ਹਥਿਆਰ ਤਾਂ ਦੂਰ, ਡੰਡਾ ਤੱਕ ਨਹੀਂ ਹੈ ਨਿਗਮ ਪੁਲਸ ਕੋਲ

Wednesday, Jun 19, 2019 - 09:49 AM (IST)

ਜਲੰਧਰ (ਖੁਰਾਣਾ)—ਪਿਛਲੇ ਕਰੀਬ ਦੋ ਸਾਲਾਂ ਤੋਂ ਆਰਥਿਕ ਸੰਕਟ ਨਾਲ ਜੂਝ ਰਹੇ ਜਲੰਧਰ ਨਗਰ ਨਿਗਮ ਨੂੰ ਇਸ ਵਾਰ ਵੀ ਆਪਣੇ ਕਰਮਚਾਰੀਆਂ ਨੂੰ ਤਨਖਾਹ ਦੇਣ ਵਿਚ ਮੁਸ਼ਕਲ ਹੋ ਰਹੀ ਹੈ ਅਤੇ 18 ਤਰੀਕ ਹੋ ਜਾਣ ਦੇ ਬਾਵਜੂਦ ਜ਼ਿਆਦਾਤਰ ਸਟਾਫ ਨੂੰ ਤਨਖਾਹ ਨਹੀਂ ਮਿਲੀ।
ਇਕ ਪਾਸੇ ਜਿਥੇ ਨਿਗਮ ਦੀ ਕਮਾਈ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ ਨਹੀਂ ਕੀਤੀਆਂ ਜਾ ਰਹੀਆਂ, ਉਥੇ ਨਿਗਮ ਦੇ ਖਰਚਿਆਂ ਵਿਚ ਵੀ ਕਟੌਤੀ ਨਹੀਂ ਹੋ ਰਹੀ। ਨਿਗਮ ਕੋਲ ਇਸ ਸਮੇਂ 39 ਪੁਲਸ ਮੁਲਾਜ਼ਮ ਹਨ, ਜਿਨ੍ਹਾਂ ਨੂੰ ਨਿਗਮ ਹਰ ਮਹੀਨੇ ਲੱਖਾਂ ਰੁਪਏ ਤਨਖਾਹ ਦਿੰਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪੁਲਸ ਮੁਲਾਜ਼ਮਾਂ ਕੋਲ ਹਥਿਆਰ ਤਾਂ ਦੂਰ ਡੰਡਾ ਤੱਕ ਨਹੀਂ ਹੈ।

ਨਿਗਮ ਪੁਲਸ ਦੇ ਖਾਲੀ ਹੋਣ ਬਾਰੇ ਜਦੋਂ ਨਿਗਮ ਦੇ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਨੂੰ ਪਤਾ ਲੱਗਾ ਤਾਂ ਕੁਝ ਦਿਨ ਪਹਿਲਾਂ ਉਨ੍ਹਾਂ ਇਸ ਬਾਰੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨਾਲ ਗੱਲ ਕੀਤੀ। ਉਨ੍ਹਾਂ ਦਾ ਜਵਾਬ ਆਇਆ ਕਿ ਨਿਗਮ ਨੂੰ ਪੁਲਸ ਮੁਲਾਜ਼ਮ ਬਟਾਲੀਅਨ ਵਲੋਂ ਭੇਜੇ ਜਾਂਦੇ ਹਨ, ਇਸ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇ। ਜਦੋਂ ਜੁਆਇੰਟ ਕਮਿਸ਼ਨਰ ਦੇ ਸਬੰਧਤ ਬਟਾਲੀਅਨ ਦੇ ਮੁਖੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਮੁਲਾਜ਼ਮ ਡਾਇਰੈਕਟੋਰੇਟ ਤੋਂ ਅਲਾਟ ਹੁੰਦੇ ਹਨ। ਬਟਾਲੀਅਨ ਕੋਲ ਆਪਣੇ ਸਟਾਫ ਲਈ ਹੀ ਹਥਿਆਰ ਹਨ, ਇਸ ਲਈ ਇਨ੍ਹਾਂ ਦੇ ਹਥਿਆਰਾਂ ਬਾਰੇ ਡਾਇਰੈਕਟੋਰੇਟ ਨਾਲ ਸੰਪਰਕ ਕੀਤਾ ਜਾਵੇ। ਹੁਣ ਨਿਗਮ ਅਧਿਕਾਰੀ ਪੁਲਸ ਡਾਇਰੈਕਟੋਰੇਟ ਨਾਲ ਸੰਪਰਕ ਕਰਨ ਵਿਚ ਲੱਗੇ ਹਨ।

ਪੁਲਸ ਮੁਲਾਜ਼ਮਾਂ ਦੀ ਇੰਨੀ ਗਿਣਤੀ ਹੋਣ ਦੇ ਬਾਵਜੂਦ ਨਿਗਮ ਨੂੰ ਛੋਟੀ ਤੋਂ ਛੋਟੀ ਕਾਰਵਾਈ ਲਈ ਸਬੰਧਤ ਥਾਣਿਆਂ ਜਾਂ ਪੁਲਸ ਕਮਿਸ਼ਨਰੇਟ ਤੋਂ ਹੋਰ ਪੁਲਸ ਮੰਗਵਾਉਣੀ ਪੈਂਦੀ ਹੈ। ਕਈ ਵਾਰ ਪੁਲਸ ਫੋਰਸ ਨਾ ਮਿਲਣ ਕਾਰਨ ਕਾਰਵਾਈ ਲਟਕ ਵੀ ਜਾਂਦੀ ਹੈ ਤੇ ਸਾਰਾ ਪੈਸਾ ਖਤਮ ਹੋ ਜਾਂਦਾ ਹੈ।


Shyna

Content Editor

Related News