ਪਥਰਾਲਾ ਡਬਲ ਮਰਡਰ ਗੁਆਂਢੀ ਹੀ ਨਿਕਲਿਆ ਦਾਦਾ-ਪੋਤੇ ਦਾ ਕਾਤਲ
Friday, Oct 06, 2017 - 02:23 AM (IST)

ਬਠਿੰਡਾ(ਸੁਖਵਿੰਦਰ)-ਪੁਲਸ ਨੇ ਬੀਤੀ 29 ਸਤੰਬਰ ਨੂੰ ਪਥਰਾਲਾ ਵਿਚ ਹੋਏ ਡਬਲ ਮਰਡਰ ਦੀ ਗੁੱਥੀ ਸੁਲਝਾਉਂਦਿਆਂ ਉਕਤ ਹੱਤਿਆਵਾਂ ਦੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮ ਮ੍ਰਿਤਕਾਂ ਦਾ ਗੁਆਂਢੀ ਹੀ ਨਿਕਲਿਆ। ਮੁਲਜ਼ਮ ਦੀ ਪਤਨੀ ਕੁਝ ਸਮਾਂ ਪਹਿਲਾਂ ਕਿਸੇ ਨਾਲ ਭੱਜ ਗਈ ਸੀ ਤੇ ਉਸ ਨੂੰ ਸ਼ੱਕ ਸੀ ਕਿ ਉਸ ਦੇ ਗੁਆਂਢੀ ਸ਼ਿੰਗਾਰਾ ਰਾਮ ਨੇ ਹੀ ਉਸ ਨੂੰ ਭਜਾਇਆ ਹੈ। ਇਸੇ ਕਾਰਨ ਉਸ ਨੇ ਸ਼ਿੰਗਾਰਾ ਰਾਮ ਦਾ ਕੁਹਾੜੀ ਨਾਲ ਕਤਲ ਕਰ ਦਿੱਤਾ। ਸ਼ਿੰਗਾਰਾ ਰਾਮ ਦੇ 12 ਸਾਲਾ ਪੋਤੇ ਨੇ ਉਕਤ ਕਤਲ ਹੁੰਦਾ ਦੇਖ ਲਿਆ ਸੀ, ਜਿਸ ਕਾਰਨ ਮੁਲਜ਼ਮ ਨੇ ਉਸ ਦਾ ਵੀ ਕਤਲ ਕਰ ਦਿੱਤਾ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਨਵੀਨ ਸਿੰਗਲਾ ਨੇ ਦੱਸਿਆ ਕਿ ਉਕਤ ਡਬਲ ਮਰਡਰ ਤੋਂ ਬਾਅਦ ਖੇਤਰ ਵਿਚ ਦਹਿਸ਼ਤ ਦਾ ਮਾਹੌਲ ਸੀ, ਜਿਸ ਕਾਰਨ ਪੁਲਸ ਨੇ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਮਾਮਲੇ ਦੀ ਜਾਂਚ ਸੀ. ਆਈ. ਏ. ਮੁਖੀ ਰਾਜਿੰਦਰ ਕੁਮਾਰ ਨੂੰ ਸੌਂਪੀ। ਸੀ. ਆਈ. ਏ. ਸਟਾਫ ਨੇ ਜਾਂਚ ਦੌਰਾਨ ਮ੍ਰਿਤਕ ਸ਼ਿੰਗਾਰਾ ਰਾਮ ਦੇ ਗੁਆਂਢੀ ਸ਼ੋਕੀ ਰਾਮ ਉਰਫ ਸ਼ੋਕੀ ਵਾਸੀ ਪਥਰਾਲਾ ਨੂੰ ਗ੍ਰਿਫਤਾਰ ਕਰ ਲਿਆ, ਜਿਸ ਨੇ ਪੁੱਛਗਿੱਛ ਦੌਰਾਨ ਆਪਣਾ ਜੁਰਮ ਮੰਨ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਸ਼ੋਕੀ ਰਾਮ ਦੀ ਪਹਿਲੀ ਪਤਨੀ ਦੀ ਮੌਤ ਹੋ ਚੁੱਕੀ ਸੀ ਤੇ 2004 ਵਿਚ ਉਸ ਨੇ ਪਦਮਪੁਰ (ਰਾਜਸਥਾਨ) ਵਾਸੀ ਔਰਤ ਭੋਲੀ ਨਾਲ ਦੂਜਾ ਵਿਆਹ ਕੀਤਾ ਸੀ। ਕਰੀਬ ਇਕ ਮਹੀਨਾ ਪਹਿਲਾਂ ਉਸ ਦੀ ਪਤਨੀ ਭੋਲੀ ਰਾਜਸਥਾਨ ਵਾਸੀ ਬਾਜਾਰਾਮ ਨਾਲ ਭੱਜ ਗਈ। ਬਾਜਾਰਾਮ 1-2 ਵਾਰ ਉਸ ਦੇ ਗੁਆਂਢੀ ਸ਼ਿੰਗਾਰਾ ਰਾਮ ਨੂੰ ਮਿਲਿਆ ਸੀ, ਜਿਸ ਕਾਰਨ ਸ਼ੋਕੀ ਨੂੰ ਸ਼ੱਕ ਹੋਇਆ ਕਿ ਉਸ ਦੀ ਪਤਨੀ ਨੂੰ ਭਜਾਉਣ ਵਿਚ ਸ਼ਿੰਗਾਰਾ ਰਾਮ ਦਾ ਹੱਥ ਹੈ। ਇਸ ਰੰਜਿਸ਼ ਤਹਿਤ ਉਸ ਨੇ 29 ਸਤੰਬਰ ਨੂੰ ਕੁਹਾੜੀ ਲੈ ਕੇ ਸ਼ਿੰਗਾਰਾ ਰਾਮ ਦੇ ਘਰ ਜਾ ਕੇ ਉਸ ਦੀ ਹੱਤਿਆ ਕਰ ਦਿੱਤੀ। ਸ਼ਿੰਗਾਰਾ ਰਾਮ ਦਾ ਪੋਤਾ ਮੰਗਲਜੀਤ ਵੀ ਉਸ ਵੇਲੇ ਦੂਜੇ ਕਮਰੇ ਵਿਚ ਟੀ. ਵੀ. ਦੇਖ ਰਿਹਾ ਸੀ। ਰੌਲਾ ਸੁਣ ਕੇ ਉਹ ਬਾਹਰ ਆਇਆ ਅਤੇ ਉਸ ਨੇ ਉਕਤ ਕਤਲ ਹੁੰਦਾ ਦੇਖ ਲਿਆ, ਜਿਸ ਤੋਂ ਬਾਅਦ ਸ਼ੋਕੀ ਰਾਮ ਡਰ ਗਿਆ ਤੇ ਉਸ ਨੇ ਉਸੇ ਕੁਹਾੜੀ ਨਾਲ ਮੰਗਲਜੀਤ ਦਾ ਵੀ ਕਤਲ ਕਰ ਦਿੱਤਾ ਤੇ ਫਰਾਰ ਹੋ ਗਿਆ। ਪੁਲਸ ਨੇ ਮੁਲਜ਼ਮ ਦੇ ਕਬਜ਼ੇ 'ਚੋਂ ਵਾਰਦਾਤ ਵਿਚ ਵਰਤੀ ਗਈ ਕੁਹਾੜੀ ਤੋਂ ਇਲਾਵਾ ਮ੍ਰਿਤਕ ਸ਼ਿੰਗਾਰਾ ਰਾਮ ਦੀ ਅੰਗੂਠੀ, ਆਧਾਰ ਕਾਰਡ, ਪਛਾਣ ਕਾਰਡ, ਘੜੀ ਆਦਿ ਵੀ ਬਰਾਮਦ ਕਰ ਲਈ ਹੈ। ਪੁਲਸ ਮਾਮਲੇ ਵਿਚ ਅਗਲੀ ਕਾਰਵਾਈ ਕਰ ਰਹੀ ਹੈ।