ਕਪੂਰਥਲਾ: ਦੋਹਰੇ ਕਤਲਕਾਂਡ ਦਾ ਮਾਮਲਾ ਸੁਲਝਿਆ, ਪੋਤਿਆਂ ਨੇ ਹੀ ਕੀਤਾ ਸੀ ਦਾਦੀ ਤੇ ਪਿਓ ਦਾ ਕਤਲ
Saturday, Dec 04, 2021 - 03:10 PM (IST)
ਕਪੂਰਥਲਾ/ਸੁਭਾਨਪੁਰ (ਭੂਸ਼ਣ/ਸਤਨਾਮ)- ਜ਼ਿਲ੍ਹਾ ਪੁਲਸ ਨੇ ਥਾਣਾ ਸੁਭਾਨਪੁਰ ਦੇ ਪਿੰਡ ਜੈਰਾਮਪੁਰ ਵਿਖੇ ਇਸ ਸਾਲ ਦੀ 14 ਮਾਰਚ ਦੀ ਰਾਤ ਮਾਂ-ਪੁੱਤ ਦੀ ਸੜ ਕੇ ਹੋਈ ਸ਼ੱਕੀ ਮੌਤ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਇਸ ਮਾਮਲੇ ਵਿਚ ਪੁਲਸ ਨੇ ਇਕ ਹੀ ਪਰਿਵਾਰ ਦੇ 3 ਮੈਂਬਰਾਂ ਸਮੇਤ 6 ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਛਾਪਾਮਾਰੀ ਦੌਰਾਨ ਇਸ ਦੋਹਰੇ ਕਤਲਕਾਂਡ ਨੂੰ ਅੰਜਾਮ ਦੇਣ ਵਾਲੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਬਾਕੀ ਮੁਲਜ਼ਮਾਂ ਦੀ ਭਾਲ ’ਚ ਛਾਪੇਮਾਰੀ ਦਾ ਦੌਰ ਜਾਰੀ ਹੈ।
ਕੀ ਹੈ ਪੂਰਾ ਮਾਮਲਾ
ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ 14-15 ਮਾਰਚ 2021 ਨੂੰ ਥਾਣਾ ਸੁਭਾਨਪੁਰ ਦੇ ਤਹਿਤ ਆਉਂਦੇ ਪਿੰਡ ਜੈਰਾਮਪੁਰ ’ਚ ਹਰਭਜਨ ਕੌਰ ਪਤਨੀ ਪੂਰਨ ਸਿੰਘ ਅਤੇ ਉਸ ਦਾ ਪੁੱਤਰ ਹਰਵਿੰਦਰ ਸਿੰਘ ਘਰ ’ਚ ਸ਼ੱਕੀ ਹਾਲਾਤਾਂ ’ਚ ਅੱਗ ਲੱਗਣ ਕਾਰਨ ਮੌਤ ਦਾ ਸ਼ਿਕਾਰ ਹੋ ਗਏ ਸਨ। ਇਸ ਮਾਮਲੇ ’ਚ ਪੁਲਸ ਨੇ ਦੋਵੇਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ 174 ਦੇ ਅਧੀਨ ਕਾਰਵਾਈ ਕੀਤੀ ਸੀ। ਐੱਸ. ਐੱਸ. ਪੀ. ਨੇ ਦੱਸਿਆ ਕਿ 2 ਦਸੰਬਰ 2021 ਨੂੰ ਗੁਰਜੀਤ ਕੌਰ ਪਤਨੀ ਗੁਰਦੀਪ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਪਿੰਡ ਜੱਲੂਪੁਰ ਖੈੜਾ ਥਾਣਾ ਖਲਚੀਆਂ ਜ਼ਿਲਾ ਅੰਮ੍ਰਿਤਸਰ ਨੇ ਥਾਣਾ ਸੁਭਾਨਪੁਰ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਸ ਦੀ ਮਾਤਾ ਹਰਭਜਨ ਕੌਰ ਅਤੇ ਭਰਾ ਹਰਵਿੰਦਰ ਸਿੰਘ ਦਾ ਕਤਲ ਹੋਇਆ ਹੈ। ਜਿਸ ’ਤੇ ਥਾਣਾ ਸੁਭਾਨਪੁਰ ਦੀ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ 6 ਮੁਲਜ਼ਮਾਂ ਸੁਰਿੰਦਰ ਕੌਰ ਪਤਨੀ ਹਰਵਿੰਦਰ ਸਿੰਘ, ਉਸ ਦੇ ਦੋਹਾਂ ਪੁੱਤਰਾਂ ਚੰਨਵੀਰ ਸਿੰਘ ਅਤੇ ਨਵਰੂਪ ਸਿੰਘ ਪੁੱਤਰ ਹਰਵਿੰਦਰ ਸਿੰਘ, ਹਰਜੋਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਸਾਰੇ ਵਾਸੀ ਭਗਵਾਨਪੁਰ, ਬਲਵਿੰਦਰ ਸਿੰਘ ਅਤੇ ਪਲਵਿੰਦਰ ਸਿੰਘ ਵਾਸੀ ਅੰਮ੍ਰਿਤਸਰ ਖ਼ਿਲਾਫ਼ ਧਾਰਾ 302, 120-ਬੀ, 34 ਆਈ. ਪੀ. ਸੀ. ਦੇ ਤਹਿਤ ਮਾਮਲਾ ਦਰਜ ਕਰ ਲਿਆ।
ਇਹ ਵੀ ਪੜ੍ਹੋ: ਕਾਂਸਟੇਬਲ ਫਰਜ਼ੀਵਾੜਾ ਮਾਮਲਾ, ਜਲੰਧਰ ’ਚ ਪ੍ਰਦਰਸ਼ਨ ਕਰ ਰਹੇ ਮੁੰਡੇ-ਕੁੜੀਆਂ ’ਤੇ ਪੁਲਸ ਨੇ ਕੀਤਾ ਲਾਠੀਚਾਰਜ
ਉਨ੍ਹਾਂ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਲਈ ਡੀ. ਐੱਸ. ਪੀ. ਭੁਲੱਥ ਅਮਰੀਕ ਸਿੰਘ ਚਾਹਲ ਦੀ ਨਿਗਰਾਨੀ ’ਚ ਇਕ ਵਿਸ਼ੇਸ਼ ਟੀਮ ਜਿਸ ’ਚ ਸਰਕਲ ਇੰਸਪੈਕਟਰ ਹਰਮੇਲ ਸਿੰਘ, ਥਾਣਾ ਸੁਭਾਨਪੁਰ ਦੇ ਐੱਸ. ਐੱਚ. ਓ. ਸੁਰਜੀਤ ਸਿੰਘ ਅਤੇ ਥਾਣਾ ਢਿੱਲਵਾਂ ਦੇ ਐੱਸ. ਐੱਚ. ਓ. ਸੁਖਵਿੰਦਰ ਸਿੰਘ ਨੂੰ ਸ਼ਾਮਲ ਕਰਕੇ ਨਾਮਜ਼ਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ ਗਏ। ਜਾਂਚ ਦੌਰਾਨ ਖ਼ੁਲਾਸਾ ਹੋਇਆ ਕਿ ਮ੍ਰਿਤਕਾ ਹਰਭਜਨ ਕੌਰ ਅਤੇ ਉਸ ਦੇ ਮੁੰਡੇ ਹਰਵਿੰਦਰ ਸਿੰਘ ਦਾ ਘਰੇਲੂ ਕਲੇਸ਼ ਆਪਣੀ ਨੂੰਹ ਸੁਰਿੰਦਰ ਕੌਰ ਪਤਨੀ ਹਰਵਿੰਦਰ ਸਿੰਘ ਅਤੇ ਪੋਤਰੇ ਨਵਰੂਪ ਸਿੰਘ ਅਤੇ ਚੰਨਵੀਰ ਸਿੰਘ ਵਾਸੀ ਭਗਵਾਨਪੁਰ ਥਾਣਾ ਭੁਲੱਥ ਨਾਲ ਚੱਲਦਾ ਸੀ। ਜਿਸ ਕਾਰਨ ਹਰਭਜਨ ਕੌਰ ਆਪਣੇ ਲੜਕੇ ਹਰਵਿੰਦਰ ਸਿੰਘ ਨਾਲ ਆਪਣੇ ਪੇਕੇ ਘਰ ਜੈਰਾਮਪੁਰ ਵਿਖੇ ਰਹਿੰਦੀ ਸੀ ਅਤੇ ਫਰਵਰੀ 2021 ’ਚ ਉਸ ਨੇ ਆਪਣੀ 4 ਕਿੱਲੇ ਜ਼ਮੀਨ ਠੇਕੇ ’ਤੇ ਆਪਣੇ ਪੋਤਿਆਂ ਨੂੰ ਨਾ ਦੇਣ ਦੇ ਨਾਲ-ਨਾਲ ਉਸ ਦੇ ਘਰ ਭਗਵਾਨਪੁਰ ’ਚ ਰੱਖੇ ਪਸ਼ੂਆਂ ਨੂੰ ਵੀ ਜੈਰਾਮਪੁਰ ਲਿਆਉਣ ਵਾਸਤੇ ਆਪਣੇ ਪੋਤਿਆਂ ਨੂੰ ਕਹਿ ਦਿੱਤਾ। ਜਿਸ ’ਤੇ ਉਸਦੇ ਪੋਤੇ ਨਵਰੂਪ ਸਿੰਘ ਨੇ ਆਪਣੀ ਦਾਦੀ ਹਰਭਜਨ ਕੌਰ ਦੇ ਚਪੇਡ਼ਾਂ ਮਾਰ ਦਿੱਤੀਆਂ ਸਨ।
ਇਸ ਦੇ ਬਾਅਦ ਜਦੋਂ ਇਹ ਮਾਮਲਾ ਪੰਚਾਇਤ ਦੇ ਕੋਲ ਪੁੱਜਾ ਤਾਂ ਪੰਚਾਇਤ ਦੇ ਕਹਿਣ ’ਤੇ ਨਵਰੂਪ ਸਿੰਘ ਨੇ ਆਪਣੀ ਦਾਦੀ ਹਰਭਜਨ ਕੌਰ ਕੋਲੋਂ ਮਾਫੀ ਮੰਗੀ ’ਤੇ ਹਰਭਜਨ ਕੌਰ ਨੇ ਨਵਰੂਪ ਸਿੰਘ ਦੇ ਜੁੱਤੀਆਂ ਮਾਰੀਆਂ ਸਨ, ਜਿਸ ਦੀ ਰੰਜਿਸ਼ ’ਚ ਨਵਰੂਪ ਸਿੰਘ ਨੇ ਆਪਣੇ ਬੇਇਜ਼ਤੀ ਮਹਿਸੂਸ ਕੀਤੀ। ਇਸੇ ਹੀ ਰੰਜਿਸ਼ 'ਤੇ ਘਰ ਦੀ ਤੰਗੀ ਕਾਰਨ ਉਸ ਨੇ ਆਪਣੇ ਦੋਸਤ ਹਰਜੋਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਭਗਵਾਨਪੁਰ ਅਤੇ ਦੋ ਹੋਰ ਸਾਥੀਆਂ ਨਾਲ ਮਿਲ ਕੇ 14-15 ਮਾਰਚ 2021 ਦੀ ਰਾਤ ਨੂੰ ਪਿੰਡ ਜੈਰਾਮਪੁਰ ਡੇਰਿਆਂ ’ਚ ਪੁੱਜ ਕੇ ਆਪਣੀ ਦਾਦੀ ਹਰਭਜਨ ਕੌਰ ਅਤੇ ਆਪਣੇ ਪਿਤਾ ਹਰਵਿੰਦਰ ਸਿੰਘ ਨੂੰ ਵੱਢ ਕੇ ਕਤਲ ਕਰ ਦਿੱਤਾ। ਇਸ ਦੌਰਾਨ ਮੁਲਜ਼ਮਾਂ ਨੇ ਲਾਸ਼ਾਂ ਉੱਪਰ ਨੇੜੇ ਪਏ ਭਰੇ ਹੋਏ ਗੈਸ ਸਿਲੰਡਰ ਨੂੰ ਰੱਖਣ ਤੋਂ ਬਾਅਦ ਟਰੈਕਟਰ ’ਚੋਂ ਤੇਲ ਕੱਢ ਕੇ ਲਾਸ਼ਾਂ ਤੇ ਕਮਰੇ ’ਚ ਛਿੜਕ ਦਿੱਤਾ ਤੇ ਅੱਗ ਲਗਾ ਦਿੱਤੀ ਤਾਂ ਜੋ ਸਿਲੰਡਰ ਫੱਟ ਕੇ ਇਹ ਘਟਨਾ ਕੁਦਰਤੀ ਨਜ਼ਰ ਆਵੇ। ਇਸ ਪੂਰੀ ਜਾਂਚ ਤੋਂ ਬਾਅਦ ਥਾਣਾ ਸੁਭਾਨਪੁਰ ਪੁਲਸ ਨੇ ਛਾਪੇਮਾਰੀ ਕਰ ਕੇ ਮਾਮਲੇ ’ਚ ਸ਼ਾਮਲ ਇਕ ਮੁਲਜ਼ਮ ਹਰਜੋਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਬਾਕੀ ਮੁਲਜ਼ਮਾਂ ਦੀ ਤਲਾਸ਼ ’ਚ ਛਾਪੇਮਾਰੀ ਜਾਰੀ ਹੈ।
ਇਹ ਵੀ ਪੜ੍ਹੋ: ਬੇਰਹਿਮ ਪਿਓ ਦਾ ਹੈਵਾਨੀਅਤ ਭਰਿਆ ਕਾਰਾ, ਭੈਣ-ਭਰਾ ਤੇ ਮਾਂ ਨਾਲ ਮਿਲ ਕੇ ਕੀਤਾ ਆਪਣੇ 2 ਬੱਚਿਆਂ ਦਾ ਕਤਲ
ਐੱਸ. ਐੱਸ. ਪੀ. ਦੀ ਕ੍ਰਈਮ ਪ੍ਰਤੀ ‘ਜ਼ੀਰੋ ਟੋਲਰੈਂਸ’ ਮੁਹਿੰਮ ਨੇ ਸਲਾਖ਼ਾਂ ਪਿੱਛੇ ਡੱਕੇ ਮੁਲਜ਼ਮ
ਕਹਿੰਦੇ ਹਨ ਅਪਰਾਧੀ ਚਾਹੇ ਕਿੰਨਾ ਵੀ ਸ਼ਾਤਿਰ ਕਿਉਂ ਨਾ ਹੋਵੇ ਉਹ ਆਖਰ ਕਦੇ ਨਾ ਕਦੇ ਸਲਾਖਾਂ ਪਿੱਛੇ ਪੁੱਜ ਹੀ ਜਾਂਦਾ ਹੈ। ਇਹ ਕਹਾਵਤ ਠੀਕ ਫਿੱਟ ਬੈਠਦੀ ਹੈ ਪਿੰਡ ਜੈਰਾਮਪੁਰ ਵਿਖੇ ਮਾਂ-ਪੁੱਤ ਦੇ ਕਤਲਕਾਂਡ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ’ਤੇ। ਅਪਰਾਧਾਂ ਪ੍ਰਤੀ ‘ਜ਼ੀਰੋ ਟੋਲਰੈਂਸ’ ਮੁਹਿੰਮ ਨੂੰ ਲੈ ਕੇ ਸੂਬੇ ਭਰ ’ਚ ਜਾਣੇ ਜਾਂਦੇ ਸੀਨੀਅਰ ਪੁਲਸ ਅਧਿਕਾਰੀ ਐੱਸ. ਐੱਸ. ਪੀ. ਹਰਕਮਲਪ੍ਰੀਤ ਸਿੰਘ ਖੱਖ ਵੱਲੋਂ ਫਾਈਲਾਂ ’ਚ ਦੱਬ ਚੁੱਕੀ ਮਾਂ-ਪੁੱਤ ਦੀ ਸ਼ੱਕੀ ਮੌਤ ਦੇ ਮਾਮਲੇ ਨੂੰ ਜੇਕਰ ਫਿਰ ਤੋਂ ਖੋਲ੍ਹ ਕੇ ਇਸ ਦੀ ਡੂੰਘਾਈ ਨਾਲ ਜਾਂਚ ਨਾ ਕੀਤੀ ਜਾਂਦੀ ਤਾਂ ਸ਼ਾਇਦ ਇਸ ਖੌਫਨਾਕ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਕਦੇ ਵੀ ਸਲਾਖਾਂ ਪਿੱਛੇ ਪਹੁੰਚ ਨਹੀਂ ਪਾਉਂਦੇ।
ਦਰਅਸਲ ਇਸ ਘਿਨੌਣੇ ਦੋਹਰੇ ਕਤਲ ਨੂੰ ਅੰਜਾਮ ਦੇਣ ਵੇਲੇ ਮੁਲਜ਼ਮਾਂ ਨੇ ਇੰਨੀ ਹੁਸ਼ਿਆਰੀ ਅਤੇ ਸ਼ਾਤਿਰ ਤਰੀਕੇ ਨਾਲ ਪੂਰੀ ਵਾਰਦਾਤ ਨੂੰ ਅਮਲੀ ਜਾਮਾ ਪਹਿਨਾਇਆ ਸੀ ਕਿ ਉਸ ਨੂੰ ਵੇਖ ਕੇ ਤਾਂ ਇਹ ਘਟਨਾ ਕੁਦਰਤੀ ਹੀ ਜਾਪਦੀ ਸੀ। ਇਸ ਪੂਰੀ ਵਾਰਦਾਤ ਨੂੰ ਇਕ ਚੁਣੌਤੀ ਮੰਨਦੇ ਹੋਏ ਐੱਸ. ਐੱਸ. ਪੀ. ਕਪੂਰਥਲਾ ਹਰਕਮਲਪ੍ਰੀਤ ਸਿੰਘ ਖੱਖ ਨੇ ਪੁਲਸ ਟੀਮ ਬਣਾ ਕੇ ਆਸ-ਪਾਸ ਦੇ ਖੇਤਰਾਂ ’ਚ ਰਹਿੰਦੇ ਲੋਕਾਂ ਕੋਲੋਂ ਪੁੱਛਗਿੱਛ ਕਰਨ ’ਤੇ ਮ੍ਰਿਤਕ ਪਰਿਵਾਰ ਦੀ ਪੂਰੀ ਬੈਕਗਰਾਊਂਡ ਪਤਾ ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ ਸਨ ਤਾਂ ਜੋ ਕੁਦਰਤੀ ਜਾਪਣ ਵਾਲੀ ਇਸ ਘਟਨਾ ਦੀ ਪਰਦੇ ਦੇ ਪਿੱਛੇ ਲੁਕੀ ਸੱਚਾਈ ਨੂੰ ਕਿਸੇ ਨਾ ਕਿਸੇ ਤਰੀਕੇ ਸਾਹਮਣੇ ਲਿਆਂਦਾ ਜਾ ਸਕੇ। ਜਿਸ ਤੋਂ ਬਾਅਦ ਇਸ ਮਾਮਲੇ ’ਚ ਲਗਾਤਾਰ ਕਈ ਦਿਨ ਲੰਬੀ ਜਾਂਚ ਦੇ ਦੌਰਾਨ ਪੁਲਸ ਟੀਮ ਦੇ ਹੱਥ ਅਜਿਹੇ ਕਈ ਸੁਰਾਗ ਆ ਗਏ, ਜਿਨ੍ਹਾਂ ਨੇ ਜਿੱਥੇ ਮੁਲਜ਼ਮਾਂ ਦੇ ਖੌਫਨਾਕ ਇਰਾਦਿਆਂ ਨੂੰ ਬੇਨਕਾਬ ਕਰ ਦਿੱਤਾ, ਉੱਥੇ ਹੀ ਜ਼ਮੀਨ ਜਾਇਦਾਦ ਲਈ ਨਜ਼ਦੀਕੀ ਰਿਸ਼ਤਿਆਂ ਦੀ ਪਵਿੱਤਰਤਾ ਨੂੰ ਤਾਰ-ਤਾਰ ਕਰ ਦਿੱਤਾ।
ਇਹ ਵੀ ਪੜ੍ਹੋ: ਗੜ੍ਹਦੀਵਾਲਾ 'ਚ ਸਹੁਰਿਆਂ ਦੇ ਤਾਹਨੇ-ਮਿਹਣਿਆਂ ਤੋਂ ਪਰੇਸ਼ਾਨ ਵਿਆਹੁਤਾ ਨੇ ਖ਼ੁਦ ਨੂੰ ਅੱਗ ਲਗਾ ਕੇ ਕੀਤੀ ਖ਼ੁਦਕੁਸ਼ੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ