ਚੋਰ ਤੇ ਠੱਗ ਨਿਗਮ ਦੇ ਕਰਮਚਾਰੀ ਬਖਸ਼ੇ ਨਹੀਂ ਜਾਣਗੇ: ਪਰਗਟ
Friday, Jul 20, 2018 - 02:25 PM (IST)

ਜਲੰਧਰ (ਖੁਰਾਨਾ)—ਨਿਗਮ ਕਰਮਚਾਰੀ ਇਸ ਗੱਲ ਨੂੰ ਲੈ ਕੇ ਹੜਤਾਲ 'ਤੇ ਸਨ ਕਿ ਨਵਜੋਤ ਸਿੰਘ ਸਿੱਧੂ ਦੇ ਹੁਕਮਾਂ ਤੋਂ ਬਾਅਦ ਸਸਪੈਂਡ ਕੀਤੇ ਗਏ ਨਿਗਮ ਅਧਿਕਾਰੀਆਂ ਨੂੰ ਬਹਾਲ ਕੀਤਾ ਜਾਵੇ। ਪਰਗਟ ਸਿੰਘ ਨੇ ਤਨਖਾਹ ਮਾਮਲੇ 'ਚ ਜਿੱਥੇ ਨਿਗਮ ਕਰਮਚਾਰੀਆਂ ਅਤੇ ਯੂਨੀਅਨ ਆਗੂਆਂ ਦਾ ਪੱਖ ਲਿਆ, ਉੱਥੇ ਹੀ ਪਰਗਟ ਸਿੰਘ ਨੇ ਸਾਫ ਸ਼ਬਦਾਂ 'ਚ ਪ੍ਰਦਰਸ਼ਨਕਾਰੀਆਂ ਨੂੰ ਕਿਹਾ ਕਿ ਜਿਨ੍ਹਾਂ ਚੋਰ, ਠੱਗ ਕਰਮਚਾਰੀਆਂ ਨੇ ਨਾਜਾਇਜ਼ ਬਿਲਡਿੰਗਾਂ ਦੇ ਨਾਂ 'ਤੇ ਕਰੋੜਾਂ ਰੁਪਏ ਰਿਸ਼ਵਤ ਦੇ ਰੂਪ 'ਚ ਲਏ ਹਨ, ਉਨ੍ਹਾਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਵੇਗਾ ਸਗੋਂ ਉਨ੍ਹਾਂ ਨੂੰ ਟਰਮੀਨੇਟ ਕੀਤਾ ਜਾਵੇਗਾ। ਪਰਗਟ ਸਿੰਘ ਨੇ ਕਿਹਾ ਕਿ ਨਾਜਾਇਜ਼ ਬਿਲਡਿੰਗਾਂ ਨੂੰ ਬਣਾਉਣ 'ਚ ਬਿਲਡਿੰਗ ਵਿਭਾਗ ਦੇ ਅਧਿਕਾਰੀਆਂ ਤੋਂ ਲੈ ਕੇ ਕਰਮਚਾਰੀਆਂ ਤੱਕ ਨੇ ਬਿਲਡਿੰਗ ਮਾਲਕਾਂ, ਆਰਕੀਟੈਕਟਾਂ ਆਦਿ ਨਾਲ ਮਿਲ ਕੇ ਆਪਣੀਆਂ ਜੇਬਾਂ ਭਰੀਆਂ ਅਤੇ ਨਿਗਮ ਦੇ ਖਜਾਨੇ 'ਚ ਪੈਸਾ ਨਹੀਂ ਆਉਣ ਦਿੱਤਾ, ਜਿਸ ਕਾਰਨ ਅੱਜ ਨਿਗਮ ਤਨਖਾਹ ਤੱਕ ਨਹੀਂ ਦੇ ਪਾ ਰਿਹਾ।
ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਜਿਸ ਬਿਲਡਿੰਗ ਤੋਂ ਨਿਗਮ ਨੂੰ 10 ਲੱਖ ਰੁਪਏ ਆ ਸਕਦੇ ਹਨ, ਉਸ ਬਿਲਡਿੰਗ ਨੂੰ ਨਾਜਾਇਜ਼ ਰੂਪ ਨਾਲ ਬਣਵਾ ਕੇ ਨਿਗਮ ਅਧਿਕਾਰੀਆਂ ਨੇ ਲੱਖ ਰੁਪਏ ਆਪਣੀ ਜੇਬ 'ਚ ਪਾ ਲਏ ਅਤੇ ਨਿਗਮ ਦਾ 10 ਲੱਖ ਰੁਪਏ ਦਾ ਨੁਕਸਾਨ ਕਰ ਦਿੱਤਾ। ਪਰਗਟ ਸਿੰਘ ਨੇ ਕਿਹਾ ਕਿ 93 ਬਿਲਡਿੰਗਾਂ ਦੇ ਮਾਮਲੇ 'ਚ ਹੀ ਨਿਗਮ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗਾ। ਉਨ੍ਹਾਂ ਨੇ ਕਿਹਾ ਕਿ 93 ਬਿਲਡਿੰਗਾਂ ਦੀ ਜਾਂਚ ਤੋਂ ਬਾਅਦ ਜੋ ਅਧਿਕਾਰੀ ਨਿਰਦੋਸ਼ ਪਾਏ ਜਾਣਗੇ, ਉਨ੍ਹਾਂ ਦਾ ਕੋਈ ਵੀ ਨੁਕਸਾਨ ਨਹੀਂ ਹੋਣ ਦਿੱਤਾ ਜਾਵੇ।
ਚੋਰ ਨਹੀਂ ਤਾਂ ਵਿਜੀਲੈਂਸ ਤੋਂ ਡਰ ਕਿਉਂ
ਵਿਧਾਇਕ ਪਰਗਟ ਸਿੰਘ ਨੇ ਯੂਨੀਅਨ ਨੇਤਾਵਾਂ ਨੂੰ ਸੰਬੋਧਿਤ ਕਰਦੇ ਹੋਏ ਸਾਫ ਸ਼ਬਦਾਂ 'ਚ ਕਿਹਾ ਕਿ ਜੇਕਰ ਸਸਪੈਂਡ ਹੋਏ ਨਿਗਮ ਅਧਿਕਾਰੀ ਦੋਸ਼ੀ ਨਹੀਂ ਹਨ ਤਾਂ ਉਨ੍ਹਾਂ ਨੂੰ ਵਿਜੀਲੈਂਸ ਦਾ ਡਰ ਵੀ ਨਹੀਂ ਹੋਣਾ ਚਾਹੀਦਾ। ਵਿਧਾਇਕ ਨੇ ਕਿਹਾ ਕਿ ਵਿਜੀਲੈਂਸ ਜਾਂ ਕੋਈ ਵੀ ਏਜੰਸੀ ਉਨ੍ਹਾਂ ਨੂੰ (ਪਰਗਟ ਸਿੰਘ ਦੀ) ਜਾਂਚ ਕਰ ਲੈਣ, ਜੇਕਰ ਉਨ੍ਹਾਂ ਨੇ ਕੁਝ ਨਾ ਕੀਤਾ ਤਾਂ ਜਾਂਚ 'ਚ ਕੁਝ ਨਹੀਂ ਨਿਕਲੇਗਾ। ਵਿਧਾਇਕ ਅਤੇ ਮੇਅਰ ਰਾਜਾ ਨੇ ਕਿਹਾ ਕਿ ਯੂਨੀਅਨ ਨੇਤਾਵਾਂ ਵਲੋਂ ਮੰਗ ਨਾ ਕੀਤੇ ਜਾਣ ਦੇ ਬਾਵਜੂਦ ਸੰਸਦ ਮੈਂਬਰ, ਵਿਧਾਇਕਾਂ ਅਤੇ ਮੇਅਰ ਨੇ ਮੁੱਖ ਮੰਤਰੀ ਨਾਲ ਸੰਪਰਕ ਕਰਕੇ ਨਾਜਾਇਜ਼ ਬਿਲਡਿੰਗਾਂ ਦੇ ਮਾਮਲੇ 'ਚ ਸ਼ੁਰੂ ਹੋਈ ਵਿਜੀਲੈਂਸ ਜਾਂਚ ਨੂੰ ਰੁਕਵਾਉਣ ਦੇ ਹੁਕਮ ਕਢਵਾਏ, ਜੋ ਨਿਗਮ ਕਰਮਚਾਰੀਆਂ ਲਈ ਬਹੁਤ ਵੱਡੀ ਰਾਹਤ ਹੈ। ਇਸ ਲਈ ਹੁਣ 93 ਬਿਲਡਿੰਗਾਂ ਦੀ ਵਿਭਾਗੀ ਜਾਂਚ ਹੋਣ ਦਿੱਤੀ ਜਾਵੇ। ਵਿਧਾਇਕ ਪਰਗਟ ਸਿੰਘ ਨੇ ਤਾਂ ਇਥੋਂ ਤੱਕ ਕਿਹਾ ਕਿ ਉਹ ਤਾਂ ਵਿਜੀਲੈਂਸ ਜਾਂਚ ਰੁਕਵਾਉਣ ਦੇ ਵੀ ਪੱਖ 'ਚ ਨਹੀਂ ਸਨ।