ਵਕੀਲ ਰਿਆੜ ਦੇ ਕਤਲ ਮਾਮਲੇ ''ਚ 3 ਦੋਸ਼ੀਆਂ ਨੂੰ ਹੁਸ਼ਿਆਰਪੁਰ ਲਿਆਵੇਗੀ ਪੁਲਸ
Thursday, Apr 30, 2020 - 01:24 AM (IST)
ਹੁਸ਼ਿਆਰਪੁਰ,(ਅਮਰਿੰਦਰ ਮਿਸ਼ਰਾ) : ਥਾਣਾ ਬੁੱਲੋਵਾਲ ਦੇ ਅਧੀਨ ਪੈਂਦੇ ਪਿੰਡ ਹਰਗੜ੍ਹ 'ਚ ਸ਼ਨੀਵਾਰ ਰਾਤ ਲੁੱਟ ਦੀ ਨੀਅਤ ਨਾਲ ਘਰ 'ਚ ਇੱਕਲੇ ਰਹਿ ਰਹੇ 71 ਸਾਲਾ ਵਕੀਲ ਮਲਕੀਤ ਸਿੰਘ ਰਿਆੜ ਪੁੱਤਰ ਸੰਸਾਰ ਸਿੰਘ ਦਾ ਕਤਲ ਕਰਨ ਵਾਲੇ ਗ੍ਰਿਫਤਾਰ 3 ਦੋਸ਼ੀਆਂ ਨੂੰ ਅੱਜ ਜਲੰਧਰ ਰੂਰਲ ਪੁਲਸ ਨੇ ਅਦਾਲਤ 'ਚ ਪੇਸ਼ ਕੀਤਾ। ਉਕਤ ਦੋਸ਼ੀ ਸੁਰਿੰਦਰ ਸਿੰਘ ਉਰਫ ਸੰਨੀ ਨਿਵਾਸੀ ਹਰਗੜ੍ਹ, ਸੰਦੀਪ ਸਿੰਘ ਨਿਵਾਸੀ ਰਾਜੋਵਾਲ ਤੇ ਗੁਰਜਿੰਦਰ ਸਿੰਘ ਉਰਫ ਗੱਗੀ ਨਿਵਾਸੀ ਕਠਾਰ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਤਿੰਨਾਂ ਦੋਸ਼ੀਆਂ ਤੋਂ ਪੁੱਛਗਿੱਛ ਲਈ ਆਦਮਪੁਰ ਥਾਣਾ ਨੂੰ 3 ਦਿਨਾਂ ਲਈ ਦੋਸ਼ੀਆਂ ਨੂੰ ਪੁਲਸ ਰਿਮਾਂਡ 'ਚ ਭੇਜਣ ਦੇ ਆਦੇਸ਼ ਦਿੱਤੇ ਹਨ। ਇਸ ਗੱਲ ਦੀ ਜਾਣਕਾਰੀ ਡੀ. ਐਸ. ਪੀ. ਸਤਿੰਦਰ ਕੁਮਾਰ ਚੱਢਾ ਨੇ ਦਿੰਦੇ ਹੋਏ ਦੱਸਿਆ ਕਿ ਥਾਣਾ ਬੁੱਲੋਵਾਲ ਪੁਲਸ ਜਲਦ ਹੀ ਤਿੰਨਾਂ ਦੋਸ਼ੀਆਂ ਨੂੰ ਜਲੰਧਰ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਇਸ ਮਾਮਲੇ 'ਚ ਡੂੰਘਾਈ ਨਾਲ ਪੁੱਛਗਿੱਛ ਕਰੇਗੀ।
ਤਿੰਨੇ ਦੋਸ਼ੀ ਕਿਵੇਂ ਚੜੇ ਪੁਲਸ ਹੱਥੀਂ
ਜਾਣਕਾਰੀ ਮੁਤਾਬਕ ਸ਼ਨੀਵਾਰ ਦੀ ਰਾਤ ਹਰਗੜ੍ਹ 'ਚ ਲੁੱਟ ਦੀ ਨੀਅਤ ਨਾਲ ਵਕੀਲ ਮਲਕੀਤ ਸਿੰਘ ਰਿਆੜ ਦੀ ਹੱਤਿਆ ਤੋਂ ਬਾਅਦ ਤਿੰਨੇ ਦੋਸ਼ੀ ਸ਼ੱਕੀ ਹਾਲਾਤ 'ਚ ਘਰੋਂ ਗਾਇਬ ਚੱਲ ਰਹੇ ਸਨ। ਇਸ ਦੌਰਾਨ ਲੁੱਟ-ਖੋਹ ਦੇ ਕਿਸੇ ਮਾਮਲੇ ਨੂੰ ਅੰਜਾਮ ਦੇ ਕੇ ਫਰਾਰ ਹੋਏ ਤਿੰਨਾਂ ਦੋਸ਼ੀਆਂ ਨੂੰ ਕਰਫਿਊ ਦੀ ਉਲੰਘਣਾ ਦੌਰਾਨ ਜਲੰਧਰ ਰੂਰਲ ਪੁਲਸ ਨੇ ਗ੍ਰਿਫਤਾਰ ਕਰ ਲਿਆ ਸੀ।
ਪੁੱਛਗਿੱਛ ਤੋਂ ਬਾਅਦ ਤਿੰਨਾਂ ਦੋਸ਼ੀਆਂ ਖਿਲਾਫ ਆਦਮਪੁਰ 'ਚ ਮਾਮਲਾ ਦਰਜ ਹੋਣ ਤੋਂ ਬਾਅਦ ਜਦੋਂ ਪੁੱੱਛਗਿੱਛ ਕੀਤੀ ਗਈ ਤਾਂ ਤਿੰਨਾਂ ਨੇ ਸਵੀਕਾਰ ਕੀਤਾ ਕਿ ਹਰਗੜ੍ਹ ਪਿੰਡ ਦੀ ਵਾਰਦਾਤ ਨੂੰ ਉਨ੍ਹਾਂ ਨੇ ਹੀ ਅੰਜਾਮ ਦਿੱਤਾ ਹੈ। ਬੁੱਧਵਾਰ ਨੂੰ ਜਲੰਧਰ ਦੀ ਅਦਾਲਤ ਨੇ ਤਿੰਨਾਂ ਹੀ ਦੋਸ਼ੀਆਂ ਤੋਂ ਪੁੱਛਗਿੱਛ ਲਈ ਆਦਮਪੁਰ ਥਾਣੇ ਨੂੰ ਸੌਂਪ ਦਿੱਤਾ। ਪੁਲਸ ਅਦਾਲਤ ਜ਼ਰੀਏ ਹੀ ਤਿੰਨੇ ਗ੍ਰਿਫਤਾਰ ਦੋਸ਼ੀਆਂ ਤੋਂ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ਲੈ ਕੇ ਬੁੱਲੋਵਾਲ ਆਵੇਗੀ।