ਨਗਰ ਨਿਗਮ ਨੇ ਚਾਰ ਡਿਫਾਲਟਰਾਂ ਦੀਆਂ ਪ੍ਰਾਪਰਟੀਆਂ ਕੀਤੀਆਂ ਸੀਲ

Thursday, Aug 30, 2018 - 05:40 AM (IST)

ਪਟਿਆਲਾ, (ਬਲਜਿੰਦਰ)- ਨਗਰ ਨਿਗਮ ਨੇ ਪ੍ਰਾਪਰਟੀ ਟੈਕਸ ਡਿਫਾਲਟਰਾਂ ਖਿਲਾਫ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਇਕ ਪਾਸੇ ਸਰਕਾਰ ਵੱਲੋਂ 30 ਸਤੰਬਰ ਤੱਕ ਦੀ ਦਿੱਤੀ ਗਈ ਛੂਟ ਦੇ ਤਹਿਤ ਵੱਧ ਤੋਂ ਵੱਧ ਲੋਕਾਂ ਨੂੰ ਪ੍ਰਾਪਰਟੀ ਟੈਕਸ ਭਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਉਥੇ ਹੀ ਨਿਗਮ ਦੀ ਟੀਮ ਨੇ ਸੁਪਰਡੈਂਟ ਰਮਿੰਦਰਪਾਲ ਸਿੰਘ ਦੀ ਅਗਵਾਈ ਹੇਠ ਚਾਰ ਪ੍ਰਾਪਰਟੀਆਂ ਨੂੰ ਸੀਲ ਕੀਤਾ ਹੈ। ਇਨ੍ਹਾਂ ਪ੍ਰਾਪਰਟੀਆਂ ਵੱਲ ਹਾਊਸ ਟੈਕਸ ਤੇ ਪ੍ਰਾਪਰਟੀ ਦਾ ਏਰੀਅਰ ਬਕਾਇਆ ਖਡ਼੍ਹਾ ਸੀ, ਜਿਹਡ਼ੀਆਂ ਪ੍ਰਾਪਰਟੀਆਂ ਨੂੰ ਸੀਲ ਕੀਤਾ ਗਿਆ, ਉਨ੍ਹਾਂ ਵਿਚ ਇਕ ਬੱਸ ਸਟੈਂਡ ਦੇ ਸਾਹਮਣੇ, ਇਕ ਐੱਸ. ਐੱਸ. ਟੀ. ਨਗਰ, ਹੀਰਾ ਬਾਗ ਆਦਿ ਥਾਵਾਂ ’ਤੇ ਪ੍ਰਾਪਰਟੀਆਂ ਨੂੰ ਸੀਲ ਕੀਤਾ ਗਿਆ। ਇਸ ਸੰਬੰਧੀ  ਸੁਪਰਡੈਂਟ ਰਮਿੰਦਰਪਾਲ ਸਿੰਘ ਨੇ ਦੱਸਿਆ ਕਿ ਨਿਗਮ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਤੇ ਮੇਅਰ ਸੰਜੀਵ ਸ਼ਰਮਾ ਬਿੱਟੂ ਵਲੋਂ ਪ੍ਰਾਪਰਟੀ ਟੈਕਸ ਡਿਫਾਲਟਰਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ, ਜਿਸ ਦੇ ਤਹਿਤ ਜਿਥੇ ਵੱਖ-ਵੱਖ ਕੈਟਾਗਰੀਆਂ ਬਣਾ ਕੇ ਹਾਊਸ ਟੈਕਸ ਦਾ ਏਰੀਅਰ ਤੇ ਪ੍ਰਾਪਰਟੀ ਟੈਕਸ ਦੇ ਡਿਫਾਲਟਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ, ਉਥੇ ਹੁਣ ਜਿਹਡ਼ੇ ਡਿਫਾਲਟਰਾਂ ਨੇ ਨੋਟਿਸ ਦਾ ਜਵਾਬ ਨਹੀਂ ਦਿੱਤਾ ਤੇ ਨਾ ਹੀ ਪ੍ਰਾਪਰਟੀ ਟੈਕਸ ਭਰਵਾਇਆ ਹੈ, ਉਨ੍ਹਾਂ ਖਿਲਾਫ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਹਿਲੇ ਪਡ਼ਾਅ ਵਿਚ ਚਾਰ ਪ੍ਰਾਪਰਟੀਆਂ ਸੀਲ ਕਰ ਦਿੱਤੀਆਂ ਗਈਆਂ ਹਨ ਅਤੇ ਅੱਗੇ ਇਕ ਦਰਜਨ ਪ੍ਰਾਪਰਟੀਆਂ ਦੀ ਲਿਸਟ ਹੋਰ ਤਿਆਰ ਕੀਤੀ ਗਈ ਹੈ, ਜਿਨ੍ਹਾਂ ਨੂੰ ਆਉਣ ਵਾਲੇ ਦਿਨਾਂ ਵਿਚ ਸੀਲ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਿਗਮ ਕਮਿਸ਼ਨਰ ਵਲੋਂ ਸਾਫ ਤੌਰ ’ਤੇ ਨਿਰਦੇਸ਼ ਹਨ ਕਿ ਕਿਸੇ ਵੀ ਪ੍ਰਾਪਰਟੀ ਟੈਕਸ ਡਿਫਾਲਟਰ ਨੂੰ ਬਖਸ਼ਿਆ ਨਾ ਜਾਵੇ ਕਿਉਂਕਿ ਵਾਰ-ਵਾਰ ਮੌਕਾ ਦੇਣ ਦੇ ਬਾਵਜੂਦ ਵੀ ਪ੍ਰਾਪਰਟੀ ਟੈਕਸ ਦਾ ਭੁਗਤਾਨ ਨਹੀਂ ਕੀਤਾ ਜਾ ਰਿਹਾ। ਸੁਪਰਡੈਂਟ ਰਮਿੰਦਰਪਾਲ ਸਿੰਘ ਨੇ ਦੱਸਿਆ ਕਿਊਨ੍ਹਾਂ ਦੀ ਬ੍ਰਾਂਚ ਵਲੋਂ ਡਿਫਾਲਟਰਾਂ ਦੀਆਂ ਤਿੰਨ ਸ਼੍ਰੇਣੀਆਂ ਬਣਾਈਆਂ ਗਈਆਂ ਹਨ। ਪਹਿਲੀ ਸ਼੍ਰੇਣੀ ਵਿਚ ਵੱਡੇ ਡਿਫਾਲਟਰਾਂ ਨੂੰ ਰੱਖਿਆ ਗਿਆ ਹੈ, ਜਿਨ੍ਹਾਂ ਖਿਲਾਫ ਸਭ ਤੋਂ ਪਹਿਲਾਂ ਨੋਟਿਸ ਜਾਰੀ ਕੀਤੇ ਗਏ ਹਨ ਤੇ ਦੂਜੀ ਸ਼੍ਰੇਣੀ ਵਿਚ ਉਸ ਤੋਂ ਛੋਟੇ ਤੇ ਤੀਜੀ ਸ਼੍ਰੇਣੀ ਵਿਚ ਛੋਟੇ ਡਿਫਾਲਟਰਾਂ ਨੂੰ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਨਿਗਮ ਦਾ ਲਗਭਗ 6 ਕਰੋਡ਼ ਰੁਪਏ ਡਿਫਾਲਟਰਾਂ ਵੱਲ ਬਕਾਇਆ ਹੈ, ਜਿਸ ਦੀ ਰਿਕਵਰੀ ਲਈ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੁਪਰਡੈਂਟ ਰਮਿੰਦਰਪਾਲ ਸਿੰਘ ਨੇ ਦੱਸਿਆ ਕਿ ਅੱਜ ਉਨ੍ਹਾਂ ਵਲੋਂ 6 ਲੱਖ ਰੁਪਏ ਵੀ ਰਿਕਵਰ ਕੀਤੇ ਗਏ ਹਨ, ਜਿਹਡ਼ੇ ਪ੍ਰਾਪਰਟੀ ਮਾਲਕਾਂ ਨੇ ਸੀਲਿੰਗ ਨਾ ਕਰਨ ਦੇ ਬਦਲੇ ਮੌਕੇ ’ਤੇ ਜਮ੍ਹਾ ਕਰਵਾਏ। 
ਪ੍ਰਾਪਰਟੀ ਟੈਕਸ ’ਤੇ 30 ਸਤੰਬਰ ਤੱਕ 10 ਫੀਸਦੀ ਛੋਟ
 ਪੰਜਾਬ ਸਰਕਾਰ ਵਲੋਂ 30 ਸਤੰਬਰ ਤੱਕ ਪ੍ਰਾਪਰਟੀ ਭਰਨ ਵਾਲਿਆਂ ਨੂੰ 10 ਫੀਸਦੀ ਛੋਟ ਦਿੱਤੀ ਗਈ ਹੈ। ਨਿਗਮ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਲੋਕਾਂ ਨੂੰ ਵੱਧ ਤੋਂ ਵੱਧ ਇਸ ਸਮੇਂ ਦੌਰਾਨ ਛੋਟ ਦਾ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਦਿਨੀਂ ਪ੍ਰਾਪਰਟੀ ਟੈਕਸ ਦੀ ਵੱਡੀ ਰਿਕਵਰੀ ਵੀ ਆਉਣੀ ਸ਼ੁਰੂ ਹੋ ਗਈ ਹੈ। 


Related News