ਹੁਣ ਫੋਟੋ ਨਾਲ ਜਾਰੀ ਹੋਵੇਗਾ ਨਾਜਾਇਜ਼ ਇਸ਼ਤਿਹਾਰਬਾਜ਼ੀ ਦਾ ਚਲਾਨ

Sunday, Nov 05, 2017 - 09:40 AM (IST)

ਹੁਣ ਫੋਟੋ ਨਾਲ ਜਾਰੀ ਹੋਵੇਗਾ ਨਾਜਾਇਜ਼ ਇਸ਼ਤਿਹਾਰਬਾਜ਼ੀ ਦਾ ਚਲਾਨ

ਲੁਧਿਆਣਾ (ਹਿਤੇਸ਼)-ਨਗਰ ਨਿਗਮ ਪ੍ਰਸ਼ਾਸਨ ਨੇ ਨਾਜਾਇਜ਼ ਇਸ਼ਤਿਹਾਰਬਾਜ਼ੀ 'ਤੇ ਸ਼ਿਕੰਜਾ ਕੱਸਣ ਲਈ ਹੁਣ ਫੋਟੋ ਦੇ ਨਾਲ ਚਲਾਨ ਜਾਰੀ ਕਰਨ ਦਾ ਫੈਸਲਾ ਕੀਤਾ ਹੈ।
ਨਗਰ ਨਿਗਮ ਦੇ ਨਿਯਮਾਂ ਮੁਤਾਬਕ ਬਿਨਾਂ ਮਨਜ਼ੂਰੀ ਦੇ ਲੱਗੇ ਕਿਸੇ ਵੀ ਇਸ਼ਤਿਹਾਰ ਨੂੰ ਉਤਾਰਨ ਨਾਲ ਉਸ ਦਾ ਚਲਾਨ ਜਾਰੀ ਕਰਨਾ ਵੀ ਜ਼ਰੂਰੀ ਹੈ, ਜਿਸ 'ਤੇ 50 ਹਜ਼ਾਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਪਰ ਪਹਿਲਾਂ ਤਾਂ ਨਾਜਾਇਜ਼ ਇਸ਼ਤਿਹਾਰਾਂ ਦੇ ਮੁਕਾਬਲੇ 'ਚ ਨਾਮਾਤਰ ਹੀ ਕਾਰਵਾਈ ਹੁੰਦੀ ਹੈ ਤੇ ਜੇਕਰ ਕਿਤੇ ਨਾਜਾਇਜ਼ ਇਸ਼ਤਿਹਾਰ ਉਤਾਰੇ ਜਾਂਦੇ ਹਨ ਤਾਂ ਉਨ੍ਹਾਂ ਦੇ ਚਲਾਨ ਨਹੀਂ ਪਾਏ ਜਾ ਰਹੇ। ਇਸ ਤੋਂ ਇਲਾਵਾ ਇਕ ਪਹਿਲੂ ਇਹ ਵੀ ਹੈ ਕਿ ਸੜਕਾਂ ਅਤੇ ਚੌਕਾਂ ਆਦਿ ਜਨਤਕ ਇਲਾਕਿਆਂ ਸਮੇਤ ਕਿਸੇ ਪ੍ਰਾਈਵੇਟ ਬਿਲਡਿੰਗ 'ਤੇ ਲੱਗੇ ਨਾਜਾਇਜ਼ ਇਸ਼ਤਿਹਾਰ ਦਾ ਚਲਾਨ ਕੱਟਿਆ ਜਾਂਦਾ ਹੈ ਤਾਂ ਲੋਕ ਉਸ ਨੂੰ ਮੰਨਣ ਨੂੰ ਤਿਆਰ ਨਹੀਂ ਹੁੰਦੇ ਕਿਉਂਕਿ ਸਾਈਟ ਤੋਂ ਉਤਾਰ ਲਿਆ ਜਾਂਦਾ ਹੈ। ਇਸਦੇ ਮੱਦੇਨਜ਼ਰ ਨਗਰ ਨਿਗਮ ਨੇ ਨਵਾਂ ਫਾਰਮੁੱਲਾ ਕੱਢਿਆ ਹੈ ਕਿ ਕਿਤੇ ਵੀ ਨਾਜਾਇਜ਼ ਇਸ਼ਤਿਹਾਰ 'ਤੇ ਕਾਰਵਾਈ ਤੋਂ ਪਹਿਲਾਂ ਹੀ ਉਸਦੀ ਫੋਟੋ ਖਿੱਚ ਲਈ ਜਾਵੇ, ਜਿਸ ਨੂੰ ਚਲਾਨ ਦੇ ਨਾਲ ਲਾਇਆ ਜਾਵੇਗਾ। ਇਸ ਤਰ੍ਹਾਂ ਦੇ ਚਲਾਨ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ, ਜਿਸ ਨਾਲ ਕੋਰਟ 'ਚ ਹੋਣ ਵਾਲੀ ਕਾਰਵਾਈ ਦਾ ਰਸਤਾ ਵੀ ਆਸਾਨ ਹੋ ਜਾਵੇਗਾ।

ਬਿਨਾਂ ਮਨਜ਼ੂਰੀ ਦੇ ਜਾਂ ਨਾਜਾਇਜ਼ ਢੰਗ ਨਾਲ ਲੱਗੇ ਇਸ਼ਤਿਹਾਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜਿਨ੍ਹਾਂ 'ਤੇ ਪੁਖਤਾ ਕਾਰਵਾਈ ਦੇ ਲਈ ਚਲਾਨ ਦੇ ਨਾਲ ਫੋਟੋ ਲਾ ਕੇ ਭੇਜਣ ਦਾ ਤਰੀਕਾ ਸ਼ੁਰੂ ਕੀਤਾ ਗਿਆ ਹੈ। ਇਸੇ ਤਰ੍ਹਾਂ ਅਪਰੂਵਡ ਮਾਰਕੀਟਾਂ 'ਚ ਫੀਸ ਜਮ੍ਹਾ ਕਰਵਾਏ ਬਿਨਾਂ ਲੱਗੇ ਇਸ਼ਤਿਹਾਰਾਂ ਲਈ ਡਿਮਾਂਡ ਨੋਟਿਸ ਭੇਜੇ ਜਾ ਰਹੇ ਹਨ। 
-ਸੁਪਰਡੈਂਟ, ਹਰਵਿੰਦਰ ਸਿੰਘ 

ਅਪਰੂਵਡ ਮਾਰਕੀਟਾਂ 'ਚ ਬਿਨਾਂ ਮਨਜ਼ੂਰੀ ਲੱਗੇ ਹੋਰਡਿੰਗਾਂ ਲਈ ਭੇਜੇ ਫੀਸ ਜਮ੍ਹਾ ਕਰਵਾਉਣ ਦੇ ਨੋਟਿਸ 
ਨਿਗਮ ਵੱਲੋਂ ਇਸ਼ਤਿਹਾਰ ਲਾਉਣ ਦੀ ਮਨਜ਼ੂਰੀ ਦੇਣ ਵਾਸਤੇ ਕੁਝ ਮਾਰਕੀਟਾਂ ਦੀ ਚੋਣ ਕੀਤੀ ਹੋਈ ਹੈ। ਜਿਥੇ ਬਿਨਾਂ ਮਨਜ਼ੂਰੀ ਦੇ ਲੱਗੇ ਹੋਏ ਇਸ਼ਤਿਹਾਰਾਂ 'ਤੇ ਨਿਗਮ ਪ੍ਰਸ਼ਾਸਨ ਨੇ ਨਜ਼ਰ ਟੇਢੀ ਕਰ ਲਈ ਹੈ, ਜਿਸ ਦੇ ਤਹਿਤ ਸਰਾਭਾ ਨਗਰ 'ਚ ਲੱਗੇ ਇਸ ਤਰ੍ਹਾਂ ਦੇ ਨਾਜਾਇਜ਼ ਇਸ਼ਤਿਹਾਰ ਲਈ ਨੋਟਿਸ ਜਾਰੀ ਕਰ ਕੇ 72 ਘੰਟਿਆਂ 'ਚ ਫੀਸ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਹੈ।
ਕੀ ਹਨ ਨਿਯਮ 
ਆਊਟਡੋਰ ਐਡਵਰਟਾਈਜ਼ਮੈਂਟ ਪਾਲਿਸੀ 2014 ਦੇ ਨਿਯਮ ਹੋਣਗੇ ਲਾਗੂ
ਕਮਰਸ਼ੀਅਲ ਕੰਪਲੈਕਸ ਦੀ ਇਕ ਮੰਜ਼ਿਲ 'ਤੇ ਲੱਗ ਸਕਦਾ ਹੈ 3 ਫੁੱਟ ਦਾ ਬੋਰਡ
ਪ੍ਰੋਡਕਟ ਦੀ ਪ੍ਰਮੋਸ਼ਨ ਦੀ ਜਗ੍ਹਾ ਲਿਖਿਆ ਹੋਣਾ ਚਾਹੀਦਾ ਸਿਰਫ ਨਾਂ
ਨਹੀਂ ਤਾਂ ਪੀ. ਐੱਮ. ਸੀ. ਐਕਟ 1976 ਦੀ ਧਾਰਾ 123 ਤਹਿਤ ਹੋਵੇਗਾ ਚਲਾਨ 
50 ਹਜ਼ਾਰ ਤੱਕ ਹੋ ਸਕਦੈ ਜੁਰਮਾਨਾ


Related News