ਕਤਲ ਕਰਕੇ ਨੌਜਵਾਨ ਦੀ ਲਾਸ਼ ਨਹਿਰ ਦੀ ਪਟੜੀ ''ਤੇ ਸੁੱਟੀ

09/24/2017 3:27:44 AM

ਜਗਰਾਓਂ(ਜਸਬੀਰ ਸ਼ੇਤਰਾ)-ਇਥੋਂ ਚਾਰ ਕਿਲੋਮੀਟਰ ਦੂਰ ਸਥਿਤ ਪਿੰਡ ਅਖਾੜਾ ਤੋਂ ਡੱਲਾ ਨੂੰ ਜਾਂਦੇ ਰਸਤੇ 'ਤੇ ਨਹਿਰ ਦੀ ਪਟੜੀ ਤੋਂ ਅੱਜ ਸਵੇਰੇ ਬੇਰਹਿਮੀ ਨਾਲ ਕਤਲ ਕਰਕੇ ਇਕ ਨੌਜਵਾਨ ਦੀ ਸੁੱਟੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਮੌਕੇ 'ਤੇ ਜਾਂਚ ਲਈ ਪੁਲਸ ਜ਼ਿਲੇ ਦੇ ਐੱਸ. ਐੱਸ. ਪੀ. ਸੁਰਜੀਤ ਸਿੰਘ ਸਮੇਤ ਜਗਰਾਓਂ ਤੋਂ ਕਈ ਸੀਨੀਅਰ ਪੁਲਸ ਅਧਿਕਾਰੀ ਪਹੁੰਚੇ। ਪੁਲਸ ਨੇ ਅਣਪਛਾਤੇ ਕਾਤਲਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਤਲ ਪਿੱਛੇ ਪਿਆਰ ਸਬੰਧਾਂ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਲਾਸ਼ ਦੀ ਸ਼ਨਾਖਤ ਨਾ ਹੋਣ ਕਰਕੇ ਇਸ ਨੂੰ ਸਿਵਲ ਹਸਪਤਾਲ ਜਗਰਾਓਂ 'ਚ ਰੱਖਿਆ ਗਿਆ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਜਦੋਂ ਕੁਝ ਲੋਕ ਪਸ਼ੂ ਚਾਰਦੇ ਹੋਏ ਨਹਿਰ ਦੀ ਪਟੜੀ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ ਨੇੜੇ ਹੀ ਝਾੜੀਆਂ 'ਚ ਪਈ ਲਾਸ਼ ਦਿਖਾਈ ਦਿੱਤੀ। ਉਨ੍ਹਾਂ ਤੁਰੰਤ ਪਿੰਡ ਦੇ ਸਰਪੰਚ ਤੇ ਹੋਰਨਾਂ ਮੋਹਤਬਰਾਂ ਨੂੰ ਜਾਣਕਾਰੀ ਦਿੱਤੀ ਜਿਨ੍ਹਾਂ ਅੱਗੇ ਪੁਲਸ ਨੂੰ ਇਸ ਬਾਰੇ ਇਤਲਾਹ ਦਿੱਤੀ। ਇਸ 'ਤੇ ਐੱਸ. ਐੱਸ. ਪੀ. ਸੁਰਜੀਤ ਸਿੰਘ ਆਈ. ਪੀ. ਐੱਸ. ਤੋਂ ਇਲਾਵਾ ਐੱਸ. ਪੀ. (ਡੀ) ਰਵਿੰਦਰ ਭਾਰਦਵਾਜ, ਡੀ. ਐੱਸ. ਪੀ. ਕੰਵਰਪਾਲ ਸਿੰਘ, ਡੀ. ਐੱਸ. ਪੀ. ਸਰਬਜੀਤ ਸਿੰਘ, ਥਾਣਾ ਸਦਰ ਜਗਰਾਓਂ ਇੰਚਾਰਜ ਰਮਿੰਦਰਜੀਤ ਸਿੰਘ ਗਿੱਲ, ਥਾਣਾ ਹਠੂਰ ਮੁਖੀ ਰਾਜੇਸ਼ ਕੁਮਾਰ ਆਦਿ ਮੌਕੇ 'ਤੇ ਪਹੁੰਚੇ। ਕਤਲ ਦੀ ਸੂਹ ਕੱਢਣ ਲਈ ਪੁਲਸ ਵੱਲੋਂ ਆਪਣੇ ਮਾਹਿਰ ਵੀ ਸੱਦੇ ਗਏ। ਲਾਸ਼ ਦੇ ਨੇੜੇ ਹੀ ਇਕ ਦਾਤ ਵੀ ਮਿਲਿਆ, ਜਿਸ ਨਾਲ ਇਹ ਕਤਲ ਕੀਤਾ ਗਿਆ। ਦੇਖਣ ਨੂੰ 25-26 ਸਾਲ ਦੇ ਨੌਜਵਾਨ ਦੇ ਸਰੀਰ 'ਤੇ ਹੋਰ ਵੀ ਕਈ ਥਾਈਂ ਸੱਟਾਂ ਤੇ ਖੂਨ ਦੇ ਨਿਸ਼ਾਨ ਸਨ। 2 ਜੁੱਤੀਆਂ ਵੀ ਨੇੜੇ ਹੀ ਪਈਆਂ ਮਿਲੀਆਂ। ਪੁਲਸ ਅਧਿਕਾਰੀਆਂ ਅਨੁਸਾਰ ਕਤਲ ਕੀਤੇ ਨੌਜਵਾਨ ਦੀ ਸੱਜੀ ਬਾਂਹ 'ਤੇ ਐੱਸ. ਐੱਸ. ਲਿਖਿਆ ਹੋਇਆ ਹੈ ਤੇ ਉਸ ਦੀ ਇਕ ਬਾਂਹ 'ਚ ਕੜਾ ਤੇ ਗਲ 'ਚ ਚੈਨ ਸੀ। ਪੁਲਸ ਕਈ ਪੱਖਾਂ ਤੋਂ ਕਤਲ ਦੀ ਜਾਂਚ ਕਰ ਰਹੀ ਹੈ ਤੇ ਪਿਆਰ ਸਬੰਧਾਂ ਤੋਂ ਵੀ ਇਨਕਾਰ ਨਹੀਂ ਕਰ ਰਹੀ। ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਨੌਜਵਾਨ ਨੂੰ ਇਸ ਥਾਂ 'ਤੇ ਕਿਸ ਤਰ੍ਹਾਂ ਲਿਆਂਦਾ ਗਿਆ। ਕਤਲ ਕਰਕੇ ਇਥੇ ਸੁੱਟਿਆ ਜਾਂ ਕਤਲ ਹੀ ਇਸ ਥਾਂ 'ਤੇ ਲਿਆ ਕੇ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਿੰਡ ਅਖਾੜਾ ਦੇ ਸਰਪੰਚ ਹਰਨੇਕ ਸਿੰਘ ਦੇ ਬਿਆਨਾਂ 'ਤੇ ਅਣਪਛਾਤੇ ਕਾਤਲਾਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ।


Related News