ਪ੍ਰਸ਼ਾਸਨ ਦੀ ਨੱਕ ਹੇਠ ਸੜਕਾਂ ’ਤੇ ਦੌੜ ਰਹੇ ਨਾਜਾਇਜ਼ ਆਟੋਜ਼

Tuesday, Nov 19, 2024 - 05:12 PM (IST)

ਪ੍ਰਸ਼ਾਸਨ ਦੀ ਨੱਕ ਹੇਠ ਸੜਕਾਂ ’ਤੇ ਦੌੜ ਰਹੇ ਨਾਜਾਇਜ਼ ਆਟੋਜ਼

ਅੰਮ੍ਰਿਤਸਰ (ਜਸ਼ਨ)-ਗੁਰੂ ਨਗਰੀ ਵਿਚ ਸੜਕਾਂ ’ਤੇ ਹਜ਼ਾਰਾਂ ਦੀ ਗਿਣਤੀ ਵਿਚ ਨਾਜਾਇਜ਼ ਆਟੋਜ਼ ਦੌੜ ਰਹੇ ਹਨ ਪਰ ਤਰਾਸਦੀ ਇਹ ਹੈ ਕਿ ਜ਼ਿਲ੍ਹਾ ਟਰਾਂਸਪੋਰਟ ਵਿਭਾਗ ਦੇ ਰਿਕਾਰਡ ਅਨੁਸਾਰ ਕੁਝ ਹਜ਼ਾਰਾਂ ਦੀ ਗਿਣਤੀ ਵਿਚ ਹੀ ਆਟੋ ਰਜਿਸਟਰਡ ਹਨ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਡੀ. ਟੀ. ਓ. ਵਿਭਾਗ ਅਤੇ ਟ੍ਰੈਫਿਕ ਪੁਲਸ ਪ੍ਰਸ਼ਾਸਨ ਇਨ੍ਹਾਂ ਨਾਜਾਇਜ਼ ਆਟੋਜ਼ ਪ੍ਰਤੀ ਕਿੰਨਾ ਕੁ ਗੰਭੀਰ ਹੈ? ਸੜਕਾਂ ’ਤੇ ਦੌੜਦੇ ਇਹ ਆਟੋ ਕਈਆਂ ਲਈ ਕਾਲ ਦਾ ਗ੍ਰਾਸ ਬਣ ਚੁੱਕੇ ਹਨ, ਇਸ ਦੇ ਬਾਵਜੂਦ ਦੋਵੇਂ ਵਿਭਾਗ ਇਨ੍ਹਾਂ ’ਤੇ ਕਾਬੂ ਪਾਉਣ ਵਿਚ ਅਸਮਰਥ ਸਾਬਤ ਹੋ ਰਹੇ ਹਨ। ਈ-ਰਿਕਸ਼ਾ ਚਾਲਕ ਵੀ ਟ੍ਰੈਫਿਕ ਪੁਲਸ ਲਈ ਸਿਰਦਰਦੀ ਬਣੇ ਹੋਏ ਹਨ। ਸ੍ਰੀ ਹਰਿਮੰਦਰ ਸਾਹਿਬ ਦੇ ਆਸ-ਪਾਸ ਇਨ੍ਹਾਂ ਦੀ ਗਿਣਤੀ ਪਿਛਲੇ ਇਕ-ਦੋ ਸਾਲਾਂ ਵਿਚ ਹਜ਼ਾਰਾਂ ਤੱਕ ਪਹੁੰਚ ਗਈ ਹੈ। ਉਹ ਆਪਣੇ ਈ-ਰਿਕਸ਼ਾ ਕਿਤੇ ਵੀ ਪਾਰਕ ਕਰਦੇ ਹਨ, ਜਿਸ ਕਾਰਨ ਟ੍ਰੈਫਿਕ ਜਾਮ ਹੋ ਜਾਂਦਾ ਹੈ। ਸਥਿਤੀ ਇਹ ਹੈ ਕਿ ਇਹ ਈ-ਰਿਕਸ਼ਾ ਚਾਲਕ ਅਤੇ ਹੋਰ ਆਟੋ ਸਿਰਫ ਇਕ ਸਵਾਰੀ ਨੂੰ ਲਿਜਾਣ ਲਈ ਸੜਕ ਦੇ ਵਿਚਕਾਰ ਹੀ ਬ੍ਰੇਕ ਲਗਾ ਦਿੰਦੇ ਹਨ, ਜਿਸ ਕਾਰਨ ਅਕਸਰ ਪਿੱਛੇ ਤੋਂ ਆ ਰਹੇ ਵਾਹਨ ਆਪਸ ਵਿਚ ਟਕਰਾ ਜਾਂਦੇ ਹਨ।

ਸ਼ਹਿਰ ’ਚ ਟ੍ਰੈਫਿਕ ਜਾਮ ਦੀ ਮੁੱਖ ਸਮੱਸਿਆ ਬਣੇ ਆਟੋਜ਼ 

ਸ਼ਹਿਰ ਵਿਚ ਟ੍ਰੈਫਿਕ ਸਮੱਸਿਆ ਦਾ ਮੁੱਖ ਕਾਰਨ ਆਟੋ ਬਣਦੇ ਹਨ। ਇਹ ਆਟੋ ਚਾਲਕ ਸੜਕਾਂ ’ਤੇ ਕਿਤੇ ਵੀ ਆਪਣਾ ਆਟੋ ਖੜ੍ਹੇ ਕਰ ਦਿੰਦੇ ਹਨ, ਜਿਸ ਕਾਰਨ ਦਿਨ ਵੇਲੇ ਸੜਕਾਂ ’ਤੇ ਵਾਹਨਾਂ ਦੇ ਲੰਬੇ ਜਾਮ ਲੱਗ ਜਾਂਦੇ ਹਨ। ਅੰਮ੍ਰਿਤਸਰ ਬੱਸ ਸਟੈਂਡ ਦੇ ਨੇੜੇ ਦੇ ਇਲਾਕੇ, ਜੀ. ਟੀ. ਰੋਡ, ਹੁਸੈਨਪੁਰਾ ਚੌਕ, ਵੇਰਕਾ ਚੌਕ, ਮਜੀਠਾ ਰੋਡ, ਫੋਰ. ਐੱਸ ਚੌਕ, ਚਾਟੀਵਿੰਡ ਗੇਟ, ਗੇਟ ਹਕੀਮਾਂ, ਲੋਹਗੜ੍ਹ, ਭੰਡਾਰੀ ਪੁਲ, ਹਾਲ ਬਾਜ਼ਾਰ, ਸੁਲਤਾਨਵਿੰਡ ਰੋਡ, ਬਟਾਲਾ ਰੋਡ, ਮਜੀਠਾ ਰੋਡ, ਛੇਹਰਟਾ ਰੋਡ, ਤਰਨਤਾਰਨ ਰੋਡ ਆਦਿ ਇਲਾਕੇ ਇਸ ਦੀਆਂ ਉਦਾਹਰਣਾਂ ਹਨ। ਇਨ੍ਹਾਂ ਕਾਰਨ ਉਕਤ ਇਲਾਕਿਆਂ ਵਿੱਚ ਦਿਨ ਭਰ ਸਮੇਂ-ਸਮੇਂ ’ਤੇ ਟ੍ਰੈਫਿਕ ਦੇ ਜਾਮ ਲੱਗ ਜਾਂਦੇ ਹਨ। ਬੱਸ ਸਟੈਂਡ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਆਟੋਆਂ ਕਾਰਨ ਟ੍ਰੈਫਿਕ ਜਾਮ ਆਮ ਹੀ ਦੇਖਣ ਨੂੰ ਮਿਲਦਾ ਹੈ। 

ਇਹ ਵੀ ਪੜ੍ਹੋ- ਚੱਲਦੀ ਕਾਰ ਬਣੀ ਅੱਗ ਦਾ ਗੋਲਾ, ਸੜਕ 'ਤੇ ਪੈ ਗਈਆਂ ਭਾਜੜਾਂ

ਸ੍ਰੀ ਹਰਿਮੰਦਰ ਸਾਹਿਬ ਨੇੜੇ ਵੀ ਟ੍ਰੈਫਿਕ ਜਾਮ 

ਇਸ ਤੋਂ ਇਲਾਵਾ ਹਜ਼ਾਰਾਂ ਈ-ਰਿਕਸ਼ਾ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਟ੍ਰੈਫਿਕ ਜਾਮ ਦਾ ਕਾਰਨ ਬਣ ਰਹੇ ਹਨ। ਇਹ ਈ-ਰਿਕਸ਼ਾ ਚਾਲਕ ਆਪਣੇ ਈ-ਰਿਕਸ਼ਾ ਨੂੰ ਕਿਤੇ ਵੀ ਖੜ੍ਹਾ ਕਰ ਦਿੰਦੇ ਹਨ, ਜਿਸ ਕਾਰਨ ਇਹ ਅਕਸਰ ਹਾਦਸਿਆਂ ਦਾ ਕਾਰਨ ਬਣ ਜਾਂਦੇ ਹਨ। ਭਾਵੇਂ ਟ੍ਰੈਫਿਕ ਪੁਲਸ ਨੇ ਇਨ੍ਹਾਂ ਈ-ਰਿਕਸ਼ਾ ਚਾਲਕਾਂ ਨੂੰ ਨੰਬਰ ਵੀ ਅਲਾਟ ਕੀਤਾ ਹੋਇਆ ਹੈ ਅਤੇ ਈ-ਰਿਕਸ਼ਾ ਚਾਲਕਾਂ ਦੀ ਪਛਾਣ ਵੀ ਨੋਟ ਕਰ ਲਈ ਹੈ, ਪਰ ਫਿਰ ਵੀ ਇਨ੍ਹਾਂ ਰਿਕਸ਼ਾ ਚਾਲਕਾਂ ਵੱਲੋਂ ਲੁੱਟ-ਖੋਹ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਇਹ ਈ-ਰਿਕਸ਼ਾ ਚਾਲਕ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਟ੍ਰੈਫਿਕ ਜਾਮ ਦਾ ਮੁੱਖ ਕਾਰਨ ਹਨ। ਇਹ ਈ-ਰਿਕਸ਼ਾ ਚਾਲਕ ਆਪਣੇ ਆਟੋ ਕਿਤੇ ਵੀ ਖੜ੍ਹੇ ਕਰ ਦਿੰਦੇ ਹਨ, ਜਿਸ ਕਾਰਨ ਉਹ ਅਕਸਰ ਹੀ ਦੂਜੇ ਵਾਹਨਾਂ ਨਾਲ ਟਕਰਾ ਜਾਂਦੇ ਹਨ। ਇਸ ਤਰ੍ਹਾਂ ਦੀਆਂ ਟੱਕਰਾਂ ਦੇ ਕਈ ਮਾਮਲੇ ਆਏ ਦਿਨ ਸਾਹਮਣੇ ਆ ਰਹੇ ਹਨ।

ਨਿਗਮ ਨੇ ਲਿਆਂਦਾ ‘ਰਾਹੀ ਪ੍ਰਾਜੈਕਟ’ 

ਨਗਰ ਨਿਗਮ ਨੇ ‘ਰਾਹੀ ਪ੍ਰਾਜੈਕਟ’ ਤਹਿਤ ਪੁਰਾਣੇ ਆਟੋ ਮਾਲਕਾਂ ਨੂੰ ਸਬਸਿਡੀ ’ਤੇ ਜਾਇਜ਼ ਆਟੋਜ਼ ਵੀ ਦਿੱਤੇ ਹਨ, ਤਾਂ ਜੋ ਸ਼ਹਿਰ ਦਾ ਵਾਤਾਵਰਨ ਸ਼ੁੱਧ ਰਹਿ ਸਕੇ ਪਰ ਇਸ ਦੇ ਬਾਵਜੂਦ ਅਜੇ ਵੀ ਚੱਲ ਰਹੇ ਬਾਕੀ ਹਜ਼ਾਰਾਂ ਆਟੋ ਨਿਯਮਾਂ ਦੇ ਉਲਟ ਹਨ। ਇਹ ਗੈਰ-ਕਾਨੂੰਨੀ ਆਟੋ ਟ੍ਰੈਫਿਕ ਸਮੱਸਿਆ ਅਤੇ ਵਾਤਾਵਰਣ ’ਤੇ ਕਾਫ਼ੀ ਪ੍ਰਭਾਵ ਪਾਉਂਦੇ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਨਿਯਮਾਂ ਮੁਤਾਬਕ ਹਰੇਕ ਆਟੋ ਨੂੰ ਪੰਜ ਸਾਲ ਲਈ ਹੀ ਪਰਮਿਟ ਦਿੱਤਾ ਜਾਂਦਾ ਹੈ ਪਰ ਸ਼ਹਿਰ ਦੀਆਂ ਸੜਕਾਂ ’ਤੇ 15-20 ਸਾਲ ਤੋਂ ਵੱਧ ਪੁਰਾਣੇ ਆਟੋ ਚੱਲ ਰਹੇ ਹਨ। ਕੁੱਲ ਮਿਲਾ ਕੇ ਸ਼ਹਿਰ ਵਿੱਚ ਜਾਇਜ਼ ਆਟੋਜ਼ ਦੀ ਗਿਣਤੀ ਬਹੁਤ ਘੱਟ ਹੈ ਅਤੇ ਨਾਜਾਇਜ਼ ਆਟੋਜ਼ਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ।

ਇਹ ਵੀ ਪੜ੍ਹੋ- ਚਰਨਜੀਤ ਸਿੰਘ ਚੰਨੀ ਨੇ ਮੰਗੀ ਮੁਆਫ਼ੀ

ਪੁਲਸ ਕਿਉਂ ਨਹੀਂ ਕਰਦੀ ਕਾਰਵਾਈ 

 ਇੱਥੇ ਸਵਾਲ ਇਹ ਹੈ ਕਿ ਡੀ. ਟੀ. ਓ. ਵਿਭਾਗ ਅਤੇ ਟ੍ਰੈਫਿਕ ਪੁਲਸ ਪ੍ਰਸ਼ਾਸਨ ਇਸ ਸਾਰੀ ਸੱਚਾਈ ਤੋਂ ਜਾਣੂ ਹੋਣ ਦੇ ਬਾਵਜੂਦ ਇਸ ਪਾਸੇ ਸਖ਼ਤ ਕਦਮ ਕਿਉਂ ਨਹੀਂ ਚੁੱਕ ਰਿਹਾ? ਇਸ ਸਬੰਧੀ ਜ਼ਿਲ੍ਹਾ ਟਰਾਂਸਪੋਰਟ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਅਸਲ ਵਿੱਚ ਨਾਜਾਇਜ਼ ਆਟੋ ਟ੍ਰੈਫਿਕ ਦੀ ਸਮੱਸਿਆ ਵਿਚ ਵਾਧਾ ਕਰਨ ਦੇ ਨਾਲ-ਨਾਲ ਵਾਤਾਵਰਨ ਨੂੰ ਵੀ ਪ੍ਰਦੂਸ਼ਿਤ ਕਰਦੇ ਹਨ। ਉਨ੍ਹਾਂ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਜਦੋਂ ਪੁਲਸ ਅਜਿਹੇ ਆਟੋਜ਼ ਖ਼ਿਲਾਫ਼ ਕਾਰਵਾਈ ਕਰਦੀ ਹੈ ਤਾਂ ਆਟੋ ਸਬੰਧਤ ਯੂਨੀਅਨਾਂ ਹੜਤਾਲ ’ਤੇ ਜਾਂਦੀਆਂ ਹਨ। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਕਿਤੇ ਨਾ ਕਿਤੇ ਟ੍ਰੈਫਿਕ ਪੁਲਸ ਵੀ ਕਾਫੀ ਦਬਾਅ ਹੇਠ ਕੰਮ ਕਰ ਰਹੀ ਹੈ।

ਓਵਰਲੋਡਿੰਗ ਆਟੋਜ਼ ਹਾਦਸਿਆਂ ਨੂੰ ਦਿੰਦੇ ਸੱਦਾ 

 ਓਵਰਲੋਡ ਆਟੋ ਹਮੇਸ਼ਾ ਹਾਦਸਿਆਂ ਨੂੰ ਸੱਦਾ ਦਿੰਦੇ ਹਨ। ਵਿਭਾਗ ਇਨ੍ਹਾਂ ਆਟੋ ਚਾਲਕਾਂ ਨੂੰ ਸਿਰਫ਼ 3-1 ਡਰਾਈਵਰਾਂ ਨੂੰ ਹੀ ਪਰਮਿਟ ਜਾਰੀ ਕਰਦਾ ਹੈ ਪਰ ਵੱਧ ਕਮਾਈ ਕਰਨ ਲਈ ਇਹ ਆਟੋ ਚਾਲਕ ਆਪਣੇ ਆਟੋ ਵਿਚ ਵੱਧ ਸਵਾਰੀਆਂ ਲੈ ਕੇ ਜਾਂਦੇ ਹਨ, ਜਿਸ ਕਾਰਨ ਇਹ ਸਮੱਸਿਆ ਸਾਹਮਣੇ ਆਉਂਦੀ ਹੈ ਅਤੇ ਉਹ ਖ਼ੁਦ ਹਾਦਸਿਆਂ ਦਾ ਕਾਰਨ ਬਣ ਜਾਂਦੇ ਹਨ। ਇਸ ਤੋਂ ਇਲਾਵਾ ਪੁਲਸ ਮੁਲਾਜ਼ਮਾਂ ਨਾਲ ਕੁਝ ਆਟੋ ਚਾਲਕਾਂ ਦਾ ਵਤੀਰਾ ਵੀ ਸ਼ੱਕ ਦੇ ਘੇਰੇ ਵਿਚ ਹੈ। ਕੁਝ ਆਟੋ ਚਾਲਕ ਜੋ ਮਰਜ਼ੀ ਕਰਦੇ ਹਨ ਅਤੇ ਉਨ੍ਹਾਂ ਨੂੰ ਕਾਨੂੰਨ ਜਾਂ ਪੁਲਸ ਮੁਲਾਜ਼ਮਾਂ ਦਾ ਵੀ ਕੋਈ ਡਰ ਨਹੀਂ ਹੁੰਦਾ।

ਇਹ ਵੀ ਪੜ੍ਹੋ- ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਪੁਲ ਤੋਂ ਹੇਠਾਂ ਡਿੱਗੇ ਐਕਟਿਵਾ ਸਵਾਰ ਕੁੜੀ-ਮੁੰਡਾ

ਜ਼ਿਆਦਾਤਰ ਆਟੋ ਚਾਲਕਾਂ ਕੋਲ ਨਹੀਂ ਹਨ ਡਰਾਈਵਿੰਗ ਲਾਇਸੈਂਸ 

 ਸੂਤਰਾਂ ਤੋਂ ਇਕ ਹੋਰ ਵੱਡਾ ਖ਼ੁਲਾਸਾ ਹੋਇਆ ਹੈ ਕਿ ਸ਼ਹਿਰ ਦੀਆਂ ਸੜਕਾਂ ’ਤੇ ਚੱਲਣ ਵਾਲੇ ਜ਼ਿਆਦਾਤਰ ਆਟੋ ਵਾਲਿਆਂ ਕੋਲ ਆਟੋ ਸਬੰਧੀ ਸਰਕਾਰੀ ਦਸਤਾਵੇਜ਼ ਮੁਕੰਮਲ ਨਹੀਂ ਹੁੰਦੇ ਹਨ ਅਤੇ ਇਸ ਦੇ ਨਾਲ ਹੀ ਇਹ ਵੀ ਸਾਹਮਣੇ ਆਇਆ ਹੈ ਕਿ ਜ਼ਿਆਦਾਤਰ ਆਟੋ ਚਾਲਕਾਂ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੁੰਦੇ। ਯਾਨੀ ਉਹ ਬਿਨਾਂ ਡਰਾਈਵਿੰਗ ਲਾਇਸੈਂਸ ਦੇ ਆਪਣੇ ਆਟੋ ਵਿੱਚ ਬਿਠਾ ਕੇ ਲੋਕਾਂ ਦੀ ਜਾਨ ਨਾਲ ਖੇਡ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਚ ਇਹ ਗੈਰ-ਕਾਨੂੰਨੀ ਆਟੋ ਚਾਲਕ ਪਹਿਲੇ ਨੰਬਰ ’ਤੇ ਹਨ। ਬੱਸ ਸਟੈਂਡ ਤੋਂ ਛੇਹਰਟਾ ਰੋਡ ਤੇ ਬੀ. ਆਰ. ਟੀ. ਸੀ ਲੇਨ ਵਿ ਆਟੋ ਚਾਲਕ ਤੇਜ਼ ਰਫਤਾਰ ਨਾਲ ਆਪਣੇ ਆਟੋ ਚਲਾਉਂਦੇ ਦੇਖਣਾ ਹੁਣ ਆਮ ਗੱਲ ਹੋ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News