ਭਵਾਨੀਗੜ੍ਹ 'ਚ ਵੱਡੀ ਵਾਰਦਾਤ, 1200 ਰੁਪਏ ਬਦਲੇ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ
Tuesday, Mar 07, 2023 - 12:28 PM (IST)
ਭਵਾਨੀਗੜ੍ਹ (ਕਾਂਸਲ) : ਬੀਤੀ ਰਾਤ ਨੇੜਲੇ ਪਿੰਡ ਦਿਆਲਪੁਰਾ ਦੇ ਰਹਿਣ ਇਕ ਵਿਅਕਤੀ ਨੂੰ ਪਿੰਡ ਜੌਲੀਆਂ ਵਿਖੇ ਕੁਝ ਵਿਅਕਤੀਆਂ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕਰਕੇ ਮੌਤ ਦੇ ਘਾਟ ਉਤਾਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਅਜੈਬ ਸਿੰਘ ਪੁੱਤਰ ਬਲਬੀਰ ਸਿੰਘ ਵਜੋਂ ਹੋਈ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਅਜੈਬ ਸਿੰਘ ਦੇ ਮੁੰਡੇ ਰਾਮ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। ਬੀਤੀ ਰਾਤ ਜਦੋਂ ਅਜੈਬ ਸਿੰਘ ਆਪਣੀ ਦਿਹਾੜੀ ਕਰਕੇ ਮੋਟਰਸਾਈਕਲ ਰਾਹੀਂ ਘਰ ਪਰਤ ਰਿਹਾ ਸੀ ਤਾਂ ਰਾਹ ’ਚ ਪਿੰਡ ਜੌਲੀਆਂ ਵਿਖੇ ਕਥਿਤ ਤੌਰ ‘ਤੇ ਨਸ਼ੇ ਵੇਚਣ ਦਾ ਗੋਰਖ ਧੰਦਾ ਕਰਦੇ ਵਿਅਕਤੀਆਂ ਨੇ ਉਸ ਦੇ ਪਿਤਾ ਨੂੰ ਘੇਰ ਕੇ ਉਸ ਦੀ ਬਹੁਤ ਬੇਰਹਿਮੀ ਨਾਲ ਕੁੱਟਮਾਰ ਕੀਤੀ ਤੇ ਉਸ ਤੋਂ 1200 ਦੇ ਕਰੀਬ ਦੀ ਨਗਦੀ ਤੇ ਮੋਟਰਸਾਈਕਲ ਖੋਹ ਲਿਆ। ਉਕਤ ਵਿਅਕਤੀ ਅਜੈਬ ਸਿੰਘ ਨੂੰ ਗੰਭੀਰ ਰੂਪ ’ਚ ਜ਼ਖ਼ਮੀ ਕਰਕੇ ਰਾਹ ’ਚ ਸੁੱਟ ਕੇ ਮੌਕੇ ਤੋਂ ਫਰਾਰ ਹੋ ਗਏ।
ਇਹ ਵੀ ਪੜ੍ਹੋ- ਪ੍ਰੇਮੀ ਨਾਲ ਫ਼ਰਾਰ ਹੋਈ ਪਤਨੀ ਨੂੰ ਦਿੱਤੀ ਖ਼ੌਫਨਾਕ ਸਜ਼ਾ, ਕੁਹਾੜੀ ਨਾਲ ਵੱਢ ਕੇ ਕੀਤਾ ਕਤਲ
ਰਾਮ ਸਿੰਘ ਦੱਸਿਆ ਕਿ ਕਿਸੇ ਰਾਹਗੀਰ ਨੇ ਜਦੋਂ ਉਸ ਦੇ ਪਿਤਾ ਨੂੰ ਜ਼ਖ਼ਮੀ ਹਾਲਤ ’ਚ ਦੇਖਿਆ ਤਾਂ ਉਸ ਨੇ ਅਜੈਬ ਸਿੰਘ ਦੀ ਜੇਬ ’ਚੋਂ ਉਸ ਦਾ ਮੋਬਾਇਲ ਕੱਢ ਕੇ ਪਰਿਵਾਰ ਨੂੰ ਇਸ ਸਬੰਧੀ ਸੂਚਿਤ ਕੀਤਾ। ਜਿਸ ਤੋਂ ਬਾਅਦ ਪਰਿਵਾਰ ਨੇ ਅਜੈਬ ਸਿੰਘ ਗੰਭੀਰ ਜ਼ਖ਼ਮੀ ਹਾਲਤ ’ਚ ਇਲਾਜ ਲਈ ਸਥਾਨਕ ਹਸਪਤਾਲ ਵਿਖੇ ਲਿਆਂਦੇ। ਜਿੱਥੇ ਡਾਕਟਰਾਂ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਮੁੱਢਲੀ ਸਹਾਇਤਾ ਦੇਣ ਉਪਰੰਤ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ। ਜਿੱਥੇ ਜ਼ਖ਼ਮਾਂ ਦੀ ਤਾਂਬ ਨਾ ਝੱਲਦਿਆਂ ਅਜੈਬ ਸਿੰਘ ਨੇ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ- ਪਿੰਡ ਖੁੱਡੀਆਂ ’ਚ ਬੇਅਦਬੀ ਦੀ ਕੋਸ਼ਿਸ਼, ਮਹਾਰਾਜ ਦੀ ਤਾਬਿਆ ’ਚ ਬੈਠੇ ਗ੍ਰੰਥੀ ’ਤੇ ਹਮਲਾ ਕਰਨ ਦੀ ਕੋਸ਼ਿਸ਼
ਅੱਜ ਸਥਾਨਕ ਪੁਲਸ ਸਟੇਸ਼ਨ ਅੱਗੇ ਇਕੱਠੇ ਹੋਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਹੋਰ ਪਿੰਡ ਵਾਸੀਆਂ ਜਿਨ੍ਹਾਂ ’ਚ ਮ੍ਰਿਤਕ ਦੇ ਪੁੱਤਰ ਰਾਮ ਸਿੰਘ, ਕਿਸਾਨ ਆਗੂ ਗਮਦੂਰ ਸਿੰਘ, ਨਛੱਤਰ ਸਿੰਘ ਸਾਬਕਾ ਪੰਚ, ਵਰਿੰਦਰ ਸਿੰਘ ਸਿੱਧੂ, ਬੱਬੂ ਸਿੰਘ ਤੇ ਲਖਵਿੰਦਰ ਸਿੰਘ ਨੇ ਮੰਗ ਕੀਤੀ ਕਿ ਅਜੈਬ ਸਿੰਘ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਇਨ੍ਹਾਂ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ।
ਇਸ ਸਬੰਧੀ ਸਥਾਨਕ ਥਾਣਾ ਮੁਖੀ ਇੰਸਪੈਕਟਰ ਜਸਪ੍ਰੀਤ ਸਿੰਘ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ ਤੇ ਐਜਬ ਸਿੰਘ ਦੀ ਮੌਤ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।