ਨਸ਼ੇ ''ਚ ਟੱਲੀ 6 ਦੋਸਤਾਂ ਨੇ ਕੀਤਾ ਰਿਕਸ਼ਾ ਚਾਲਕ ਦੇ ਪੁੱਤਰ ਦਾ ਕਤਲ

01/02/2018 4:14:24 AM

ਲੁਧਿਆਣਾ(ਰਿਸ਼ੀ)-ਨਵੇਂ ਸਾਲ ਦੀ ਰਾਤ 2.30 ਵਜੇ ਬੱਸ ਅੱਡੇ ਦੇ ਬਾਹਰ ਹੁੱਲੜਬਾਜ਼ੀ ਕਰ ਰਹੇ ਨਸ਼ੇ ਵਿਚ ਟੱਲੀ 6 ਨੌਜਵਾਨਾਂ ਨੇ ਉੱਥੇ ਦੁੱਧ ਲੈਣ ਆਪਣੇ 2 ਦੋਸਤਾਂ ਨਾਲ ਆਏ ਨੌਜਵਾਨ ਵਰਿੰਦਰ ਕੁਮਾਰ (27) ਨਿਵਾਸੀ ਲੇਬਰ ਕਾਲੋਨੀ ਦੇ ਸਿਰ ਅਤੇ ਚਿਹਰੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ, ਜਿਸ ਨੇ ਸਿਵਲ ਹਸਪਤਾਲ ਤੋਂ ਪੀ. ਜੀ. ਆਈ. ਜਾਂਦੇ ਸਮੇਂ ਰਸਤੇ ਵਿਚ ਦਮ ਤੋੜ ਦਿੱਤਾ। ਇਸ ਕੇਸ ਵਿਚ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੇ ਇਕ ਹੋਰ ਜ਼ਖਮੀ ਦੀਪਕ ਦੇ ਬਿਆਨ 'ਤੇ 6 ਦੋਸਤਾਂ ਖਿਲਾਫ ਕਤਲ ਦੇ ਦੋਸ਼ ਵਿਚ ਪਰਚਾ ਦਰਜ ਕੀਤਾ ਹੈ। ਕਮਿਸ਼ਨਰ ਦਫਤਰ ਵਿਚ ਤਾਇਨਾਤ ਇਕ ਏ. ਐੱਸ. ਆਈ. ਰਾਜ ਕੁਮਾਰ ਦੇ ਲੜਕੇ ਮਨਦੀਪ ਅਤੇ ਉਸ ਦੇ ਦੋਸਤ ਸਚਿਨ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂਕਿ ਉਸ ਦੇ 4 ਦੋਸਤ ਸ਼ੁਭਮ, ਅਮਨ, ਸਾਜਨ ਅਤੇ ਇਕ ਅਣਪਛਾਤਾ ਫਰਾਰ ਹੈ। ਮ੍ਰਿਤਕ ਦਾ ਪਿਤਾ ਸੂਰਜ ਰਿਕਸ਼ਾ ਚਾਲਕ ਹੈ ਅਤੇ ਉਹ ਘਰ ਵਿਚ ਸਭ ਤੋਂ ਛੋਟਾ ਅਤੇ ਲਾਡਲਾ ਸੀ। ਜਾਣਕਾਰੀ ਦਿੰਦੇ ਹੋਏ ਡੀ. ਸੀ. ਪੀ. ਕ੍ਰਾਈਮ ਗਗਨਅਜੀਤ ਸਿੰਘ ਨੇ ਦੱਸਿਆ ਕਿ ਵਰਿੰਦਰ ਕੁਮਾਰ ਦੁੱਗਰੀ ਇਲਾਕੇ ਵਿਚ ਇਕ ਹੇਅਰ ਡ੍ਰੈਸਰ ਦੀ ਦੁਕਾਨ 'ਤੇ ਨੌਕਰੀ ਕਰਦਾ ਸੀ। ਨਵਾਂ ਸਾਲ ਹੋਣ ਕਾਰਨ ਰਾਤ 12 ਵਜੇ ਉਹ ਦੁਕਾਨ ਤੋਂ ਘਰ ਜਾਣ ਲਈ ਨਿਕਲਿਆ ਪਰ ਰਸਤੇ 'ਚ ਉਸ ਨੂੰ ਮੁਹੱਲੇ ਦੇ ਦੋ ਦੋਸਤ ਸੁਨੀਲ ਅਤੇ ਦੀਪਕ ਮਿਲ ਗਏ ਅਤੇ ਉਹ ਆਪਸ ਵਿਚ ਬੈਠ ਕੇ ਗੱਲਬਾਤ ਕਰਨ ਲੱਗ ਪਏ। ਪੁਲਸ ਨੂੰ ਦਿੱਤੇ ਬਿਆਨ ਵਿਚ ਦੀਪਕ ਨੇ ਦੱਸਿਆ ਕਿ ਰਾਤ ਉਹ ਚਾਹ ਬਣਾਉਣ ਲਈ ਦੁੱਧ ਨਾ ਹੋਣ 'ਤੇ ਬੱਸ ਅੱਡੇ 'ਤੇ ਚਲੇ ਗਏ। ਉਹ ਅਤੇ ਸੁਨੀਲ ਬਾਈਕ ਕੋਲ ਖੜ੍ਹੇ ਸਨ। ਜਦੋਂ ਉਸ ਨੇ ਵਰਿੰਦਰ ਨੂੰ ਜਲਦੀ ਆਉਣ ਲਈ ਆਵਾਜ਼ ਮਾਰੀ ਤਾਂ ਨਸ਼ੇੜੀ ਉਨ੍ਹਾਂ ਕੋਲ ਆ ਕੇ ਬੇਵਜ੍ਹਾਬਹਿਸ ਕਰਨ ਲੱਗ ਪਏ ਅਤੇ ਗਾਲੀ ਗਲੋਚ ਕਰਨ ਲੱਗ ਗਏ। ਇਸ ਤੋਂ ਪਹਿਲਾਂ ਕਿ ਉਹ ਕੁੱਝ ਸਮਝ ਸਕਦੇ, ਉਨ੍ਹਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਸੁਨੀਲ ਨੇ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ, ਜਦੋਂਕਿ ਉਸ ਦੇ ਘੱਟ ਸੱਟਾਂ ਲੱਗੀਆਂ ਅਤੇ ਰਵਿੰਦਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਸਿਵਲ ਹਸਪਤਾਲ ਵਿਚ ਹਾਲਤ ਵਿਗੜਦੀ ਦੇਖ ਕੇ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ ਪਰ ਰਸਤੇ 'ਚ ਉਸ ਨੇ ਦਮ ਤੋੜ ਦਿੱਤਾ। ਪੁਲਸ ਮੁਤਾਬਕ ਫੜੇ ਗਏ ਦੋਸ਼ੀਆਂ ਨੂੰ ਮੰਗਲਵਾਰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰਨਾਂ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ
ਮ੍ਰਿਤਕ ਦੇ ਭਰਾ ਸਿਕੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਲਗਭਗ 3 ਵਜੇ ਹਾਦਸੇ ਬਾਰੇ ਪਤਾ ਲੱਗਾ, ਜਿਸ ਤੋਂ ਬਾਅਦ ਉਹ ਤੁਰੰਤ ਸਿਵਲ ਹਸਪਤਾਲ ਪੁੱਜ ਗਏ। ਭਰਾ ਦੀ ਮੌਤ ਦਾ ਪਤਾ ਲਗਦੇ ਹੀ ਪਰਿਵਾਰ ਵਿਚ ਮਾਤਮ ਛਾ ਗਿਆ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਪੁਲਸ ਨੇ ਬਾਅਦ ਦੁਪਹਿਰ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਦੇ ਸਪੁਰਦ ਕਰ ਦਿੱਤੀ।


Related News