ਨਗਰ ਕੌਂਸਲ ਦੀ ਟੀਮ ਨੇ ਤੁਡ਼ਵਾਏ ਨਾਜਾਇਜ਼ ਥਡ਼੍ਹੇ
Friday, Aug 24, 2018 - 06:01 AM (IST)

ਕਪੂਰਥਲਾ, (ਗੁਰਵਿੰਦਰ ਕੌਰ)- ਨਗਰ ਕੌਂਸਲ ਕਪੂਰਥਲਾ ਵਲੋਂ ਈ. ਓ. ਕੁਲਭੂਸ਼ਣ ਗੋਇਲ ਦੀ ਅਗਵਾਈ ’ਚ ਸ਼ਹਿਰ ’ਚੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਚਲਾਈ ਗਈ ਮੁਹਿੰਮ ਤਹਿਤ ਅੱਜ ਪੰਚ ਮੰਦਰ ਦੇ ਨਜ਼ਦੀਕ ਮਾਰਕੀਟ ’ਚ ਦੁਕਾਨਦਾਰਾਂ ਵਲੋਂ ਦੁਕਾਨਾਂ ਦੇ ਬਾਹਰ ਬਣਾਏ ਗਏ ਥਡ਼੍ਹਿਅਾਂ ਨੂੰ ਜੇ. ਸੀ. ਬੀ. ਮਸ਼ੀਨ ਨਾਲ ਤੁਡ਼ਵਾਇਆ ਗਿਆ। ਮੌਕੇ ’ਤੇ ਹਾਜ਼ਰ ਈ. ਓ. ਕੁਲਭੂਸ਼ਣ ਗੋਇਲ ਨੇ ਦੱਸਿਆ ਕਿ ਇਸ ਮਾਰਕੀਟ ’ਚ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਬਾਹਰ ਬਹੁਤ ਵੱਡੇ ਥਡ਼੍ਹੇ ਬਣਾਏ ਹੋਏ ਸਨ, ਜਿਸ ਕਾਰਨ ਜਿਥੇ ਬਾਜ਼ਾਰ ਛੋਟਾ ਹੋਇਆ ਹੈ, ਉਥੇ ਹੀ ਇਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਉਨ੍ਹਾਂ ਨੇ ਦੁਕਾਨਦਾਰਾਂ ਨੂੰ ਚਿਤਾਵਨੀ ਦਿੰਦਿਅਾਂ ਕਿਹਾ ਕਿ ਜਿਨ੍ਹਾਂ ਦੁਕਾਨਦਾਰਾਂ ਨੇ ਅਜੇ ਵੀ ਆਪਣੀਆਂ ਦੁਕਾਨਾਂ ਦੇ ਬਾਹਰ ਛੋਟੇ ਥਡ਼੍ਹੇ ਬਣਾਏ ਹੋਏ ਹਨ, ਉਹ ਤੁਰੰਤ ਆਪਣੇ ਥਡ਼੍ਹੇ ਹਟਾ ਲੈਣ ਨਹੀਂ ਤਾਂ ਉਨ੍ਹਾਂ ਵਿਰੁੱਧ ਸਖ਼ਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸ਼ਹਿਰ ’ਚ ਕਿਸੇ ਵੀ ਤਰ੍ਹਾਂ ਦੇ ਨਾਜਾਇਜ਼ ਕਬਜ਼ੇ ਬਰਦਾਸ਼ਤ ਨਹੀਂ ਕੀਤੇ ਜਾਣਗੇ ਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਮੁਹਿੰਮ ਲਗਾਤਾਰ ਜਾਰੀ ਰੱਖਦੇ ਹੋਏ ਰੋਜ਼ਾਨਾ ਚੈਕਿੰਗ ਕੀਤੀ ਜਾਵੇਗੀ। ਇਸ ਮੌਕੇ ਸਬ ਇੰਸਪੈਕਟਰ ਕੁਲਵੰਤ ਸਿੰਘ, ਸਬ ਇੰਸ. ਜਸਵਿੰਦਰ ਸਿੰਘ, ਬਿਲਡਿੰਗ ਇੰਸ. ਚਰਨਜੀਤ ਸਿੰਘ ਤੇ ਇਨਕਰੋਚਮੈਂਟ ਸਟਾਫ ਹਾਜ਼ਰ ਸੀ।