ ਦਾ ਨੁਕਸਾਨ

ਇਸ ਸਬੰਧੀ ਥਾਣਾ ਸਦਰ ਮਲੋਟ ਦੇ ਮੁੱਖ ਅਫ਼ਸਰ ਇੰਸਪੈਕਟਰ ਜਸਵੀਰ ਸਿੰਘ ਨੇ ਦੱਸਿਆ ਕਿ ਅਮਨਦੀਪ ਸਿੰਘ ਪੁੱਤਰ ਰਾਜ ਕੁਮਾਰ ਸਿੰਘ ਵਾਸੀ ਭਗਤੂਆਣਾ ਨੇੜੇ ਸੰਗਰੀਆਂ ਨੇ ਦੱਸਿਆ ਕਿ ਉਸ ਦੀ ਭੈਣ ਰਮਨਦੀਪ ਕੌਰ ਦਾ ਵਿਆਹ ਇਸ ਸਾਲ 9 ਫਰਵਰੀ ਨੂੰ ਰਣਜੀਤ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਔਲਖ ਨਾਲ ਹੋਇਆ ਸੀ। ਵਿਆਹ 'ਚ ਉਨ੍ਹਾਂ ਕਾਰ ਸਮੇਤ ਦਾਜ ਦਾ ਸਾਰਾ ਸਾਮਾਨ ਦਿੱਤਾ ਸੀ ਪਰ ਥੋੜ੍ਹੇ ਦਿਨਾਂ ਬਾਅਦ ਹੀ ਸਹੁਰਾ ਪਰਿਵਾਰ ਰਮਨਦੀਪ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਅਤੇ ਕੁੱਟਮਾਰ ਕਰਨ ਲੱਗ ਪਿਆ ਤੇ ਉਹ ਮੰਗਾਂ ਪੂਰੀਆਂ ਕਰਦੇ ਰਹੇ। ਕੱਲ੍ਹ ਵੀ ਰਮਨਦੀਪ ਕੌਰ ਦੀ ਕੁੱਟਮਾਰ ਕੀਤੀ ਗਈ। ਇਸ ਸਬੰਧੀ ਉਸ ਨੇ ਫੋਨ ਕਰਕੇ ਪੇਕੇ ਘਰ ਦੱਸਿਆ ਸੀ। ਉਸ ਤੋਂ ਬਾਅਦ ਉਨ੍ਹਾਂ ਫੋਨ ਕੀਤਾ ਪਰ ਸੰਪਰਕ ਨਹੀਂ ਹੋ ਸਕਿਆ। ਜਦੋਂ ਉਨ੍ਹਾਂ ਨੇ ਪਿੰਡ ਔਲਖ ਪੁੱਜ ਕੇ ਵੇਖਿਆ ਤਾਂ ਰਮਨਦੀਪ ਕੌਰ ਦਾ ਕਤਲ ਕਰ ਦਿੱਤਾ ਗਿਆ ਸੀ। ਕਤਲ ਤੋਂ ਪਹਿਲਾਂ ਉਸ ਨੂੰ ਬੈਲਟਾਂ ਨਾਲ ਕੁੱਟਿਆ ਗਿਆ, ਜਿਸ ਦੇ ਨਿਸ਼ਾਨ ਉਸ ਦੀ ਪਿੱਠ 'ਤੇ ਸਨ।

ਇਹ ਵੀ ਪੜ੍ਹੋ : ਧੀ-ਜਵਾਈ ਦੀ ਦਿੱਤੀ ਸੀ ਸੁਪਾਰੀ, ਪੈ ਗਈ ਉਲਟੀ, ਸੁਪਾਰੀ ਦੇਣ ਵਾਲਿਆਂ ਦਾ ਹੀ ਹੋ ਗਿਆ ਕਤਲ

ਅਮਨਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਦਾ ਕਤਲ ਕੀਤਾ ਗਿਆ ਹੈ, ਜਿਸ ਲਈ ਉਸ ਦਾ ਪਤੀ ਰਣਜੀਤ ਸਿੰਘ, ਸਹੁਰਾ ਸੁੱਚਾ ਸਿੰਘ ਤੇ ਸੱਸ ਕੁਲਦੀਪ ਕੌਰ ਜ਼ਿੰਮੇਵਾਰ ਹਨ। ਸਦਰ ਮਲੋਟ ਪੁਲਸ ਨੇ ਅਮਨਦੀਪ ਸਿੰਘ ਦੇ ਬਿਆਨਾਂ 'ਤੇ ਤਿੰਨਾਂ ਵਿਰੁੱਧ ਅ/ਧ 304 ਬੀ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦਾ ਪੋਸਟਮਾਰਟਮ ਕਰਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News