ਅੰਨ੍ਹੇ ਕਤਲ ਦੇ ਕੇਸ ਦੀ ਗੁੱਥੀ ਸੁਲਝੀ, ਪੁਲਸ ਨੇ ਤਿੰਨ ਨੂੰ ਕੀਤਾ ਗ੍ਰਿਫਤਾਰ

Friday, Oct 13, 2017 - 01:58 PM (IST)

ਅੰਨ੍ਹੇ ਕਤਲ ਦੇ ਕੇਸ ਦੀ ਗੁੱਥੀ ਸੁਲਝੀ, ਪੁਲਸ ਨੇ ਤਿੰਨ ਨੂੰ ਕੀਤਾ ਗ੍ਰਿਫਤਾਰ

ਖੰਨਾ (ਸੁਨੀਲ) : ਮਾਛੀਵਾੜਾ ਪੁਲਸ ਨੇ ਇਕ ਅੰਨ੍ਹੇ ਕਤਲ ਦੇ ਕੇਸ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਇਸ ਕੇਸ ਦੇ 3 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਕ ਪ੍ਰੈੱਸ ਕਾਨਫਰੰਸ ਦੌਰਾਨ ਪੁਲਸ ਜ਼ਿਲਾ ਖੰਨਾ ਦੇ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਤੇ ਹੋਰ ਅਧਿਕਾਰੀਆਂ ਨੇ ਦੱਸਿਆ ਕਿ ਮਾਛੀਵਾੜਾ ਪੁਲਸ ਨੂੰ ਬੀਤੇ ਸਾਲ 12 ਅਕਤੂਬਰ ਨੂੰ ਸ਼ਿਕਾਇਤਕਰਤਾ ਦਵਿੰਦਰ ਕੌਰ ਦੇ ਬਿਆਨਾਂ 'ਤੇ ਉਸ ਦੀ ਮਾਂ ਕੁਲਦੀਪ ਕੌਰ ਪਤਨੀ ਆਤਮਾ ਸਿੰਘ ਦੇ ਨਾਲ-ਨਾਲ ਥਾਨਜੀਤ ਸਿੰਘ ਵਾਸੀ ਪਵਾਤ ਦੇ ਗੁੰਮ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ।
ਮਾਹਲ ਨੇ ਦੱਸਿਆ ਕਿ ਪੁਲਸ ਵਲੋਂ ਇਸ ਕੇਸ ਸਬੰਧੀ ਤਿੰਨ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਇਸ ਅੰਨ੍ਹੇ ਕਤਲ ਦੇ ਕੇਸ ਨੂੰ ਸੁਲਝਾਇਆ, ਜਿਨ੍ਹਾਂ ਦੀ ਪਛਾਣ ਹਰਜਿੰਦਰ ਸਿੰਘ, ਸੁਖਚੈਨ ਸਿੰਘ ਦੋਵੇਂ ਪੁੱਤਰ ਥਾਨਜੀਤ ਸਿੰਘ ਅਤੇ ਕਮਲਜੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਪਵਾਤ ਵਜੋਂ ਹੋਈ। ਕਥਿਤ ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਨ੍ਹਾਂ ਦਾ ਪਿਤਾ ਥਾਨਜੀਤ ਸਿੰਘ ਦੀ ਜ਼ਮੀਨ ਦੀ ਦੇਖਭਾਲ ਕਰਦਾ ਸੀ। ਉਨ੍ਹਾਂ ਦੱਸਿਆ ਕਿ ਥਾਨਜੀਤ ਸਿੰਘ ਦੇ ਕੁਲਦੀਪ ਕੌਰ ਦੇ ਨਾਲ ਪ੍ਰੇਮ ਸੰਬੰਧ ਸਨ ਅਤੇ ਉਹ ਦੋਵੇਂ ਇਕੱਠੇ ਰੋਪੜ ਨੇੜੇ ਇਕ ਪਿੰਡ 'ਚ ਰਹਿਣ ਲੱਗ ਪਏ ਸਨ। ਇਸ ਦੌਰਾਨ ਥਾਨਜੀਤ ਸਿੰਘ ਆਪਣੀ ਜ਼ਮੀਨ ਕੁਲਦੀਪ ਕੌਰ ਦੇ ਨਾਂ ਕਰਵਾਉਣ ਲੱਗਿਆ ਸੀ, ਜਿਸ ਦੀ ਭਿਣਕ ਉਨ੍ਹਾਂ ਨੂੰ ਲੱਗ ਗਈ।
ਉਨ੍ਹਾਂ ਥਾਨਜੀਤ ਸਿੰਘ ਅਤੇ ਕੁਲਦੀਪ ਕੌਰ ਨੂੰ ਕਾਰ 'ਚ ਬਿਠਾ ਕੇ ਲੈ ਗਏ ਅਤੇ ਭਾਖੜਾ ਨਹਿਰ 'ਚ ਦੋਨਾਂ ਨੂੰ ਸੁੱਟ ਕੇ ਮਾਰ ਦਿੱਤਾ। ਪੁਲਸ ਨੇ ਤਿੰਨਾਂ ਖਿਲਾਫ ਕੇਸ ਦਰਜ ਕਰਦੇ ਹੋਏ ਗ੍ਰਿਫਤਾਰ ਕਰ ਲਿਆ ਤੇ ਥਾਨਜੀਤ ਅਤੇ ਕੁਲਦੀਪ ਕੌਰ ਦੀਆਂ ਲਾਸ਼ਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।


Related News