ਕਚਰੇ ਤੋਂ ਬਿਜਲੀ ਉਤਪਾਦਨ ਦਾ ਪੰਜਾਬ ਦਾ ਪਹਿਲਾ ਪਲਾਂਟ ਬਠਿੰਡਾ ''ਚ ਲੱਗੇਗਾ

Wednesday, Jan 17, 2018 - 07:32 AM (IST)

ਬਠਿੰਡਾ(ਵਰਮਾ)-ਨਗਰ ਨਿਗਮ ਤੇ ਜੇ. ਆਈ. ਟੀ. ਐੱਫ. ਕੰਪਨੀ ਵਿਚ ਸ਼ਹਿਰ ਦਾ ਕਚਰਾ ਚੁੱਕਣ ਤੇ ਕਚਰੇ ਨਾਲ ਬਿਜਲੀ ਤਿਆਰ ਕਰਨ ਦਾ 25 ਸਾਲ ਦਾ ਕਰਾਰ ਹੋਇਆ ਸੀ ਪਰ ਕਚਰਾ ਪਲਾਂਟ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਅਤੇ ਕੰਪਨੀ ਨੇ 31 ਦਸੰਬਰ 2017 ਤੱਕ ਹੀ ਕਚਰਾ ਚੁੱਕਣ ਦਾ ਨਿਗਮ ਨੂੰ ਨੋਟਿਸ ਜਾਰੀ ਕਰ ਦਿੱਤਾ ਸੀ। ਜਿਸ ਦੇ ਫੈਸਲੇ ਤਹਿਤ ਹੁਣ ਨਿੱਜੀ ਕੰਪਨੀ ਤਿੰਨ ਮਹੀਨੇ ਹੋਰ ਕਚਰਾ ਚੁੱਕੇਗੀ ਪਰ ਪਲਾਂਟ ਉਸ ਨੂੰ ਲਾਉਣਾ ਪਵੇਗਾ। ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਇਸ ਮਾਮਲੇ ਦੀ ਅਦਾਲਤ ਵਿਚ ਸੁਣਵਾਈ ਹੋਈ ਤੇ ਜੇ. ਆਈ. ਟੀ. ਐੱਫ. ਕੰਪਨੀ ਨੂੰ ਤਿੰਨ ਮਹੀਨੇ ਹੋਰ ਕਚਰਾ ਚੁੱਕਣ ਦੇ ਹੁਕਮ ਜਾਰੀ ਹੋਏ ਹਨ। ਤਿੰਨ ਮਹੀਨੇ ਬਾਅਦ ਨਗਰ ਨਿਗਮ ਆਪਣੇ ਬਲਬੂਤੇ 'ਤੇ ਕਚਰਾ ਚੁੱਕਣ ਦੀਆਂ ਤਿਆਰੀਆਂ ਵਿਚ ਲੱਗ ਗਿਆ, ਜਿਸ ਲਈ ਜਨਰਲ ਹਾਊਸ ਦੀ ਮੀਟਿੰਗ ਵਿਚ ਫੈਸਲਾ ਲਿਆ ਜਾਵੇਗਾ ਤੇ ਨਵੇਂ ਸਫਾਈ ਸੇਵਕਾਂ ਦੀ ਭਰਤੀ ਕੀਤੀ ਜਾਵੇਗੀ। ਬਠਿੰਡਾ ਵਿਚ ਰੋਜ਼ਾਨਾ 110 ਟਨ ਕਚਰਾ ਨਿਕਲਦਾ ਹੈ, ਜਿਸ ਲਈ ਨਿੱਜੀ ਕੰਪਨੀ ਨੇ ਘਰ-ਘਰ ਤੋਂ ਕਚਰਾ ਚੁੱਕਣ ਲਈ 300 ਲੋਕਾਂ ਦੀ ਟੀਮ ਤਾਇਨਾਤ ਕੀਤੀ ਹੈ। ਕੰਪਨੀ ਹਰ ਘਰ ਤੋਂ 50 ਰੁਪਏ ਪ੍ਰਤੀ ਮਹੀਨਾ ਕਚਰਾ ਚੁੱਕਣ ਦੇ ਲੈਂਦੀ ਹੈ ਜਦਕਿ ਨਿਗਮ ਨੇ 350 ਰੁਪਏ ਪ੍ਰਤੀ ਟਨ ਕੰਪਨੀ ਨੂੰ ਕਚਰੇ ਦੇ ਇਵਜ਼ ਵਿਚ ਦੇਣ ਦਾ ਕਰਾਰ ਕੀਤਾ ਹੈ। ਨਗਰ ਨਿਗਮ ਨੇ ਕਿਸੇ ਕਾਰਨਾਂ ਕਾਰਨ ਨਿੱਜੀ ਕੰਪਨੀ ਨੂੰ ਕਚਰੇ ਦਾ ਭੁਗਤਾਨ ਨਹੀਂ ਕੀਤਾ, ਜਿਸ ਕਾਰਨ ਕੰਪਨੀ ਨੇ ਅਦਾਲਤ ਦੀ ਸ਼ਰਨ ਲਈ ਅਤੇ ਕਰਾਰ ਤੋੜ ਦਿੱਤਾ।
200 ਕਰੋੜ ਦੀ ਲਾਗਤ ਨਾਲ ਬਣੇਗਾ ਕਚਰੇ ਨਾਲ ਬਿਜਲੀ ਘਰ
ਨਗਰ ਨਿਗਮ ਤੇ ਜੇ. ਆਈ. ਟੀ. ਐੱਫ. ਕੰਪਨੀ ਨਾਲ ਕਰਾਰ ਵਿਚ ਕੰਪਨੀ ਨੇ 200 ਕਰੋੜ ਰੁਪਏ ਦੀ ਲਾਗਤ ਨਾਲ 12 ਮੈਗਾਵਾਟ ਬਿਜਲੀ ਪਲਾਂਟ ਲਾਉਣਾ ਹੈ, ਜਿਸ ਲਈ 25 ਸਾਲ ਦਾ ਕਰਾਰ ਹੈ। ਨਿਗਮ ਨੇ 30 ਏਕੜ ਜ਼ਮੀਨ ਵੀ ਕੰਪਨੀ ਨੂੰ ਦਿੱਤੀ ਪਰ ਕਚਰਾ ਪਲਾਂਟ ਨੂੰ ਲੈ ਕੇ ਨੇੜਲੇ ਮੁਹੱਲਾ ਵਾਸੀਆਂ ਨੇ ਇਸ ਦਾ ਵਿਰੋਧ ਕੀਤਾ ਤੇ ਕਚਰਾ ਪਲਾਂਟ ਲਟਕ ਗਿਆ। ਦੋ ਸਾਲ ਪਹਿਲਾਂ ਮੁਹੱਲਾ ਵਾਸੀ ਅਦਾਲਤ ਵਿਚ ਕੇਸ ਹਾਰ ਗਏ ਤਾਂ ਕੰਪਨੀ ਨੇ ਪਲਾਂਟ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਲਈ ਕਰਾਰ ਅਨੁਸਾਰ ਨਗਰ ਨਿਗਮ 500-600 ਟਨ ਰੋਜ਼ਾਨਾ ਕਚਰਾ ਕੰਪਨੀ ਨੂੰ ਪਲਾਂਟ ਤੱਕ ਪਹੁੰਚਾਵੇਗੀ, ਜਿਸ ਲਈ ਬਠਿੰਡਾ ਤੋਂ ਇਲਾਵਾ 18 ਹੋਰ ਮਿਊਂਸੀਪਲ ਕਮੇਟੀਆਂ ਨਾਲ ਵੀ ਕਰਾਰ ਹੋਇਆ। ਕੰਪਨੀ ਅਨੁਸਾਰ ਪ੍ਰਤੀ ਮੈਗਾਵਾਟ 15 ਤੋਂ 20 ਕਰੋੜ ਰੁਪਏ ਦੀ ਲਾਗਤ ਆਈ ਹੈ ਅਤੇ ਇਹ ਬਿਜਲੀ ਪੀ. ਐੱਸ. ਪੀ. ਸੀ. ਐੱਲ. ਨੂੰ ਵੇਚੀ ਜਾਣੀ ਹੈ, ਜਿਸ ਲਈ ਕਰਾਰ ਹੋਣਾ ਬਾਕੀ ਹੈ।


Related News