ਸਫਾਈ ’ਚ ਨੰ. 1 ਖਿਤਾਬ ਮਿਲਣ ਤੋਂ ਬਾਅਦ ਫਿਰ ਸੌਂ ਗਿਆ ਨਿਗਮ

Thursday, Jun 28, 2018 - 02:01 AM (IST)

ਸਫਾਈ ’ਚ ਨੰ. 1 ਖਿਤਾਬ ਮਿਲਣ ਤੋਂ ਬਾਅਦ ਫਿਰ ਸੌਂ ਗਿਆ ਨਿਗਮ

ਬਠਿੰਡਾ(ਜ.ਬ.)-ਬਠਿੰਡਾ ਸ਼ਹਿਰ ਨੂੰ ਸਫਾਈ ਦੇ ਖੇਤਰ ਵਿਚ ਨੰਬਰ-1 ਦਾ ਖਿਤਾਬ ਮਿਬਾਅਦ ਨਗਰ ਨਿਗਮ ਬਠਿੰਡਾ ਇੰਨਾ ਬੇਪ੍ਰਵਾਹ ਹੋ ਗਿਆ ਹੈ ਕਿ ਹੁਣ ਸਫਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਕੂੜੇ ਦੇ ਢੇਰ ਲੱਗੇ ਹੋਏ ਹਨ, ਜਿਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇੰਨਾ ਹੀ ਨਹੀਂ ਨਗਰ ਨਿਗਮ ਵੱਲੋਂ ਘਰਾਂ ਤੋਂ ਕੂੜਾ ਚੁੱਕਣ ਲਈ ਤਾਇਨਾਤ ਕੀਤੇ ਗਏ ਮੁਲਾਜ਼ਮ ਹਰ ਰੋਜ਼ ਘਰਾਂ ਤੋਂ ਕੂੜਾ ਨਹੀਂ ਚੁੱਕ ਰਹੇ, ਜਿਸ ਕਾਰਨ ਲੋਕਾਂ ਨੂੰ ਮਜਬੂਰ ਹੋ ਕੇ ਕੂੜਾ-ਕਰਕਟ ਆਪਣੇ ਹੀ ਬਣਾਏ ਗਏ ਫਰਜ਼ੀ ਡੰਪਾਂ ’ਚ ਸੁੱਟਣਾ ਪੈ ਰਿਹਾ ਹੈ।
 ਇਸਦੇ ਨਾਲ ਹੀ ਸ਼ਹਿਰ ਦੀ ਸੀਵਰੇਜ ਵਿਵਸਥਾ ਵੀ ਪੂਰੀ ਤਰ੍ਹਾਂ ਚਰਮਰਾਈ ਹੋਈ ਹੈ ਅਤੇ ਆਏ ਦਿਨ ਕਿਤੇ ਨਾ ਕਿਤੇ ਸੀਵਰੇਜ ਓਵਰਫਲੋਅ ਹੋਣ ਦੇ ਕਾਰਨ ਗੰਦਾ ਪਾਣੀ ਸੜਕਾਂ ’ਤੇ ਫੈਲਿਆ ਰਹਿੰਦਾ ਹੈ। ਅਜਿਹੇ ਵਿਚ ਸਫਾਈ ਵਿਵਸਥਾ ਵਿਚ ਪਹਿਲੇ ਨੰਬਰ ’ਤੇ ਆਉਣ ਵਾਲਾ ਬਠਿੰਡਾ ਫਿਰ ਤੋਂ ਕਚਰੇ ਦਾ ਢੇਰ ਬਣ ਰਿਹਾ ਹੈ। ਮਈ 2018 ਤੋਂ ਪਹਿਲਾਂ ਨਗਰ ਨਿਗਮ ਵੱਲੋਂ ਸ਼ਹਿਰ ਤੋਂ ਹਰ ਰੋਜ਼ ਨਿਕਲਣ ਵਾਲਾ ਕਰੀਬ 120 ਟਨ ਸਾਲਿਡ ਕੂੜਾ ਚੁੱਕਣ ਲਈ ਇਕ ਨਿੱਜੀ ਕੰਪਨੀ ਜੇ.ਆਈ. ਟੀ. ਐੱਫ. ਦੇ ਨਾਲ ਸਮਝੌਤਾ ਕੀਤਾ ਹੋਇਆ ਸੀ ਪਰ ਕੰਪਨੀ ਨੇ ਅਪ੍ਰੈਲ ਵਿਚ ਇਹ ਸਮਝੌਤਾ ਬੰਦ ਕਰ ਦਿੱਤਾ। ਇਸਦੇ ਬਾਅਦ ਨਗਰ ਨਿਗਮ ਆਪਣੇ ਪੱਧਰ ’ਤੇ ਸ਼ਹਿਰ ਦੇ ਘਰਾਂ ਤੋਂ ਕੂੜਾ ਚੁੱਕ ਰਿਹਾ ਹੈ। ਕਰੀਬ 60 ਹਜ਼ਾਰ ਘਰਾਂ ਅਤੇ ਵਪਾਰਿਕ ਸਥਾਨਾਂ ਤੋਂ ਕੂੜਾ ਚੁੱਕਣਾ ਨਗਰ ਨਿਗਮ ਲਈ ਟੇਢੀ ਖੀਰ ਸਾਬਿਤ ਹੋ ਰਿਹਾ ਹੈ। ਨਿਗਮ ਵੱਲੋਂ ਕੂੜਾ ਚੁੱਕਣ ਲਈ ਲਾਏ ਗਏ ਮੁਲਾਜ਼ਮ ਕਈ-ਕਈ ਦਿਨ ਕੂੜਾ ਚੁੱਕਣ ਨਹੀਂ ਆਉਂਦੇ। ਇਸ ਕਾਰਨ ਲੋਕਾਂ ਨੂੰ ਮਜਬੂਰਨ ਜਾਂ ਤਾਂ ਕਚਰਾ ਆਪਣੇ ਘਰਾਂ ਵਿਚ ਹੀ ਸੰਭਾਲ ਕੇ ਰੱਖਣਾ ਪੈਂਦਾ ਹੈ ਜਾਂ ਲੋਕ ਉਸਨੂੰ ਸੜਕਾਂ ’ਤੇ ਸੁੱਟਣ ਲਈ ਮਜਬੂਰ ਹੋ ਜਾਂਦੇ ਹਨ। ਅਜਿਹੇ ਵਿਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਕੁਝ ਕੂੜਾ ਡੰਪ ਆਪਣੇ-ਆਪ ਵਜੂਦ ਵਿਚ ਆ ਗਏ ਹਨ।ਸ਼ਹਿਰ ਵਿਚ ਕੂੜਾ ਪਾਉਣ ਲਈ ਲਾਏ ਗਏ ਡਸਟਬਿਨਾਂ ਨੂੰ ਵੀ ਕਈ-ਕਈ ਦਿਨ ਸਾਫ਼ ਨਹੀਂ ਕੀਤਾ ਜਾਂਦਾ, ਜਿਸ ਨਾਲ ਕੂੜਾ ਸੜਕਾਂ ’ਤੇ ਖਿਲਰਿਆ ਰਹਿੰਦਾ ਹੈ। 
ਸਾਲਿਡ ਵੇਸਟ ਪਲਾਂਟ ਤੋਂ ਲੋਕ ਪ੍ਰੇਸ਼ਾਨ
ਮਾਨਸਾ ਰੋਡ ’ਤੇ ਇਕ ਨਿੱਜੀ ਕੰਪਨੀ ਦੇ ਸਹਿਯੋਗ ਨਾਲ ਬਣਾਇਆ ਗਿਆ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਵੀ ਲੋਕਾਂ ਦੀ ਸਿਰਦਰਦੀ ਦਾ ਕਾਰਨ ਬਣਿਆ ਹੋਇਆ ਹੈ, ਜਿਸਨੂੰ ਸਵੱਛਤਾ ਸਰਵੇਖਣ ਕਰਨ ਵਾਲੀ ਏਜੰਸੀ ਨੇ ਵੀ ਨਜ਼ਰਅੰਦਾਜ਼ ਕੀਤਾ ਹੈ। ਜੇਕਰ ਉਕਤ ਸਰਵੇਖਣ ਟੀਮ ਇਸ ਸਾਲਿਡ ਵੇਸਟ ਪਲਾਂਟ ਦੇ ਆਸ-ਪਾਸ ਵਸੇ ਕਰੀਬ ਇਕ ਦਰਜਨ ਮੁਹੱਲਿਆਂ ਵਿਚ ਜਾ ਕੇ ਸਰਵੇਖਣ ਕਰਦੀ ਤਾਂ ਅਸਲੀਅਤ ਸਾਹਮਣੇ ਆ ਜਾਂਦੀ ਪਰ ਸ਼ਾਇਦ ਉਕਤ ਟੀਮ ਇਨ੍ਹਾਂ ਇਲਾਕਿਆਂ ਵਿਚ ਨਹੀਂ ਪਹੁੰਚੀ। ਉਕਤ ਪਲਾਂਟ ਨੇ ਆਲੇ-ਦੁਆਲੇ ਦੀ ਅਾਬਾਦੀ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ। ਸਾਲਿਡ ਵੇਸਟ ਪਲਾਂਟ ਕਾਰਨ ਆ ਰਹੀਆਂ ਦਿੱਕਤਾਂ ਦੇ ਮੁੱਦੇ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪਿਛਲੀ ਵਿਧਾਨ ਸਭਾ ਚੋਣਾਂ ਦੌਰਾਨ ਵੱਖ-ਵੱਖ ਰਾਜਨੀਤਿਕ ਦਲਾਂ ਨੇ ਇਸ ਪਲਾਂਟ ਨੂੰ ਹਟਾਉਣ ਦਾ ਮੁੱਦਾ ਆਪਣੇ ਚੋਣ ਮੈਨੀਫੈਸਟੋ ਵਿਚ ਵੀ ਸ਼ਾਮਿਲ ਕੀਤਾ ਸੀ ਪਰ ਸਰਕਾਰ ਬਣਨ ਤੋਂ ਬਾਅਦ ਵੀ ਇਸ ਮੁੱਦੇ ’ਤੇ ਕੋਈ ਕਾਰਵਾਈ ਨਹੀਂ ਹੋ ਸਕੀ। 
ਸੀਵਰੇਜ ਜਗ੍ਹਾ-ਜਗ੍ਹਾ ਤੋਂ ਹੋ ਰਹੇ ਓਵਰਫਲੋਅ
ਦਹਾਕਿਆਂ ਤੋਂ ਬਠਿੰਡਾ ਸ਼ਹਿਰ ਦੇ ਲੋਕ ਸੀਵਰੇਜ ਸਿਸਟਮ ਦੇ ਖਿਲਾਫ ਇਕ ਜੰਗ ਲੜ ਰਹੇ ਹਨ ਜੋ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ। ਬੇਸ਼ੱਕ ਨਗਰ ਨਿਗਮ ਵੱਲੋਂ 100 ਫੀਸਦੀ ਸੀਵਰੇਜ ਅਤੇ ਪਾਣੀ ਮੁਹੱਈਆ ਕਰਵਾਉਣ ਵਾਲਾ ਇਕ 288 ਕਰੋੜ ਰੁਪਏ ਦੇ ਪ੍ਰੋਜੈਕਟ ਦਾ ਕੰਮ ਇਕ ਨਿੱਜੀ ਕੰਪਨੀ ਨੂੰ ਸੌਂਪ ਰੱਖਿਆ ਹੈ ਪਰ ਉਹ ਕੰਮ ਬੇਹੱਦ ਹੌਲੀ ਗਤੀ ਨਾਲ ਚੱਲ ਰਿਹਾ ਹੈ। ਅਜਿਹੇ ਵਿਚ ਲੋਕਾਂ ਨੂੰ ਸੀਵਰੇਜ ਬਲਾਕੇਜ ਦੀ ਸਮੱਸਿਆ ਨਾਲ ਆਏ ਦਿਨ ਜੂਝਣਾ ਪੈ ਰਿਹਾ ਹੈ। ਹਰ ਰੋਜ਼ ਸ਼ਹਿਰ ਵਿਚ ਕਰੀਬ-ਕਰੀਬ ਅੱਧਾ ਦਰਜਨ ਜਗ੍ਹਾ ’ਤੇ ਸੀਵਰੇਜ ਓਵਰਫਲੋ ਹੋਣ ਦੀਆਂ ਸ਼ਿਕਾਇਤਾਂ ਆਉਂਦੀਆਂ ਹਨ। ਸਬੰਧਿਤ ਕੰਪਨੀ ਵੱਲੋਂ ਮੌਕੇ ’ਤੇ ਪਹੁੰਚ ਕੇ ਸੀਵਰੇਜ ਨੂੰ ਖੋਲ੍ਹ ਦਿੱਤਾ ਜਾਂਦਾ ਹੈ ਪਰ ਇਸ ਸਮੱਸਿਆ ਦਾ ਕੋਈ ਪੱਕਾ ਹੱਲ ਨਹੀਂ ਹੋ ਸਕਿਆ। ਲੋਕਾਂ ਨੂੰ ਹਰ ਸਾਲ ਕਿਹਾ ਜਾਂਦਾ ਹੈ ਕਿ ਇਸ ਵਾਰ ਮੀਂਹਾਂ ਦੌਰਾਨ ਕੋਈ ਸਮੱਸਿਆ ਨਹੀਂ ਆਵੇਗੀ ਪਰ ਇਸ ਵਾਰ ਵੀ ਬਰਸਾਤ ਦੌਰਾਨ ਸ਼ਹਿਰ ਦੇ ਡੁੱਬਣ ਦੇ ਪੂਰੇ ਆਸਾਰ ਬਣੇ ਹੋਏ ਹਨ। 


Related News