ਗੰਦੇ ਨਾਲੇ ''ਚ ਪਈ 20 ਫੁੱਟ ਦੀ ਦਰਾਰ

Wednesday, Apr 04, 2018 - 03:36 AM (IST)

ਬਠਿੰਡਾ(ਵਰਮਾ)-ਨਗਰ ਨਿਗਮ ਦੀ ਨਾਕਾਮੀ ਦੇ ਕਾਰਨ ਇਕ ਵਾਰ ਫਿਰ ਮੇਨ ਗੰਦੇ ਨਾਲੇ 'ਚ 20 ਫੁੱਟ ਦੀ ਦਰਾਰ ਪੈ ਗਈ, ਜਿਸ ਕਾਰਨ ਸੀਵਰੇਜ ਦਾ ਪਾਣੀ ਗਲੀਆਂ, ਬਾਜ਼ਾਰਾਂ 'ਚ ਆ ਗਿਆ। ਮਾਨਸਾ ਰੋਡ ਸਥਿਤ ਸੀਵਰੇਜ ਟ੍ਰੀਟਮੈਂਟ ਪਲਾਂਟ ਕੋਲ ਸਲੱਜ ਕੈਰੀਅਰ (ਗੰਦਾ ਨਾਲਾ) ਟੁੱਟਣ ਨਾਲ ਮੋਟਰਾਂ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ, ਜਿਸ ਕਾਰਨ ਸ਼ਹਿਰ ਦਾ ਸੀਵਰੇਜ ਓਵਰਫਲੋ ਹੋਇਆ ਅਤੇ ਭੀੜ ਵਾਲੇ ਖੇਤਰਾਂ 'ਚ 2-2 ਫੁੱਟ ਤੱਕ ਗੰਦਾ ਪਾਣੀ ਭਰ ਗਿਆ। ਨਗਰ ਨਿਗਮ ਅਧਿਕਾਰੀਆਂ ਨੇ ਮਿੱਟੀ ਦੀਆਂ ਬੋਰੀਆਂ ਨਾਲ ਸਲੱਜ ਕੈਰੀਅਰ ਨੂੰ ਸਹੀ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਨਾਲਾ ਦੂਜੇ ਥਾਂ ਤੋਂ ਫਿਰ ਟੁੱਟ ਗਿਆ। ਨਿਗਮ ਦੇ 50-60 ਕਰਮਚਾਰੀ ਲਗਾਤਾਰ ਗੰਦੇ ਨਾਲੇ ਨੂੰ ਠੀਕ ਕਰਨ ਵਿਚ ਲੱਗੇ ਹੋਏ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਸਲੱਜ ਕੈਰੀਅਰ ਦੇ ਹੇਠਾਂ ਸੈਂਕੜਿਆਂ ਦੀ ਗਿਣਤੀ 'ਚ ਚੂਹਿਆਂ ਨੇ ਆਪਣੀਆਂ ਖੁੱਡਾ ਬਣਾਈਆਂ ਹੋਈਆਂ ਹਨ, ਜਿਸ ਕਾਰਨ ਨਾਲੇ ਦੀ ਕੱਚੀ ਮਿੱਟੀ ਅੰਦਰ ਧੱਸ ਗਈ ਅਤੇ ਸਲੱਜ ਕੈਰੀਅਰ 'ਚ 20 ਫੁੱਟ ਦੀ ਦਰਾਰ ਆ ਗਈ। ਮੇਨ ਡਿਸਪੋਜ਼ਲ ਦੀਆਂ ਸਾਰੀਆਂ ਮੋਟਰਾਂ ਨੂੰ ਐਮਰਜੈਂਸੀ ਬੰਦ ਕਰਨਾ ਪਿਆ ਤਾਂ ਕਿ ਨਾਲੇ ਵਿਚ ਹੋਰ ਪਾਣੀ ਨਾ ਜਾਵੇ ਤੇ ਮੋਟਰਾਂ ਨੂੰ ਬੰਦ ਕਰਦੇ ਹੀ ਸੀਵਰੇਜ ਦਾ ਗੰਦਾ ਪਾਣੀ ਸ਼ਹਿਰ ਦੀਆਂ ਗਲੀਆਂ, ਸੜਕਾਂ 'ਤੇ ਫੈਲ ਗਿਆ, ਜਿਸ ਕਾਰਨ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੇ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਬੁੱਧਵਾਰ ਤੱਕ ਇਸ ਗੰਦੇ ਨਾਲੇ ਨੂੰ ਠੀਕ ਕਰ ਲਿਆ ਜਾਵੇਗਾ। ਮਹਾਨਗਰ 'ਚ ਵਾਟਰ ਸਪਲਾਈ ਸੀਵਰੇਜ ਦਾ ਬਹੁ-ਕਰੋੜੀ ਪ੍ਰਾਜੈਕਟ ਸੰਭਾਲ ਰਹੀ ਕੰਪਨੀ ਤ੍ਰਿਵੇਣੀ ਇੰਜੀਨੀਅਰ ਐਂਡ ਕੰਸਟਰੱਕਸ਼ਨ ਦੇ ਡੀ. ਜੀ. ਐੱਮ. ਵੀ. ਬੀ. ਸ਼ਿਵਨਾਗੀ ਦਾ ਕਹਿਣਾ ਹੈ ਕਿ ਸਲੱਜ ਕੈਰੀਅਰ ਨੂੰ ਸਹੀ ਕਰ ਦਿੱਤਾ ਗਿਆ ਸੀ ਪਰ ਜਦੋਂ ਪਾਣੀ ਛੱਡਿਆ ਗਿਆ ਤਾਂ ਲੀਕੇਜ ਹੋ ਗਈ। ਉਨ੍ਹਾਂ ਕਿਹਾ ਕਿ ਉਥੇ ਉਨ੍ਹਾਂ ਨੂੰ ਵੱਡੀ ਗਿਣਤੀ 'ਚ ਚੂਹਿਆਂ ਦੀਆਂ ਖੁੱਡਾਂ ਦਿਖਾਈ ਦਿੱਤੀਆਂ, ਜਿਸ ਤੋਂ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਚੂਹਿਆਂ ਕਾਰਨ ਹੀ ਇਸ ਗੰਦੇ ਨਾਲੇ 'ਚ ਦਰਾਰ ਆਈ।
2 ਸਾਲਾਂ ਤੋਂ ਲਗਾਤਾਰ ਟੁੱਟ ਰਹੇ ਹਨ ਸਲੱਜ ਕੈਰੀਅਰ
ਸਲੱਜ ਕੈਰੀਅਰ ਟੁੱਟਣ ਦਾ ਮਾਮਲਾ ਇਹ ਪਹਿਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਇਹ ਟੁੱਟ ਚੁੱਕਾ ਹੈ, ਇਥੋਂ ਤੱਕ ਪਿਛਲੇ 2 ਸਾਲਾ ਦੌਰਾਨ ਇਹ 6 ਵਾਰ ਟੁੱਟ ਚੁੱਕਾ ਹੈ। ਇਸ ਤੋਂ ਪਹਿਲਾ 17 ਜਨਵਰੀ 2017, 16 ਜੂਨ 2017 ਤੇ 30 ਮਈ 2016 ਨੂੰ ਵੀ ਪਿੰਡ ਗਹਿਰੀਭਾਗੀ ਤੋਂ 80 ਫੁੱਟ ਦਰਾਰ ਪਈ ਸੀ।  ਇਸ ਤੋਂ ਇਲਾਵਾ 22 ਅਗਸਤ 2015 ਨੂੰ ਬਠਿੰਡਾ-ਮਾਨਸਾ ਰੋਡ 'ਤੇ ਟੁੱਟਾ ਸੀ। ਜ਼ਿਕਰਯੋਗ ਹੈ ਕਿ ਸੀਵਰੇਜ ਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਕਰੀਬ 30 ਸਾਲ ਪਹਿਲਾਂ ਜ਼ਿਲਾ ਪ੍ਰਸ਼ਾਸਨ ਨੇ ਪਿੰਡ ਸ਼ੇਰਗੜ੍ਹ ਤੱਕ 12.5 ਕਿਲੋਮੀਟਰ ਗੰਦੇ ਨਾਲੇ ਦੀ ਉਸਾਰੀ ਕੀਤੀ ਸੀ। ਸ਼ਹਿਰ ਦੇ ਮੇਨ ਡਿਸਪੋਜ਼ਲ 'ਤੇ ਕਈ ਮੋਟਰਾਂ ਲਾਈਆਂ ਗਈਆਂ ਹਨ, ਜੋ ਸੀਵਰੇਜ ਦਾ ਗੰਦਾ ਪਾਣੀ ਇਸ ਨਾਲੇ ਵਿਚ ਪਾਉਂਦੀਆਂ ਹਨ ਅਤੇ ਸੀਵਰੇਜ ਪਾਈਪਾਂ ਨੂੰ ਖਾਲੀ ਕਰਦੀਆਂ ਹਨ। ਨਾਲੇ ਦੀਆਂ ਦੀਵਾਰਾਂ ਕਮਜ਼ੋਰ ਹੋਣ ਕਾਰਨ ਤੇ ਚੂਹਿਆਂ ਦੀਆਂ ਖੁੱਡਾਂ ਨੂੰ ਲੈ ਕੇ ਪਹਿਲਾਂ ਵੀ ਅਜਿਹੀਆਂ ਕਈ ਘਟਨਾਵਾਂ ਹੋ ਚੁੱਕੀਆਂ ਹਨ ਪਰ ਫੰਡ ਦੀ ਕਮੀ ਕਾਰਨ ਇਸ ਦੀ ਉਸਾਰੀ ਅਧੂਰੀ ਰਹਿ ਗਈ।


Related News