ਨਗਰ ਨਿਗਮ ਨੇ ਜੀ. ਟੀ. ਰੋਡ ''ਤੇ ਲੋਕਾਂ ਵਲੋਂ ਕੀਤੇ ਨਾਜਾਇਜ਼ ਕਬਜ਼ੇ ਢਾਹੇ

11/11/2017 7:44:47 AM

ਫਗਵਾੜਾ, (ਹਰਜੋਤ, ਜਲੋਟਾ, ਰੁਪਿੰਦਰ ਕੌਰ)- ਲੋਕਾਂ ਵਲੋਂ ਜੀ. ਟੀ. ਰੋਡ ਕੰਢੇ ਕੀਤੇ ਨਾਜਾਇਜ਼ ਕਬਜ਼ੇ ਹਟਾਉਣ ਲਈ ਮੁਹਿੰਮ ਕਮਿਸ਼ਨਰ ਬਖਤਾਵਰ ਸਿੰਘ ਤੇ ਸਹਾਇਕ ਕਮਿਸ਼ਨਰ ਸੁਰਜੀਤ ਸਿੰਘ ਦੀ ਅਗਵਾਈ 'ਚ ਚਲਾਈ ਗਈ। ਨਿਗਮ ਅਧਿਕਾਰੀ ਜੇ. ਸੀ. ਬੀ. ਮਸ਼ੀਨ ਲੈ ਕੇ ਜੀ. ਟੀ. ਰੋਡ ਤੋਂ ਸ਼ੁਰੂ ਹੋ ਕੇ ਸਤਨਾਮਪੁਰਾ ਪੁਲ ਦੇ ਹੇਠਾਂ ਵੱਲ ਦੀ ਹੁੰਦੇ ਹੋਏ ਵਾਪਸ ਗੋਲ ਚੌਕ ਪਹੁੰਚੇ।
ਇਸ ਮੌਕੇ ਨਿਗਮ ਅਧਿਕਾਰੀਆਂ ਵਲੋਂ ਲੋਕਾਂ ਦੀਆਂ ਕਰੀਬ 30 ਸ਼ੈੱਡਾਂ ਢਾਹੀਆਂ ਗਈਆਂ ਅਤੇ ਸੜਕਾਂ ਦੇ ਕੰਢਿਆਂ 'ਤੇ ਲੱਗੇ ਕਰੀਬ 20 ਜਰਨੇਟਰ ਵੀ ਬੰਦ ਕਰਵਾ ਕੇ ਉਨ੍ਹਾਂ ਨੂੰ ਤੁਰੰਤ ਉਥੋਂ ਚੁੱਕਵਾ ਦਿੱਤਾ ਅਤੇ ਸੜਕ ਕੰਢੇ ਲੱਗੇ ਖੋਖੇ, ਰੇਹੜੀਆਂ ਤੇ ਵਾਧੂ ਬਣਾਏ ਥੜ੍ਹੇ ਵੀ ਤੁੜਵਾ ਦਿੱਤੇ। ਨਗਰ ਨਿਗਮ ਵਲੋਂ ਅੱਜ ਸਵੇਰ ਤੋਂ ਹੀ ਵੱਡੀ ਪੱਧਰ 'ਤੇ ਟੀਮ ਲੈ ਕੇ ਇਹ ਕੰਮ ਸ਼ੁਰੂ ਕੀਤਾ ਗਿਆ।
ਨਿਗਮ ਦੀ ਟੀਮ ਨੂੰ ਕਈ ਜਗ੍ਹਾ 'ਤੇ ਲੋਕਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਪਰ ਨਿਗਮ ਅਧਿਕਾਰੀ ਆਪਣਾ ਕੰਮ ਕਰਕੇ ਹੀ ਤੁਰੇ। ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਸੁਰਜੀਤ ਸਿੰਘ ਨੇ ਦੱਸਿਆ ਕਿ ਲੋਕਾਂ ਵਲੋਂ ਸੜਕਾਂ 'ਤੇ ਕਾਫ਼ੀ ਨਾਜਾਇਜ਼ ਕਬਜ਼ੇ ਕਰ ਲਏ ਗਏ ਸਨ। ਜਿਨ੍ਹਾਂ ਨੂੰ ਢਾਹੁਣ ਲਈ ਅੱਜ ਮੁਹਿੰਮ ਚਲਾਈ ਗਈ ਹੈ ਅਤੇ ਇਹ ਮੁਹਿੰਮ ਹੁਣ ਲਗਾਤਾਰ ਜਾਰੀ ਰਹੇਗੀ। ਟੀਮ 'ਚ ਨਰੇਸ਼ ਕੁਮਾਰ, ਇੰਸ. ਅਮਨ ਕੁਮਾਰ, ਥਾਣੇਦਾਰ ਅਮਰੀਕ ਸਿੰਘ ਹਾਜ਼ਰ ਸਨ। 
ਕੀ ਕਹਿੰਦੇ ਹਨ ਲੋਕ
ਇਸ ਸਬੰਧੀ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਨਗਰ ਵਲੋਂ ਇਕ ਤਰਫ਼ਾ ਕਾਰਵਾਈ ਕੀਤੀ ਜਾ ਰਹੀ ਹੈ। ਜਿਹੜੇ ਦੁਕਾਨਦਾਰ ਸਿਆਸੀ ਪਹੁੰਚ ਰੱਖਦੇ ਹਨ ਉਨ੍ਹਾਂ ਦਾ ਕੁੱਝ ਨਹੀਂ ਵਿਗਾੜਿਆ ਜਾਂਦਾ ਅਤੇ ਆਮ ਲੋਕਾਂ ਨੂੰ ਹੀ ਨਿਗਮ ਪ੍ਰੇਸ਼ਾਨ ਕਰ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਜੇਕਰ ਨਿਗਮ ਨੇ ਕਾਰਵਾਈ ਕਰਨੀ ਹੈ ਤਾਂ ਸਾਰਿਆਂ ਨਾਲ ਬਰਾਬਰ ਕੀਤੀ ਅਤੇ ਕਿਸੇ ਨੂੰ ਵੀ ਬਖਸ਼ਿਆ ਨਾ ਜਾਵੇ।


Related News