ਸ਼ਰਾਬ ਦੇ ਨਸ਼ੇ 'ਚ ਕੀਤਾ ਦੋਸਤ ਦਾ ਕਤਲ, ਫਿਰ ਖੁਦ ਨੂੰ ਕੀਤਾ ਪੁਲਸ ਹਵਾਲੇ

Monday, Jun 18, 2018 - 01:21 PM (IST)

ਸ਼ਰਾਬ ਦੇ ਨਸ਼ੇ 'ਚ ਕੀਤਾ ਦੋਸਤ ਦਾ ਕਤਲ, ਫਿਰ ਖੁਦ ਨੂੰ ਕੀਤਾ ਪੁਲਸ ਹਵਾਲੇ

ਬਠਿੰਡਾ (ਬਲਵਿੰਦਰ)-ਬੀਤੀ ਰਾਤ ਇਕ ਵਿਅਕਤੀ ਨੇ ਆਪਣੇ ਹੀ ਸ਼ਰਾਬੀ ਦੋਸਤ ਦਾ ਬੋਤਲ ਮਾਰ ਕੇ ਕਤਲ ਕਰ ਦਿੱਤਾ, ਜਦਕਿ ਕਤਲ ਕਰਕੇ ਖੁਦ ਹੀ ਥਾਣੇ ਵੀ ਪਹੁੰਚ ਗਿਆ।
ਜਾਣਕਾਰੀ ਮੁਤਾਬਕ ਅਤੁਲ ਕੁਮਾਰ (30) ਵਾਸੀ ਪ੍ਰਤਾਪ ਨਗਰ ਬਠਿੰਡਾ ਦੇ ਪਿਤਾ ਸਾਈਂ ਰਾਮ ਦਾ ਕੁਝ ਸਮਾਂ ਪਹਿਲਾਂ ਦੇਹਾਂਤ ਹੋ ਗਿਆ ਸੀ, ਜੋ ਕਿ ਰੇਲਵੇ ਵਿਭਾਗ ਵਿਚ ਮੁਲਾਜ਼ਮ ਸੀ। ਅਤੁਲ ਕੁਮਾਰ ਰੇਲਵੇ ਵਿਭਾਗ 'ਚ ਨੌਕਰੀ ਲੈਣ ਖਾਤਰ ਅੱਜਕੱਲ੍ਹ ਕਾਫੀ ਕੋਸ਼ਿਸ਼ਾਂ ਕਰ ਰਿਹਾ ਸੀ ਪਰ ਅਜੇ ਤੱਕ ਸਫਲਤਾ ਨਹੀਂ ਸੀ ਮਿਲ ਸਕੀ । ਜਿਸ ਕਾਰਨ ਉਹ ਕਾਫੀ ਪ੍ਰੇਸ਼ਾਨ ਵੀ ਰਹਿੰਦਾ ਸੀ । ਬੀਤੀ ਰਾਤ ਗੋਲ ਡਿੱਗੀ ਨੇੜੇ ਉਹ ਆਪਣੇ ਇਕ ਦੋਸਤ ਪਵਨ ਕੁਮਾਰ (35) ਵਾਸੀ ਪ੍ਰਤਾਪ ਨਗਰ ਬਠਿੰਡਾ ਨਾਲ ਸ਼ਰਾਬ ਪੀ ਰਿਹਾ ਸੀ । ਇਸੇ ਦੌਰਾਨ ਉਨ੍ਹਾਂ ਦੋਵਾਂ ਦੀ ਬਹਿਸ ਹੋ ਗਈ, ਜਿਸਦੇ ਚਲਦਿਆਂ ਅਤੁਲ ਕੁਮਾਰ ਨੇ ਪਵਨ ਕੁਮਾਰ ਦੇ ਸਿਰ 'ਚ ਕੱਚ ਦੀ ਬੋਤਲ ਮਾਰ ਦਿੱਤੀ ਤੇ ਗਲੇ 'ਤੇ ਵੀ ਵਾਰ ਕੀਤਾ । ਮੌਕੇ 'ਤੇ ਲੋਕ ਇਕੱਠੇ ਹੋਏ ਤੇ ਨਾਲ ਹੀ ਸਾਥੀ ਵੈਲਫੇਅਰ ਸੁਸਾਇਟੀ ਦੇ ਵਰਕਰ ਵੀ ਪਹੁੰਚ ਗਏ । ਸਮਾਜ ਸੇਵੀਆਂ ਨੇ ਪਵਨ ਕੁਮਾਰ ਨੂੰ ਗੰਭੀਰ ਹਾਲਤ 'ਚ ਸਿਵਲ ਹਸਪਤਾਲ ਪਹੁੰਚਾ ਦਿੱਤਾ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਦੋਸਤ ਦੇ ਕਤਲ ਦਾ ਪਛਤਾਵਾ ਹੋਇਆ ਤਾਂ ਅਤੁਲ ਕੁਮਾਰ ਹੋਰ ਦੋਸਤਾਂ ਨੂੰ ਨਾਲ ਲੈ ਕੇ ਥਾਣਾ ਕੋਤਵਾਲੀ ਵਿਖੇ ਪਹੁੰਚ ਗਿਆ ਤੇ ਆਪਣਾ ਗੁਨਾਹ ਕਬੂਲ ਕੀਤਾ ।
ਦੂਜੇ ਪਾਸੇ ਥਾਣਾ ਮੁਖੀ ਦਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ ।


Related News