ਕਾਂਗਰਸੀ ਕੌਂਸਲਰ ਦੇ ਪਤੀ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

Friday, Sep 08, 2017 - 07:14 AM (IST)

ਕਾਂਗਰਸੀ ਕੌਂਸਲਰ ਦੇ ਪਤੀ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

ਬਨੂੜ (ਗੁਰਪਾਲ) - ਬਨੂੜ ਦੇ ਵਾਰਡ ਨੰਬਰ 7 ਦੀ ਮਹਿਲਾ ਕੌਂਸਲਰ ਪ੍ਰੀਤੀ ਵਾਲੀਆ ਦੇ ਪਤੀ ਤੇ ਨੌਜਵਾਨ ਕਾਂਗਰਸੀ ਆਗੂ ਦਲਜੀਤ ਸਿੰਘ ਪਿੰਛੀ ਦੀ ਬੀਤੀ ਰਾਤ ਤਕਰੀਬਨ 10 ਕੁ ਵਜੇ 4 ਅਣਪਛਾਤੇ ਕਾਰ ਸਵਾਰਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  ਜਾਣਕਾਰੀ ਅਨੁਸਾਰ ਨੌਜਵਾਨ ਦਲਜੀਤ ਪਿੰਛੀ ਬੀਤੀ ਰਾਤ ਆਪਣੇ 2 ਸਾਥੀਆਂ ਸੁਰਜੀਤ ਸਿੰਘ ਤੇ ਜਸਵੰਤ ਨਾਲ ਬਨੂੜ ਤੋਂ ਰਾਜੋਮਾਜਰਾ ਨੂੰ ਜਾਂਦੀ ਲਿੰਕ ਸੜਕ 'ਤੇ ਸੈਰ ਕਰ ਕੇ ਵਾਪਸ ਤਕਰੀਬਨ 10 ਕੁ ਵਜੇ ਆ ਰਹੇ ਸਨ। ਜਦੋਂ ਉਹ ਲਿੰਕ ਸੜਕ 'ਤੇ ਸਥਿਤ ਬਨੂੜ ਨਹਿਰ ਨੇੜੇ ਪਹੁੰਚੇ ਤਾਂ ਅਚਾਨਕ ਉਨ੍ਹਾਂ ਨੇੜੇ ਆ ਕੇ ਇਕ ਕਾਰ ਰੁਕੀ। ਇਸ ਵਿਚੋਂ 3 ਨਕਾਬਪੋਸ਼ ਨੌਜਵਾਨ ਉਤਰੇ। ਉਨ੍ਹਾਂ ਨੇ ਇਕਦਮ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਨਕਾਬਪੋਸ਼ਾਂ ਵੱਲੋਂ ਚਲਾਈਆਂ ਗੋਲੀਆਂ ਕਾਂਗਰਸੀ ਆਗੂ ਦੇ ਲੱਗੀਆਂ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਹਮਲਾਵਰ ਗੋਲੀਆਂ ਮਾਰ ਕੇ ਰਾਜੋਮਾਜਰਾ ਵੱਲ ਨੂੰ ਬੜੀ ਤੇਜ਼ ਨਾਲ ਕਾਰ ਵਿਚ ਸਵਾਰ ਹੋ ਕੇ ਭੱਜ ਗਏ। ਗੰਭੀਰ ਜ਼ਖਮੀ ਨੌਜਵਾਨ ਨੂੰ ਚੁੱਕ ਕੇ ਮੋਹਾਲੀ ਦੇ ਨਿੱਜੀ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਪ੍ਰਸ਼ਾਸਨ ਇਕਦਮ ਹਰਕਤ ਵਿਚ ਆ ਗਿਆ। ਉਨ੍ਹਾਂ ਪੂਰੇ ਜ਼ਿਲੇ ਵਿਚ ਨਾਕੇ ਲਾ ਕੇ ਵਾਹਨਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਪਰ ਅਣਪਛਾਤੇ ਹਮਲਾਵਰ ਨੌਜਵਾਨ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਣ ਵਿਚ ਸਫਲ ਹੋ ਗਏ। ਇਸ ਕਤਲ ਮਗਰੋਂ  ਐੈੱਸ. ਐੈੱਸ. ਪੀ. ਪਟਿਆਲਾ ਡਾ. ਐੈੱਸ. ਭੂਪਤੀ ਨੇ ਘਟਨਾ ਸਥਾਨ ਦਾ ਦੌਰਾ ਵੀ ਕੀਤਾ। ਇਸ ਮਗਰੋਂ ਸਵੇਰੇ ਆਈ. ਜੀ. ਰੇਂਜ ਪਟਿਆਲਾ ਦੇ ਏ. ਐੈੱਸ. ਰਾਏ, ਡੀ. ਆਈ. ਜੀ. ਸੁਖਚੈਨ ਸਿੰਘ ਗਿੱਲ ਤੇ ਐੱਸ. ਐੱਸ. ਪੀ. ਪਟਿਆਲਾ ਤੋਂ ਇਲਾਵਾ ਹੋਰ ਵਿਭਾਗੀ ਅਧਿਕਾਰੀ ਘਟਨਾ ਸਥਾਨ 'ਤੇ ਪਹੁੰਚੇ ਤੇ ਉਨ੍ਹਾਂ ਨੇ ਇਸ ਮਾਮਲੇ ਦੀ ਬੜੀ ਬਾਰੀਕੀ ਨਾਲ ਜਾਂਚ ਕੀਤੀ। ਇਸ ਦੌਰਾਨ ਘਟਨਾ ਸਥਾਨ 'ਤੇ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੀ ਪਹੁੰਚੇ। ਉਨ੍ਹਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਸ ਮਾਮਲੇ ਨੂੰ ਜਲਦੀ ਸੁਲਝਾਉਣ ਦੀ ਮੰਗ ਕੀਤੀ।


Related News