ਗੈਂਗਸਟਰ ਗੁਗਨੀ ਤੋਂ ਐੱਨ. ਆਈ. ਏ. ਤੇ ਜਿੰਮੀ ਤੋਂ ਪੁਲਸ ਕਰ ਰਹੀ ਪੁੱਛਗਿੱਛ

Sunday, Dec 03, 2017 - 06:54 AM (IST)

ਗੈਂਗਸਟਰ ਗੁਗਨੀ ਤੋਂ ਐੱਨ. ਆਈ. ਏ. ਤੇ ਜਿੰਮੀ ਤੋਂ ਪੁਲਸ ਕਰ ਰਹੀ ਪੁੱਛਗਿੱਛ

ਲੁਧਿਆਣਾ(ਪੰਕਜ)-ਪੰਜਾਬ ਵਿਚ ਪਿਛਲੇ ਦੋ ਸਾਲਾਂ ਦੇ ਅੰਦਰ ਹੋਈਆਂ ਹਿੰਦੂ ਨੇਤਾਵਾਂ ਤੇ ਪਾਸਟਰ ਸੁਲਤਾਨ ਮਸੀਹ ਦੀਆਂ ਹੱਤਿਆਵਾਂ ਦੇ ਮਾਮਲੇ ਵਿਚ ਫੜੇ ਗਏ ਹੱਤਿਆ ਮੁਲਜ਼ਮਾਂ ਤੋਂ ਜਾਂਚ ਵਿਚ ਜੁਟੀ ਐੱਨ. ਆਈ. ਏ. ਤੇ ਪੁਲਸ ਲਗਾਤਾਰ ਆਪਣੇ-ਆਪਣੇ ਤਰੀਕਿਆਂ ਨਾਲ ਜਾਂਚ ਕਰ ਰਹੀ ਹੈ, ਕਿਉਂਕਿ ਇਸ ਗਹਿਰੀ ਸਾਜ਼ਿਸ਼ ਦੇ ਤਾਰ ਹੋਰਨਾਂ ਦੇਸ਼ਾਂ ਨਾਲ ਜੁੜੇ ਹੋਣ ਕਾਰਨ ਜਾਂਚ ਟੀਮਾਂ ਅਜਿਹਾ ਕੋਈ ਪਹਿਲੂ ਨਹੀਂ ਛੱਡਣਾ ਚਾਹੁੰਦੀਆਂ, ਜੋ ਬਾਅਦ ਵਿਚ ਉਨ੍ਹਾਂ ਨੂੰ ਪ੍ਰੇਸ਼ਾਨੀ ਪੈਦਾ ਕਰ ਸਕੇ। ਹਾਲਾਂਕਿ ਰਾਜ ਵਿਚ ਹੋਈਆਂ ਹਾਈ ਪ੍ਰੋਫਾਈਲ ਹੱਤਿਆਵਾਂ ਦੀ ਜਾਂਚ ਦਾ ਜ਼ਿੰਮਾ ਪੰਜਾਬ ਸਰਕਾਰ ਵੱਲੋਂ ਐੱਨ. ਆਈ. ਏ. ਦੇ ਹਵਾਲੇ ਕਰ ਦਿੱਤਾ ਗਿਆ ਹੈ ਪਰੰਤੂ ਫਿਰ ਵੀ ਮਹਾਨਗਰ ਦੀ ਪੁਲਸ ਪਾਸਟਰ ਸੁਲਤਾਨ ਮਸੀਹ ਦੀ ਹੱਤਿਆ ਕਰਨ ਵਾਲੇ ਸ਼ੇਰਾ ਤੇ ਰਮਨਦੀਪ ਨੂੰ ਆਰਥਿਕ ਸਹਾਇਤਾ ਉਪਲੱਬਧ ਕਰਵਾਉਣ ਵਾਲੇ ਯੂ. ਕੇ. ਬੇਸ ਜਿੰਮੀ ਸਿੰਘ ਨੂੰ ਅਦਾਲਤ ਤੋਂ ਦੋ ਦਿਨ ਦੇ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕਰਨ ਵਿਚ ਜੁਟ ਗਈ ਹੈ ਜਿੰਮੀ ਤੋਂ ਪੁਲਸ ਮੁੱਖ ਤੌਰ 'ਤੇ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਵਿਦੇਸ਼ਾਂ ਤੋਂ ਉਨ੍ਹਾਂ ਦੇ ਆਕਾਵਾਂ ਵੱਲੋਂ ਕਿਹੜੀ ਆਈ. ਡੀ. ਅਤੇ ਖਾਤੇ ਦੀ ਵਰਤੋਂ ਕਰ ਕੇ ਹੱਤਿਆਰਿਆਂ ਨੂੰ ਆਰਥਿਕ ਸਹਾਇਤਾ ਦਿੱਤੀ ਜਾ ਰਹੀ ਸੀ। ਉਥੇ ਜਿੰਮੀ ਨੇ ਜਿਸ ਵਰਿੰਦਰ ਸਿੰਘ ਦੇ ਨਾਂ ਦੀ ਵਰਤੋਂ ਕਰ ਕੇ ਬਾਹਰੋਂ ਜਗਜੀਤ ਸਿੰਘ ਦੇ ਖਾਤੇ ਵਿਚ ਰਕਮ ਟਰਾਂਸਫਰ ਕੀਤੀ ਸੀ, ਉਕਤ ਰਕਮ ਜਿੰਮੀ ਦੇ ਚਚੇਰੇ ਭਰਾ ਤਿਰਲੋਕ ਤੋਂ ਕਿਸ ਨੇ ਲਈ ਸੀ। ਸਭ ਤੋਂ ਅਹਿਮ ਸਵਾਲ ਜੋ ਪੁਲਸ ਜਿੰਮੀ ਤੋਂ ਪਤਾ ਕਰਨਾ ਚਾਹੁੰਦੀ ਹੈ ਕਿ ਪਾਸਟਰ ਹੱਤਿਆਕਾਂਡ ਵਿਚ ਹੋਰ ਕੌਣ-ਕੌਣ ਸ਼ਾਮਲ ਸੀ ਅਤੇ ਕਿੰਨੀ ਰਕਮ ਇਸ ਕੰਮ ਲਈ ਭੇਜੀ ਗਈ ਸੀ। ਇਕ ਅਧਿਕਾਰੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਕਿਉਂਕਿ ਹੱਤਿਆਵਾਂ ਪਿੱਛੇ ਵਿਦੇਸ਼ਾਂ ਵਿਚ ਬੈਠੇ ਅੱਤਵਾਦੀਆਂ ਤੇ ਪੰਜਾਬ ਪੁਲਸ ਵੱਲੋਂ ਯੂ. ਕੇ. ਬੇਸ ਮੁਲਜ਼ਮ ਦੀ ਗ੍ਰਿਫਤਾਰੀ ਉਪਰੰਤ ਸਾਰਾ ਮਾਮਲਾ ਸੰਵੇਦਨਸ਼ੀਲ ਹੋ ਚੁੱਕਾ ਹੈ। ਭਵਿੱਖ ਵਿਚ ਇਸ 'ਤੇ ਉਂਗਲੀਆਂ ਉਠਣੀਆਂ ਤੈਅ ਹਨ। ਇਸ ਲਈ ਪੁਲਸ ਪੁੱਛਗਿੱਛ ਵਿਚ ਕੋਈ ਵੀ ਪਹਿਲੂ ਅਜਿਹਾ ਨਹੀਂ ਛੱਡਣਾ ਚਾਹੁੰਦੀ, ਜੋ ਕਿ ਭਵਿੱਖ ਵਿਚ ਮੁੱਦਾ ਨਾ ਬਣ ਜਾਵੇ। ਇਸ ਲਈ ਕੇਸ ਨੂੰ ਸ਼ੀਸ਼ੇ ਦੀ ਤਰ੍ਹਾਂ ਸਾਫ ਰੱਖਣ ਲਈ ਹਰ ਵਾਰਦਾਤ ਵਿਚ ਕੜੀ ਦਰ ਕੜੀ ਜੋੜ ਕੇ ਪੁਖਤਾ ਸਬੂਤ ਜੁਟਾਏ ਜਾ ਰਹੇ ਹਨ ਤਾਂ ਕਿ ਅਦਾਲਤੀ ਪ੍ਰਕਿਰਿਆ ਵਿਚ ਮੁਲਜ਼ਮਾਂ ਨੂੰ ਫਾਇਦਾ ਨਾ ਮਿਲ ਸਕੇ।
ਗੁਗਨੀ ਐੱਨ. ਆਈ. ਏ. ਦੀ ਹਿਰਾਸਤ 'ਚ
ਐੱਨ. ਆਈ. ਏ. ਵੱਲੋਂ ਆਰ. ਐੱਸ. ਐੱਸ. ਵਰਕਰ ਰਵਿੰਦਰ ਗੁਸਾਈਂ ਦੀ ਹੱਤਿਆ ਵਿਚ ਗ੍ਰਿਫਤਾਰ ਸ਼ਾਰਪ ਸ਼ੂਟਰ ਸ਼ੇਰਾ ਤੇ ਰਮਨਦੀਪ ਦੇ ਇਲਾਵਾ ਗੈਂਗਸਟਰ ਧਰਮਿੰਦਰ ਗੁਗਨੀ ਨੂੰ ਵੀ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਵਕੀਲ ਹੱਤਿਆ ਕਾਂਡ ਵਿਚ ਉਮਰ ਕੈਦ ਦੀ ਸਜ਼ਾ ਪਾ ਚੁੱਕੇ ਗੁਗਨੀ ਦਾ ਹੱਤਿਆਵਾਂ ਵਿਚ ਅਹਿਮ ਰੋਲ ਸੀ, ਕਿਉਂਕਿ ਉਹ ਜੇਲ ਵਿਚ ਬੰਦ ਹੋਣ ਦੇ ਬਾਵਜੂਦ ਹੱਤਿਆਰਿਆਂ ਨੂੰ ਹਥਿਆਰ ਉਪਲੱਬਧ ਕਰਵਾਉਂਦਾ ਸੀ। ਸ਼ੇਰੇ ਦਾ ਸਾਥੀ ਰਮਨਦੀਪ (ਲੁਧਿਆਣਾ) ਤੇ ਗੁਗਨੀ ਸਕੂਲ ਦੇ ਦੋਸਤ ਸਨ ਅਤੇ ਸ਼ਾਇਦ ਇਹੀ ਦੋਸਤੀ ਅਪਰਾਧ ਦੀ ਦੁਨੀਆ ਵਿਚ ਮਦਦਗਾਰ ਸਾਬਿਤ ਹੋਈ। ਗੁਸਾਈਂ ਹੱਤਿਆਕਾਂਡ ਦੀ ਜਾਂਚ ਵਿਚ ਜੁਟੀਆਂ ਐੱਨ. ਆਈ. ਏ. ਦੀਆਂ ਟੀਮ ਨੇ ਪਹਿਲੇ ਕੁਝ ਦਿਨ ਘਟਨਾ ਸਥਾਨ 'ਤੇ ਹੱਤਿਆਰਿਆਂ ਨੂੰ ਨਾਲ ਲਿਜਾ ਕੇ ਪੂਰਾ ਕ੍ਰਾਈਮ ਸੀਨ ਦੁਬਾਰਾ ਕ੍ਰੀਏਟ ਕੀਤਾ ਸੀ। ਇਸ ਉਪਰੰਤ ਏਜੰਸੀ ਦੇ ਅਧਿਕਾਰੀ ਸ਼ੇਰਾ ਤੇ ਰਮਨਦੀਪ ਨੂੰ ਗੁਗਨੀ ਨਾਲ ਬਿਠਾ ਕੇ ਸਵਾਲ-ਜਵਾਬ ਕਰਨ ਦੀ ਨੀਤੀ 'ਤੇ ਕੰਮ ਕਰ ਰਹੇ ਹਨ, ਤਾਂ ਕਿ ਗੁਗਨੀ ਕਿਸ ਰਾਹੀਂ ਦੋਵਾਂ ਹੱਤਿਆਰਿਆਂ ਨੂੰ ਹਥਿਆਰ ਉਪਲੱਬਧ ਕਰਵਾਉਂਦਾ ਸੀ। ਇਸ ਲਈ ਉਸ ਨੂੰ ਪੈਸਾ ਕੌਣ ਤੇ ਕਿਸ ਰਾਹੀਂ ਉਪਲੱਬਧ ਕਰਵਾਉਂਦਾ ਸੀ। ਕਿਹੜੇ-ਕਿਹੜੇ ਹਥਿਆਰ ਤੇ ਕਿੰਨੇ ਕਾਰਤੂਸ ਗੁਗਨੀ ਵੱਲੋਂ ਭੇਜੇ ਗਏ ਸਨ। ਅਜਿਹੇ ਕਈ ਸਵਾਲ ਜਾਂਚ ਦਾ ਹਿੱਸਾ ਹਨ।
ਗੁਗਨੀ ਦੇ ਪੈਟਰੋਲ ਪੰਪ ਦਾ ਮੈਨੇਜਰ ਵੀ ਸੂਤਰਧਾਰ
ਮੋਗਾ ਪੁਲਸ ਵੱਲੋਂ ਹੱਤਿਆ ਮੁਲਜ਼ਮਾਂ ਤੋਂ ਕੀਤੀ ਪੁੱਛਗਿੱਛ ਉਪਰੰਤ ਗੁਗਨੀ ਦੇ ਪੈਟਰੋਲ ਪੰਪ 'ਤੇ ਕੰਮ ਕਰਦੇ ਮੈਨੇਜਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸਦੀ ਨਿਸ਼ਾਨਦੇਹੀ 'ਤੇ ਪੁਲਸ ਨੂੰ ਕਾਫੀ ਮਾਤਰਾ ਵਿਚ ਹਥਿਆਰ ਮਿਲੇ ਸਨ। ਜਾਂਟ ਟੀਮ ਗੁਗਨੀ ਤੋਂ ਇਸ ਮਾਮਲੇ ਵਿਚ ਵੀ ਪੁੱਛਗਿੱਛ ਕਰੇਗੀ। ਆਖਿਰ ਉਸ ਦੇ ਮੈਨੇਜਰ ਨੇ ਕਦੋਂ, ਕਿਸ ਨੂੰ ਅਤੇ ਕਿੰਨੇ ਹਥਿਆਰ ਤੇ ਗੋਲੀ ਸਿੱਕਾ ਦਿੱਤਾ ਸੀ। ਅਜਿਹੇ ਕਈ ਹੋਰ ਸਵਾਲਾਂ ਦੇ ਜਵਾਬ ਏਜੰਸੀ ਦੇ ਅਧਿਕਾਰੀ ਤਿੰਨਾਂ ਮੁਲਜ਼ਮਾਂ ਤੋਂ ਪਤਾ ਕਰਨ ਵਿਚ ਲੱਗੇ ਹੋਏ ਹਨ।


Related News