ਚਾਕੂ ਨਾਲ ਵਾਰ ਕਰ ਕੇ ਬਜ਼ੁਰਗ ਦਾ ਕਤਲ ਕਰਨ ਵਾਲੇ ਪੰਜ ਦੋਸ਼ੀ ਕਰਾਰ
Wednesday, Feb 26, 2020 - 04:06 PM (IST)
ਚੰਡੀਗੜ੍ਹ (ਸੰਦੀਪ) : ਚਾਕੂ ਨਾਲ ਵਾਰ ਕਰ ਕੇ ਬਜ਼ੁਰਗ ਧਰਮ ਸਿੰਘ (65) ਦਾ ਕਤਲ ਕਰਨ ਦੇ ਮਾਮਲੇ 'ਚ ਜ਼ਿਲਾ ਅਦਾਲਤ ਨੇ ਪੰਜ ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਕੇਸ 'ਚ ਪ੍ਰੀਤ, ਹਰਜੀਤ, ਗੁਰਪ੍ਰੀਤ, ਸੂਰਜ ਅਤੇ ਗੁਰਪ੍ਰੀਤ ਨੂੰ ਦੋਸ਼ੀ ਕਰਾਰ ਦਿੱਤਾ ਹੈ। ਸਾਰੇ ਦੋਸ਼ੀਆਂ ਨੂੰ ਵੀਰਵਾਰ ਨੂੰ ਸਜ਼ਾ ਸੁਣਾਈ ਜਾਵੇਗੀ। ਅਗਸਤ 2017 'ਚ ਸਬੰਧਤ ਥਾਣਾ ਪੁਲਸ ਨੇ ਸਾਰੇ ਦੋਸ਼ੀਆਂ ਖਿਲਾਫ ਕੇਸ ਦਰਜ ਕੀਤਾ ਸੀ। ਥਾਣਾ ਪੁਲਸ ਵੱਲੋਂ ਦਰਜ ਕੀਤੇ ਗਏ ਕੇਸ ਅਨੁਸਾਰ ਧਰਮ ਸਿੰਘ ਆਟੋ ਚਲਾਉਂਦਾ ਸੀ ਅਤੇ 14 ਅਗਸਤ, 2017 ਦੀ ਰਾਤ ਨੂੰ ਉਹ ਮਨੀਮਾਜਰਾ ਸਥਿਤ ਮਾੜੀ ਵਾਲਾ ਟਾਊਨ 'ਚ ਆਪਣੇ ਘਰ ਪਹੁੰਚਿਆ ਸੀ। ਘਰ ਦੇ ਬਾਹਰ ਗਲੀ 'ਚ ਹੀ ਉਸ ਨੂੰ ਉਸ ਦਾ ਰਿਸ਼ਤੇਦਾਰ ਸਤਨਾਮ ਸਿੰਘ ਮਿਲ ਗਿਆ ਅਤੇ ਦੋਵੇਂ ਉੱਥੇ ਖੜ੍ਹੇ ਹੋ ਕੇ ਗੱਲ ਕਰਨ ਲੱਗੇ।
ਇਸ ਸਮੇਂ ਉਨ੍ਹਾਂ ਦੇ ਗੁਆਂਢ 'ਚ ਰਹਿਣ ਵਾਲਾ ਗੁਰਪ੍ਰੀਤ ਆਪਣੇ ਹੋਰ ਸਾਥੀਆਂ ਨਾਲ ਉੱਥੇ ਚਾਕੂ ਅਤੇ ਡੰਡੇ ਲੈ ਕੇ ਪਹੁੰਚ ਗਿਆ। ਇਸ ਤੋਂ ਪਹਿਲਾਂ ਕਿ ਧਰਮ ਸਿੰਘ ਅਤੇ ਸਤਨਾਮ ਕੁਝ ਸਮਝ ਪਾਉਂਦੇ, ਸਾਰਿਆਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਧਰਮ ਸਿੰਘ ਦੇ ਸਿਰ ਅਤੇ ਸਤਨਾਮ ਸਿੰਘ 'ਤੇ ਵੀ ਚਾਕੂਆਂ ਨਾਲ ਵਾਰ ਕੀਤੇ ਗਏ। ਦੋਹਾਂ ਨੇ ਉਥੋਂ ਭੱਜ ਕੇ ਜਾਨ ਬਚਾਈ। ਇਸ ਤੋਂ ਬਾਅਦ ਸਾਰੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਸਨ। ਦੋਹਾਂ ਨੂੰ ਜ਼ਖ਼ਮੀ ਹਾਲਤ 'ਚ ਸੈਕਟਰ-32 ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਹਸਪਤਾਲ 'ਚ ਇਲਾਜ ਦੌਰਾਨ ਹੀ ਅਗਲੇ ਦਿਨ ਸਵੇਰੇ ਧਰਮ ਸਿੰਘ ਦੀ ਮੌਤ ਹੋ ਗਈ ਸੀ।
ਨਸ਼ਾ ਕਰਨ ਵਾਲਿਆਂ ਨੂੰ ਰੋਕਦੇ ਸਨ
ਧਰਮ ਸਿੰਘ ਅਤੇ ਸਤਨਾਮ ਦੇ ਪਰਿਵਾਰ ਦਾ ਦੋਸ਼ ਸੀ ਕਿ ਦੋਵੇਂ ਮੁਲਜ਼ਮਾਂ ਨੂੰ ਗਲੀ 'ਚ ਨਸ਼ਾ ਕਰਨ ਅਤੇ ਗਲੀ 'ਚ ਜਾਣ ਵਾਲੀਆਂ ਲੜਕੀਆਂ ਨਾਲ ਛੇੜਛਾੜ ਕਰਨ ਤੋਂ ਰੋਕਦੇ ਸਨ, ਜਿਸ ਕਾਰਣ ਹੀ ਉਹ ਉਨ੍ਹਾਂ ਨਾਲ ਰੰਜਿਸ਼ ਰੱਖਦੇ ਸਨ। ਵਾਰਦਾਤ ਤੋਂ ਬਾਅਦ ਪੁਲਸ ਨੇ ਪੰਜ ਦੋਸ਼ੀਆਂ ਖਿਲਾਫ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਸੀ।