ਸਾਥੀਆਂ ਨਾਲ ਮਿਲ ਕੇ ਕੀਤਾ ਸੀ ਪਿਤਾ ਦਾ ਕਤਲ

03/18/2018 6:01:21 AM

ਲੁਧਿਆਣਾ(ਮਹੇਸ਼)-ਪਿੰਡ ਬਾਰਨਹਾੜਾ 'ਚ 65 ਸਾਲਾ ਬਜ਼ੁਰਗ ਡੇਅਰੀ ਸੰਚਾਲਕ ਸ਼੍ਰੀਰਾਮ ਮਿਸ਼ਰਾ ਦੇ ਕਤਲਕਾਂਡ ਵਿਚ ਨਵਾਂ ਮੋੜ ਆ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਕੇਸ ਦੇ ਮੁੱਖ ਦੋਸ਼ੀ ਅਭਿਸ਼ੇਕ ਨੇ ਆਪਣੇ 2 ਸਾਥੀਆਂ ਪਕਲ ਅਤੇ ਨਰਕਸਿਆ ਨਾਲ ਮਿਲ ਕੇ ਆਪਣੇ ਪਿਤਾ ਨੂੰ ਮੌਤ ਦੇ ਘਾਟ ਉਤਾਰਿਆ ਸੀ। ਸ਼ਨੀਵਾਰ ਨੂੰ ਪੁਲਸ ਨੇ ਅਭਿਸ਼ੇਕ ਦੀ ਗ੍ਰਿਫਤਾਰੀ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਸ ਨੂੰ ਕੱਲ ਅਦਾਲਤ ਵਿਚ ਪੇਸ਼ ਕਰ ਕੇ ਪੁੱਛਗਿੱਛ ਲਈ ਰਿਮਾਂਡ 'ਤੇ ਲਿਆ ਜਾਵੇਗਾ। ਜਦੋਂਕਿ ਬਾਕੀ ਦੋਵੇਂ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲਸ ਉਨ੍ਹਾਂ ਦੇ ਸੰਭਾਵਿਤ ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੀ ਹੈ। ਵਰਣਨਯੋਗ ਹੈ ਕਿ ਸ਼੍ਰੀਰਾਮ ਮਿਸ਼ਰਾ ਦਾ ਸ਼ੁੱਕਰਵਾਰ ਨੂੰ ਰੱਸੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਸੀ। ਕਤਲ ਕਰਨ ਤੋਂ ਬਾਅਦ ਕਾਤਲਾਂ ਨੇ ਸਬੂਤ ਮਿਟਾਉਣ ਲਈ ਉਸ ਦੀ ਲਾਸ਼ ਸਾੜਨ ਦਾ ਵੀ ਯਤਨ ਕੀਤਾ ਸੀ ਪਰ ਉਹ ਆਪਣੇ ਇਰਾਦੇ ਵਿਚ ਕਾਮਯਾਬ ਨਹੀਂ ਹੋ ਸਕੇ ਸਨ। ਮਿਸ਼ਰਾ ਦੀ ਲਾਸ਼ ਨਗਨ ਹਾਲਤ ਵਿਚ ਦੁਪਹਿਰ ਨੂੰ ਡੇਅਰੀ 'ਚ ਹੀ ਮਿਲੀ ਸੀ। ਉਸ ਦੀਆਂ ਦੋਵੇਂ ਬਾਹਾਂ ਅਤੇ ਪਿੱਠ ਬੁਰੀ ਤਰ੍ਹਾਂ ਸੜੀ ਹੋਈ ਸੀ ਅਤੇ ਗਲੇ ਨੂੰ ਰੱਸੀ ਨਾਲ ਦਬਾਏ ਜਾਣ ਦੇ ਨਿਸ਼ਾਨ ਸਨ। ਇਸ ਸਬੰਧੀ ਪੁਲਸ ਨੇ ਮ੍ਰਿਤਕ ਦੇ ਛੋਟੇ ਬੇਟੇ ਵਿਵੇਕ ਮਿਸ਼ਰਾ ਦੀ ਸ਼ਿਕਾਇਤ 'ਤੇ ਉਕਤ ਦੋਸ਼ੀਆਂ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਸੀ। ਏ.ਐੱਸ.ਆਈ. ਚੰਨ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਅਭਿਸ਼ੇਕ ਅਪਰਾਧਿਕ ਸੁਭਾਅ ਦਾ ਹੈ। ਨਸ਼ਾ ਕਰਨ ਲਈ ਉਹ ਆਪਣੇ ਸਾਥੀਆਂ ਦੇ ਨਾਲ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਵੀ ਅੰਜਾਮ ਦਿੰਦਾ ਸੀ। ਸ਼ੁੱਕਰਵਾਰ ਨੂੰ ਪੈਸਿਆਂ ਨੂੰ ਲੈ ਕੇ ਅਭਿਸ਼ੇਕ ਦੀ ਆਪਣੇ ਪਿਤਾ ਨਾਲ ਤਕਰਾਰ ਹੋਈ ਸੀ। ਨਸ਼ੇ ਲਈ ਉਹ ਪਸ਼ੂਆਂ ਨੂੰ ਘੱਟ ਮੁੱਲ 'ਤੇ ਵੇਚਣ ਦੀ ਤਾਕ ਵਿਚ ਸੀ, ਜਿਸ ਦਾ ਉਸ ਦੇ ਪਿਤਾ ਨੇ ਵਿਰੋਧ ਕੀਤਾ ਸੀ।


Related News