ਨਗਰ ਕੌਂਸਲ ਨੇ ਗੈਰ-ਕਾਨੂੰਨੀ ਕਾਲੋਨੀ ''ਤੇ ਖਰਚੇ 6 ਕਰੋੜ!

Friday, Sep 29, 2017 - 01:56 AM (IST)

ਰੂਪਨਗਰ, (ਵਿਜੇ)- ਗੋਪਾਲ ਗਊਸ਼ਾਲਾ ਨੇ ਨਗਰ ਕੌਂਸਲ ਰੂਪਨਗਰ 'ਤੇ ਗੰਭੀਰ ਦੋਸ਼ ਲਾਇਆ ਕਿ ਕੌਂਸਲ ਨੇ ਇਕ ਗੈਰ-ਕਾਨੂੰਨੀ ਕਾਲੋਨੀ 'ਚ 6 ਕਰੋੜ ਰੁਪਏ ਖਰਚੇ ਹਨ, ਜਿਸ ਦੀ ਸਰਕਾਰ ਵੱਲੋਂ ਮਨਜ਼ੂਰੀ ਨਹੀਂ ਲਈ ਗਈ। ਇਸ ਦੀ ਵਿਜੀਲੈਂਸ ਵਿਭਾਗ ਵੱਲੋਂ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। 
ਗੋਪਾਲ ਗਊਸ਼ਾਲਾ ਦੇ ਪ੍ਰਧਾਨ ਇੰਜੀਨੀਅਰ ਭਾਰਤ ਭੂਸ਼ਣ ਸ਼ਰਮਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਨਗਰ ਕੌਂਸਲ ਦੇ ਪ੍ਰਧਾਨ ਤੇ ਇਕ ਅਕਾਲੀ ਕੌਂਸਲਰ 'ਤੇ ਗੰਭੀਰ ਦੋਸ਼ ਲਾਏ ਕਿ ਉਨ੍ਹਾਂ ਵਾਰਡ ਨੰਬਰ 9 'ਚ ਖੁਸ਼ਹਾਲ ਨਗਰ ਕਾਲੋਨੀ ਦੇ ਵੋਟਰਾਂ ਨੂੰ ਖੁਸ਼ ਕਰਨ ਲਈ ਵਾਟਰ ਸਪਲਾਈ, ਸੀਵਰੇਜ, ਸੜਕਾਂ ਤੇ ਹੋਰ ਕੰਮਾਂ 'ਤੇ ਕੌਂਸਲ ਦੇ 6 ਕਰੋੜ ਰੁਪਏ ਗੈਰ-ਕਾਨੂੰਨੀ ਢੰਗ ਨਾਲ ਲਵਾਏ ਹਨ।
ਗਊਸ਼ਾਲਾ ਦੇ ਪ੍ਰਬੰਧਕਾਂ ਅਤੇ ਉਸ ਖੇਤਰ ਦੇ ਕੁਝ ਵਾਸੀਆਂ 'ਚ ਗਊ ਦੇ ਗੋਹੇ ਕਾਰਨ ਤਕਰਾਰ ਦਾ ਮਾਹੌਲ ਪੈਦਾ ਹੋ ਗਿਆ ਹੈ। ਗਊਸ਼ਾਲਾ ਖੇਤਰ ਦੇ ਨਾਲ ਲੱਗਦੇ ਕੁਝ ਲੋਕਾਂ ਨੇ ਗਊਸ਼ਾਲਾ ਦੇ ਪ੍ਰਬੰਧਕਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਗੋਹੇ ਦੀ ਬਦਬੂ ਆ ਰਹੀ ਹੈ ਤੇ ਉਨ੍ਹਾਂ ਦਾ ਇਥੇ ਰਹਿਣਾ ਮੁਸ਼ਕਿਲ ਹੋ ਗਿਆ ਹੈ। ਇਸ 'ਤੇ ਗੋਪਾਲ ਗਊਸ਼ਾਲਾ ਦੇ ਪ੍ਰਧਾਨ ਭਾਰਤ ਭੂਸ਼ਣ ਸ਼ਰਮਾ ਨੇ ਕਿਹਾ ਕਿ ਗਊਸ਼ਾਲਾ 20 ਸਾਲਾਂ ਤੋਂ ਇਥੇ ਚੱਲ ਰਹੀ ਹੈ ਅਤੇ ਇਨ੍ਹਾਂ ਲੋਕਾਂ ਦੇ ਘਰਾਂ 'ਚ ਗਊਆਂ ਤੇ ਮੱਝਾਂ ਬੰਨ੍ਹੀਆਂ ਹੋਈਆਂ ਹਨ, ਕੀ ਉਨ੍ਹਾਂ ਤੋਂ ਬਦਬੂ ਨਹੀਂ ਆ ਰਹੀ? ਸ਼ਰਮਾ ਨੇ ਦੋਸ਼ ਲਾਇਆ ਕਿ ਇਸ ਖੇਤਰ ਦੇ ਕੁਝ ਲੋਕਾਂ ਵੱਲੋਂ ਨਾਲ ਲੱਗਦੀ ਨਹਿਰੀ ਵਿਭਾਗ ਦੀ ਜ਼ਮੀਨ 'ਤੇ ਕਬਜ਼ਾ ਕੀਤਾ ਹੋਇਆ ਹੈ ਤੇ ਇਸ ਦੇ ਨਾਲ ਹੀ ਕੁਝ ਲੋਕ ਇਸ ਖੇਤਰ 'ਚ ਮਾਈਨਿੰਗ ਦਾ ਗੈਰ-ਕਾਨੂੰਨੀ ਕਾਰੋਬਾਰ ਕਰਦੇ ਹਨ, ਜਿਸ ਕਾਰਨ ਇਹ ਵਿਵਾਦ ਪੈਦਾ ਹੋ ਗਿਆ। ਉਨ੍ਹਾਂ ਜ਼ਿਲਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਖੇਤਰ 'ਚ ਨਹਿਰੀ ਜ਼ਮੀਨ ਤੋਂ ਕਬਜ਼ੇ ਹਟਾਏ ਜਾਣ ਅਤੇ ਰੇਤਾ-ਬੱਜਰੀ ਦੇ ਕਾਰੋਬਾਰੀਆਂ ਦੀ ਵੀ ਜਾਂਚ ਕਰਵਾਈ ਜਾਵੇ। 


Related News