9 ਸਾਲਾ ਲੜਕੇ ਦਾ ਗਲਾ ਵੱਢ ਕੇ ਕਤਲ (ਵੀਡੀਓ)

01/18/2017 3:06:35 PM

ਲੁਧਿਆਣਾ(ਕੁਲਵੰਤ)- ਥਾਣਾ ਦੁੱਗਰੀ ਦੇ ਇਲਾਕਾ ਸ਼ਹੀਦ ਕਰਨੈਲ ਸਿੰਘ ਨਗਰ ਵਿਚ ਹੋਈ ਇਕ ਵਾਰਦਾਤ ਵਿਚ 9 ਸਾਲਾ ਲੜਕੇ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ, ਜਿਸ ਦੀ ਲਾਸ਼ ਪੁਲਸ ਨੇ ਇਕ ਬੇਆਬਾਦ ਪਲਾਟ ''ਚੋਂ ਬਰਾਮਦ ਕੀਤੀ। ਇਸ ਵਾਰਦਾਤ ਦਾ ਪਤਾ ਸ਼ਾਮ ਨੂੰ ਉਸ ਸਮੇਂ ਲੱਗਾ ਜਦੋਂ ਕਿਸੇ ਰਾਹਗੀਰ ਨੇ ਪਲਾਟ ਵਿਚ ਲੜਕੇ ਦੀ ਲਾਸ਼ ਖੂਨ ਨਾਲ ਲਿੱਬੜੀ ਹਾਲਤ ਵਿਚ ਪਈ ਦੇਖੀ ਤਾਂ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਡੀ. ਸੀ. ਪੀ. ਕ੍ਰਾਈਮ ਭੁਪਿੰਦਰ ਸਿੰਘ, ਥਾਣਾ ਦੁੱਗਰੀ ਮੁਖੀ ਇੰਸਪੈਕਟਰ ਪ੍ਰੇਮ ਸਿੰਘ ਪੁਲਸ ਪਾਰਟੀ ਸਮੇਤ ਮੌਕੇ ''ਤੇ ਪੁੱਜੇ। ਪੁਲਸ ਨੇ ਪੰਚਨਾਮਾ ਕਰਨ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਇਸ ਸਬੰਧੀ ਕਤਲ ਦਾ ਕੇਸ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਇਸ ਕੇਸ ਵਿਚ ਪੁਰਾਣੀ ਰੰਜਿਸ਼ ਕਾਰਨ ਹੋਏ ਕਤਲ ਦੀ ਥਿਊਰੀ ਮੰਨ ਕੇ ਵੀ ਜਾਂਚ ਵਿਚ ਜੁਟੀ ਹੋਈ ਹੈ।
ਇੰਸਪੈਕਟਰ ਪ੍ਰੇਮ ਨੇ ਦੱਸਿਆ ਕਿ ਮ੍ਰਿਤਕ ਲੜਕੇ ਦੀ ਪਛਾਣ ਇਸੇ ਇਲਾਕੇ ਦੇ ਰਹਿਣ ਵਾਲੇ 9 ਸਾਲਾ ਦੇ ਦੀਪੂ ਵਜੋਂ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਦੀਪੂ ਦੇ ਪਿਤਾ ਦਲੀਪ ਨੇ ਦੱਸਿਆ ਕਿ ਉਹ ਦਿਹਾੜੀਦਾਰ ਮਜ਼ਦੂਰ ਹੈ ਅਤੇ ਲੇਬਰ ਕਰਨ ਤੋਂ ਬਾਅਦ ਉਹ ਆਪਣੇ ਪਰਿਵਾਰ ਦਾ ਗੁਜ਼ਰ-ਬਸਰ ਕਰਦਾ ਹੈ। ਦੁਪਹਿਰ ਨੂੰ ਅਚਾਨਕ ਉਸ ਦਾ ਬੇਟਾ ਖੇਡਦਾ ਹੋਇਆ ਗਾਇਬ ਹੋ ਗਿਆ, ਜਿਸ ਤੋਂ ਬਾਅਦ ਉਸ ਦੀ ਹਰ ਜਗ੍ਹਾ ਭਾਲ ਕੀਤੀ ਗਈ ਪਰ ਸ਼ਾਮ ਉਨ੍ਹਾਂ ਨੂੰ ਪੁਲਸ ਤੋਂ ਹੀ ਸੂਚਨਾ ਮਿਲੀ ਕਿ ਇਕ ਬੱਚੇ ਦੀ ਲਾਸ਼ ਪਲਾਟ ਵਿਚ ਪਈ ਹੈ। ਜਿਸ ਤੋਂ ਬਾਅਦ ਉਹ ਉਥੇ ਪੁੱਜੇ ਤਾਂ ਉਹ ਲਾਸ਼ ਉਨ੍ਹਾਂ ਦੇ ਬੇਟੇ ਦੀ ਸੀ। ਥਾਣਾ ਮੁਖੀ ਨੇ ਦੱਸਿਆ ਕਿ ਲੜਕੇ ਦਾ ਗਲਾ ਵੱਢ ਕੇ ਕਤਲ ਕੀਤਾ ਗਿਆ ਸੀ। ਪੁਲਸ ਨੂੰ ਮੌਕੇ ਤੋਂ ਕੁਝ ਸੁਰਾਗ ਮਿਲੇ ਹਨ, ਜਿਸ ਤੋਂ ਲੱਗਦਾ ਹੈ ਕਿ ਇਹ ਕਤਲ ਰੰਜਿਸ਼ਨ ਕੀਤਾ ਗਿਆ ਸੀ। ਪੁਲਸ ਜਲਦ ਹੀ ਇਸ ਵਾਰਦਾਤ ਦਾ ਨਿਪਟਾਰਾ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਵੇਗੀ। ਹਾਲ ਦੀ ਘੜੀ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰਦੇ ਹੋਏ ਕਈ ਟੀਮਾਂ ਬਣਾ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Related News