ਮਿਊਂਸੀਪਲ ਪੈਨਸ਼ਨਰਜ਼ ਵੱਲੋਂ ਸਰਕਾਰ ਖਿਲਾਫ਼ ਨਾਅਰੇਬਾਜ਼ੀ
Tuesday, Jun 12, 2018 - 01:24 AM (IST)

ਟਾਂਡਾ ਉਡ਼ਮੁਡ਼, (ਗੁਪਤਾ)- ਮਿਊਂਸੀਪਲ ਪੈਨਸ਼ਨਰਜ਼ ਵੈੱਲਫ਼ੇਅਰ ਐਸੋਸੀਏਸ਼ਨ ਦੀਆਂ ਮੰਗਾਂ ਪ੍ਰਵਾਨ ਨਾ ਹੋਣ ਤੇ ਪੈਨਸ਼ਨ ਲੇਟ ਮਿਲਣ ਕਾਰਨ ਐਸੋਸੀਏਸ਼ਨ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਸੈਣੀ ਦੀ ਅਗਵਾਈ ’ਚ ਸ਼ਿਮਲਾ ਪਹਾਡ਼ੀ ਉਡ਼ਮੁਡ਼ ਵਿਖੇ ਮੀਟਿੰਗ ਹੋਈ, ਜਿਸ ’ਚ ਸਮੂਹ ਮੈਂਬਰਾਂ ਨੇ ਰੋਸ ਪ੍ਰਦਰਸ਼ਨ ਕਰਦੇ ਹੋਏ ਸਰਕਾਰ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ। ਮੀਟਿੰਗ ’ਚ ਸ਼ਾਮਲ ਇਕੱਠ ਨੂੰ ਸੰਬੋਧਨ ਕਰਦੇ ਪ੍ਰਧਾਨ ਸ਼ਿੰਗਾਰਾ ਸਿੰਘ ਨੇ ਕਿਹਾ ਕਿ ਪੈਨਸ਼ਨਰਾਂ ਵੱਲੋਂ ਆਪਣੀਆਂ ਜਾਇਜ਼ ਮੰਗਾਂ ਸਬੰਧੀ ਕਈ ਵਾਰ ਬੇਨਤੀਆਂ ਕੀਤੀਆਂ ਜਾ ਚੁੱਕੀਆਂ ਹਨ ਪਰ ਸਰਕਾਰ ਨੇ ਅੱਜ ਤੱਕ ਸਾਡੀਆਂ ਮੰਗਾਂ ਪ੍ਰਵਾਨ ਨਹੀਂ ਕੀਤੀਆਂ।
ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਜਨਵਰੀ 2018 ਤੋਂ 2 ਫੀਸਦੀ ਡੀ.ਏ. ਦੀ ਕਿਸ਼ਤ ਪੈਨਸ਼ਨਰਾਂ ਨੂੰ ਦੇ ਦਿੱਤੀ ਹੈ ਜਦਕਿ ਪੰਜਾਬ ਸਰਕਾਰ ਨੇ ਜਨਵਰੀ 2017 ਤੋਂ ਬਣਦੀ 22 ਮਹੀਨਿਆਂ ਦੀਅਾਂ ਡੀ.ਏ. ਦੀਆਂ ਕਿਸ਼ਤਾਂ ਅੱਜ ਤੱਕ ਨਹੀਂ ਦਿੱਤੀਆਂ। ਉਨ੍ਹਾਂ ਕਿਹਾ ਕਿ ਪੈਨਸ਼ਨ ਸੈੱਲ ਡਿਪਟੀ ਡਾਇਰੈਕਟਰ ਸਥਾਨਕ ਸਰਕਾਰ ਨੂੰ ਲਿਖਤੀ ਬੇਨਤੀ ਕੀਤੀ ਜਾ ਚੁੱਕੀ ਹੈ ਕਿ ਪੈਨਸ਼ਨਰਾਂ ਦੀ ਪੈਨਸ਼ਨ ਬਡ਼ੀ ਲੇਟ ਮਿਲ ਰਹੀ ਹੈ ਜਿਸ ਕਾਰਨ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਾਡੀਆਂ ਜਾਇਜ਼ ਮੰਗਾਂ ਪ੍ਰਵਾਨ ਨਾ ਕੀਤੀਆਂ ਤਾਂ ਸੰਘਰਸ਼ ਤੇਜ਼ ਕਰਦਿਆਂ ਸਡ਼ਕ ਜਾਮ ਲਏ ਜਾਣਗੇ।
ਇਸ ਮੌਕੇ ਅਸ਼ੋਕ ਕੁਮਾਰ, ਸੋਮ ਨਾਥ, ਰਤਨ ਸਿੰਘ, ਐੱਨ. ਪੀ. ਸਿੰਘ, ਨਿਰੰਜਣ ਸਿੰਘ, ਕੇਵਲ ਕ੍ਰਿਸ਼ਨ, ਧਰਮ ਚੰਦ, ਅੱਛਰ ਰਾਮ, ਅਮਰੀਕ ਸਿੰਘ, ਸੁਖਦੇਵ ਸਿੰਘ, ਬੂਆ ਸਿੰਘ, ਤਰਸੇਮ ਲਾਲ, ਗੁਰਦਿਆਲ ਸਿੰਘ, ਸ੍ਰੀਮਤੀ ਸ਼ਾਂਤੀ, ਰਾਜ ਰਾਣੀ, ਸਦਾਨੰਦ ਆਦਿ ਹਾਜ਼ਰ ਸਨ।