ਨਿਗਮ ਨੇ ਛੱਪੜ ਤੋਂ ਹਟਾਇਆ ਨਾਜਾਇਜ਼ ਕਬਜ਼ਾ
Sunday, Jun 24, 2018 - 02:55 AM (IST)
ਬਠਿੰਡਾ(ਜ.ਬ.)-ਲੰਬੇ ਸਮੇਂ ਤੋਂ ਵਿਵਾਦਾਂ ’ਚ ਚਲ ਰਹੀ ਡੀ. ਏ. ਵੀ. ਕਾਲਜ ਦੇ ਛੱਪੜ ਵਾਲੀ ਜ਼ਮੀਨ ਤੋਂ ਆਖਿਰਕਾਰ ਨਗਰ ਨਿਗਮ ਨੇ ਸ਼ਨੀਵਾਰ ਨੂੰ ਦਲ ਬਲ ਨਾਲ ਪਹੁੰਚ ਕੇ ਕਰੋੜਾਂ ਰੁਪਇਆਂ ਦੀ ਜ਼ਮੀਨ ’ਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾ ਦਿੱਤਾ। ਕਰੀਬ 5 ਹਜ਼ਾਰ ਗਜ਼ ਜਗ੍ਹਾ ਤੋਂ ਨਾਜਾਇਜ਼ ਕਬਜ਼ਾ ਹਟਾਇਆ ਗਿਆ। ਨਿਗਮ ਦੀ ਕਾਰਵਾਈ ਦਾ ਡੀ. ਏ. ਵੀ. ਸੰਸਥਾ ਦੇ ਪ੍ਰਬੰਧਕਾਂ ਵੱਲੋਂ ਵਿਰੋਧ ਕੀਤਾ ਗਿਆ, ਜਿਸ ਕਾਰਨ ਨਗਰ ਨਿਗਮ ਨੇ ਕੁਝ ਥਾਵਾਂ ਛੱਡ ਕੇ ਹੋਰ ਜ਼ਮੀਨ ਆਪਣੇ ਕਬਜ਼ੇ ਵਿਚ ਲੈ ਲਈ। ਇਸ ਮੌਕੇ ਭਾਰੀ ਗਿਣਤੀ ਵਿਚ ਪੁਲਸ ਵੀ ਤਾਇਨਾਤ ਰਹੀ। ਜ਼ਿਕਰਯੋਗ ਹੈ ਕਿ ਉਕਤ ਛੱਪੜ ਦੇ ਇਕ ਪਾਸੇ ਕਈ ਹੋਰ ਲੋਕਾਂ ਵੱਲੋਂ ਵੀ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ ਪਰ ਫਿਲਹਾਲ ਉਨ੍ਹਾਂ ਕਬਜ਼ਿਆਂ ਨੂੰ ਨਹੀਂ ਹਟਾਇਆ ਗਿਆ ਤੇ ਸਿਰਫ ਡੀ. ਏ. ਵੀ. ਕਾਲਜ ਵਾਲੀ ਸਾਈਡ ਰੋਕੀ ਗਈ ਜ਼ਮੀਨ ਤੋਂ ਹੀ ਕਬਜ਼ਾ ਹਟਾਇਆ ਗਿਅਾ। ਜ਼ਿਕਰਯੋਗ ਹੈ ਕਿ ‘ਜਗ ਬਾਣੀ’ ਵੱਲੋਂ ਛੱਪੜਾਂ ’ਤੇ ਹੋਏ ਕਬਜ਼ਿਆਂ ਦੇ ਮੁੱਦਿਆਂ ਨੂੰ ਗੰਭੀਰਤਾ ਨਾਲ ਚੁੱਕਿਆ ਗਿਆ ਸੀ ਜਿਸ ਤੋਂ ਬਾਅਦ ਨਗਰ ਨਿਗਮ ਨੇ ਉਕਤ ਕਾਰਵਾਈ ਸ਼ੁਰੂ ਕੀਤੀ ਹੈ। ਨਗਰ ਨਿਗਮ ਦੀ ਟੀਮ ਐਕਸੀਅਨ ਰਵਿੰਦਰ ਜੌੜਾ, ਐਕਸੀਅਨ ਸੰਦੀਪ ਗੁਪਤਾ ਤੇ ਹੋਰ ਅਧਿਕਾਰੀਆਂ ਦੀ ਅਗਵਾਈ ’ਚ ਸਵੇਰੇ ਹੀ ਛੱਪੜ ’ਤੇ ਕਬਜ਼ਾ ਹਟਾਉਣ ਲਈ ਪਹੁੰਚ ਗਈ। ਅਧਿਕਾਰੀ ਆਪਣੇ ਪੁਲਸ ਬਲ ਨਾਲ ਅੱਧਾ ਦਰਜ਼ਨ ਤੋਂ ਜਿਆਦਾ ਜੇ. ਸੀ. ਬੀ. ਮਸ਼ੀਨਾਂ ਤੇ ਮਜ਼ਦੂਰਾਂ ਨੂੰ ਲੈ ਕੇ ਮੌਕੇ ’ਤੇ ਪਹੁੰਚੇ। ਨਿਗਮ ਵੱਲੋਂ ਜਿਵੇਂ ਹੀ ਆਪਣਾ ਨਿਸ਼ਾਨ ਲਾਉਣ ਲਈ ਜ਼ਮੀਨ ਪੁੱਟਣੀ ਸ਼ੁਰੂ ਕੀਤੀ ਤਾਂ ਡੀ. ਏ. ਵੀ. ਸੰਸਥਾ ਦੇ ਪ੍ਰਬੰਧਕਾਂ ਨੇ ਮੌਕੇ ’ਤੇ ਪਹੁੰਚ ਕੇ ਵਿਰੋਧ ਸ਼ੁਰੂ ਕਰ ਦਿੱਤਾ। ਵਿਰੋਧ ਦੇ ਕਾਰਨ ਨਗਰ ਨਿਗਮ ਟੀਮ ਨੇ ਡੀ. ਏ. ਵੀ. ਪ੍ਰਬੰਧਕਾਂ ਨਾਲ ਗੱਲਬਾਤ ਕਰ ਕੇ ਕੁਝ ਜਗ੍ਹਾ ਛੱਡ ਦਿੱਤੀ ਤੇ ਕਰੀਬ 5 ਹਜ਼ਾਰ ਗਜ਼ ਜ਼ਮੀਨ ਆਪਣੇ ਕਬਜ਼ੇ ਵਿਚ ਲੈ ਲਈ। ਇਸ ਦੌਰਾਨ ਜ਼ਮੀਨ ਦੀ ਨਿਸ਼ਾਨਦੇਹੀ ਕਰ ਕੇ ਉਸਨੂੰ ਪੁੱਟਿਆ ਗਿਆ ਤੇ ਆਪਣੇ ਨਿਸ਼ਾਨ ਲਾ ਦਿੱਤੇ ਗਏ। ਇਸ ਖੇਤਰ ਵਿਚ ਖੜ੍ਹੀਅਾਂ ਕੁਝ ਉਸਾਰੀਆਂ ਨੂੰ ਵੀ ਨਿਗਮ ਨੇ ਢਾਹ ਦਿੱਤਾ।
ਲੰਬੇ ਸਮੇਂ ਤੋਂ ਚਲ ਰਿਹਾ ਸੀ ਵਿਵਾਦ
ਨਗਰ ਨਿਗਮ ਦਾ ਦੋਸ਼ ਹੈ ਕਿ ਡੀ. ਏ. ਵੀ. ਕਾਲਜ ਪ੍ਰਬੰਧਨ ਵੱਲੋਂ ਛੱਪੜ ਦੀ ਜ਼ਮੀਨ ਦੇ ਇਕ ਵੱਡੇ ਹਿੱਸੇ ’ਤੇ ਕਬਜ਼ਾ ਕਰ ਕੇ ਉਸਨੂੰ ਕਾਲਜ ਨਾਲ ਮਿਲਾ ਦਿੱਤਾ ਗਿਆ ਹੈ। ਪਤਾ ਲੱਗਿਆ ਹੈ ਕਿ ਦੋਵਾਂ ਪੱਖਾਂ ਵਿਚਕਾਰ ਉਕਤ ਮਾਮਲਾ ਅਦਾਲਤ ਵਿਚ ਚਲ ਰਿਹਾ ਹੈ ਪਰ ਨਿਗਮ ਅਧਿਕਾਰੀ ਇਸ ਤੋਂ ਇਨਕਾਰ ਕਰ ਰਹੇ ਹਨ। ਇਹ ਕਬਜ਼ਾ ਦਹਾਕਿਆਂ ਪਹਿਲਾਂ ਦਾ ਦੱਸਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਕਈ ਵਾਰ ਦੋਵਾਂ ਪੱਖਾਂ ਵਿਚ ਤਨਾਤਨੀ ਹੋ ਚੁੱਕੀ ਹੈ ਤਾਂਕਿ ਛੱਪੜਾਂ ਨੂੰ ਬਰਸਾਤੀ ਪਾਣੀ ਦੀ ਸੰਭਾਲ ਲਈ ਪ੍ਰਯੋਗ ਕੀਤਾ ਜਾ ਸਕੇ। ਸ਼ਹਿਰ ਦੇ ਕਈ ਹੋਰ ਛੱਪੜਾਂ ’ਤੇ ਵੀ ਕਬਜ਼ਿਆਂ ਦੀ ਭਰਮਾਰ ਹੈ, ਜਿਸ ਨੂੰ ਲੈ ਕੇ ਮਹਾਨਗਰ ਦੀ ਸਿਆਸਤ ਅਕਸਰ ਗਰਮਾਉਂਦੀ ਰਹਿੰਦੀ ਹੈ। ਹੁਣ ਦੇਖਣਾ ਇਹ ਹੈ ਕਿ ਨਗਰ ਨਿਗਮ ਹੋਰ ਛੱਪੜਾਂ ਤੋਂ ਕਬਜ਼ੇ ਹਟਾਉਣ ਦੀ ਕਾਰਵਾਈ ਨੂੰ ਹੁਣ ਅੰਜਾਮ ਕਦੋਂ ਦਿੰਦਾ ਹੈ।
ਕੀ ਕਹਿਣੈ ਨਿਗਮ ਅਧਿਕਾਰੀ ਦਾ
ਨਿਗਮ ਦੇ ਐਕਸੀਅਨ ਰਵਿੰਦਰ ਜੌੜਾ ਨੇ ਦੱਸਿਆ ਕਿ ਮਹਾਨਗਰ ਵਿਚ ਛੱਪੜਾਂ ’ਤੇ ਹੋਣ ਵਾਲੇ ਕਬਜ਼ਿਆਂ ਕਾਰਨ ਬਰਸਾਤੀ ਪਾਣੀ ਦੀ ਸੰਭਾਲ ਨਹੀਂ ਹੁੰਦੀ, ਜਿਸ ਕਾਰਨ ਸ਼ਹਿਰ ਵਿਚ ਪਾਣੀ ਭਰ ਜਾਂਦਾ ਹੈ ਤੇ ਲੋਕ ਪ੍ਰੇਸ਼ਾਨ ਹੁੰਦੇ ਹਨ। ਇਸ ਕਾਰਨ ਡੀ. ਏ. ਵੀ. ਵਾਲੇ ਛੱਪੜ ਤੋਂ ਨਾਜਾਇਜ਼ ਕਬਜ਼ੇ ਹਟਵਾ ਕੇ ਜਗ੍ਹਾ ਛੁਡਵਾਈ ਗਈ ਹੈ। ਛੱਪੜਾਂ ਤੋਂ ਕਬਜ਼ੇ ਹਟਾ ਕੇ ਉਨ੍ਹਾਂ ਨੂੰ ਸੈਰ ਆਦਿ ਕਰਨ ਲਈ ਸੁੰਦਰ ਬਣਾਇਆ ਜਾਵੇਗਾ।
ਕੀ ਕਹਿਣੈ ਡੀ. ਏ. ਵੀ. ਪ੍ਰਬੰਧਕ ਦਾ
ਡੀ. ਏ. ਵੀ. ਕਾਲਜ ਦੇ ਪ੍ਰਿੰਸੀਪਲ ਡਾ. ਸੰਜੀਵ ਸ਼ਰਮਾ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਉਨ੍ਹਾਂ ਨੂੰ ਬਿਨਾਂ ਜਾਣਕਾਰੀ ਦਿੱਤੇ ਧੱਕੇਸ਼ਾਹੀ ਨਾਲ ਉਨ੍ਹਾਂ ਦੀ ਜ਼ਮੀਨ ’ਤੇ ਕਬਜ਼ਾ ਕੀਤਾ ਹੈ। ਇਸ ਜ਼ਮੀਨ ਨੂੰ ਲੈ ਕੇ ਮਾਮਲਾ ਅਦਾਲਤ ਵਿਚ ਚਲ ਰਿਹਾ ਹੈ ਪਰ ਇਸਦੇ ਬਾਵਜੂਦ ਨਿਗਮ ਵੱਲੋਂ ਜ਼ਬਰਨ ਜ਼ਮੀਨ ’ਤੇ ਕਬਜ਼ਾ ਕੀਤਾ ਗਿਆ। ਇਸ ਸਬੰਧ ਵਿਚ ਸੰਸਥਾ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।