ਮੇਅਰ ਨੇ ਕੀਤਾ ਭਾਜਪਾ ਕੌਂਸਲਰਾਂ ਨਾਲ ਨਿਗਮ ਕਮਿਸ਼ਨਰ ਦਫਤਰ ''ਤੇ ਕਬਜ਼ਾ

Thursday, Oct 05, 2017 - 06:57 AM (IST)

ਮੇਅਰ ਨੇ ਕੀਤਾ ਭਾਜਪਾ ਕੌਂਸਲਰਾਂ ਨਾਲ ਨਿਗਮ ਕਮਿਸ਼ਨਰ ਦਫਤਰ ''ਤੇ ਕਬਜ਼ਾ

ਫਗਵਾੜਾ(ਜਲੋਟਾ)—ਫਗਵਾੜਾ ਨਗਰ ਨਿਗਮ 'ਚ ਉਦੋਂ ਹੰਗਾਮਾ ਹੋ ਗਿਆ ਜਦੋਂ ਨਵ-ਨਿਯੁਕਤ ਨਿਗਮ ਕਮਿਸ਼ਨਰ ਬਖਤਾਵਰ ਸਿੰਘ (ਆਈ. ਏ. ਐੱਸ.) ਦੇ ਚਾਰਜ ਲੈਣ ਤੋਂ ਠੀਕ ਪਹਿਲਾਂ ਕਮਿਸ਼ਨਰ ਦਫਤਰ 'ਤੇ ਅਚਾਨਕ ਭਾਜਪਾ ਮੇਅਰ ਅਰੁਣ ਖੋਸਲਾ ਨੇ ਆਪਣੇ ਸਾਥੀ ਭਾਜਪਾ ਕੌਂਸਲਰਾਂ ਨੂੰ ਨਾਲ ਲੈ ਕੇ ਇਸ ਨੂੰ ਆਪਣਾ ਨਵਾਂ ਦਫਤਰ ਐਲਾਨ ਕੇ ਕਬਜ਼ਾ ਕਰ ਲਿਆ। ਅਹਿਮ ਪਹਿਲੂ ਇਹ ਰਿਹਾ ਕਿ ਜਦੋਂ ਇਹ ਸਾਰਾ ਰਾਜਸੀ ਡਰਾਮਾ ਹੋਇਆ ਉਦੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਸਿੰਘ ਵਾਲੀਆ ਤੇ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਣਾ ਗੈਰ-ਹਾਜ਼ਰ ਰਹੇ। ਇਸ ਤੋਂ ਬਾਅਦ ਨਿਗਮ ਦਫਤਰ ਪੁਲਸ ਛਾਉਣੀ 'ਚ ਤਬਦੀਲ ਹੋ ਗਿਆ। ਵਾਪਰੇ ਘਟਨਾਕ੍ਰਮ ਨੂੰ ਗਲਤ ਕਰਾਰ ਦਿੰਦੇ ਹੋਏ ਕਾਂਗਰਸੀ ਕੌਂਸਲਰਾਂ ਰਾਮਪਾਲ ਉੱਪਲ, ਕੌਂਸਲਰ ਮੁਨੀਸ਼ ਪ੍ਰਭਾਕਰ, ਕੌਂਸਲਰ ਸੰਜੀਵ ਬੁੱਗਾ, ਕਾਂਗਰਸੀ ਨੇਤਾ ਅਵਿਨਾਸ਼ ਗੁਪਤਾ, ਵਿਨੋਦ ਵਰਮਾਨੀ ਨੇ ਨਿਗਮ ਕਮਿਸ਼ਨਰ ਬਖਤਾਵਰ ਸਿੰਘ ਨਾਲ ਰੈਸਟ ਹਾਊਸ 'ਚ ਬੈਠਕ ਕੀਤੀ ਤੇ ਬਾਅਦ 'ਚ ਕਈ ਕਾਂਗਰਸੀ ਕੌਂਸਲਰ ਆਪਣੇ ਸਾਥੀਆਂ ਸਮੇਤ ਨਿਗਮ ਦਫਤਰ ਪਹੁੰਚੇ ਜਦੋਂ ਕਿ ਦੂਜੇ ਪਾਸੇ ਨਿਗਮ ਕਮਿਸ਼ਨਰ ਦੇ ਕਮਰੇ 'ਚ ਮੇਅਰ ਅਰੁਣ ਖੋਸਲਾ ਦੇ ਨਾਲ ਐੱਸ. ਡੀ. ਐੱਮ. ਫਗਵਾੜਾ ਜੋਤੀ ਬਾਲਾ ਮੱਟੂ, ਏ. ਐੱਸ. ਪੀ. ਦਿਆਮਾ ਹਰੀਸ਼ ਓਮ ਪ੍ਰਕਾਸ਼ ਤੇ ਐੱਸ. ਐੱਚ. ਓ. ਸਿਟੀ ਭਾਰਤ ਮਸੀਹ ਲੱਧੜ ਨੇ ਲੰਬੀ ਬੈਠਕ ਕੀਤੀ ਜੋ ਬੇਨਤੀਜਾ ਹੀ ਰਹੀ। ਮੇਅਰ ਖੋਸਲਾ ਤੇ ਸਾਥੀ ਭਾਜਪਾ ਕੌਂਸਲਰ ਤੇ ਨੇਤਾ ਇਸ ਗੱਲ 'ਤੇ ਅੜੇ ਰਹੇ ਕਿ ਉਹ ਨਿਗਮ ਕਮਿਸ਼ਨਰ ਦੇ ਦਫਤਰ ਨੂੰ ਹੀ ਮੇਅਰ ਦਫਤਰ ਦੇ ਰੂਪ 'ਚ ਹੁਣ ਤੋਂ ਇਸਤੇਮਾਲ ਕਰਨਗੇ। ਇਸ ਮੌਕੇ ਭਾਜਪਾ ਕੌਂਸਲਰਾਂ ਤੇ ਸੀਨੀਅਰ ਭਾਜਪਾ ਨੇਤਾ ਰਾਕੇਸ਼ ਦੁੱਗਲ, ਸਾਬਕਾ ਨਗਰ ਕੌਂਸਲ ਪ੍ਰਧਾਨ ਬਲਭੱਦਰਸੈਨ ਦੁੱਗਲ ਆਦਿ ਨੇ ਤਰਕ ਦਿੰਦੇ ਹੋਏ ਕਿਹਾ ਕਿ ਪਹਿਲਾਂ ਇਹ ਉਕਤ ਦਫਤਰ ਕੌਂਸਲ ਪ੍ਰਧਾਨ ਦਾ ਹੀ ਦਫਤਰ ਹੋਇਆ ਕਰਦਾ ਸੀ। ਇਸ ਤੋਂ ਬਾਅਦ ਇਸ ਨੂੰ ਨਿਗਮ ਦਫਤਰ ਬਣਾਇਆ ਗਿਆ ਹੈ।
ਅਸੀਂ ਜਨਤਾ ਦੇ ਚੁਣੇ ਹੋਏ ਹਾਂ, ਸਾਡਾ ਦਫਤਰ ਹੈ ਅਸੀਂ ਬੈਠ ਗਏ : ਮੇਅਰ ਅਰੁਣ ਖੋਸਲਾ
ਇਸ ਮੌਕੇ ਗੱਲਬਾਤ ਕਰਦੇ ਹੋਏ ਮੇਅਰ ਅਰੁਣ ਖੋਸਲਾ ਨੇ ਕਿਹਾ, ''ਅਸੀਂ ਜਨਤਾ ਦੇ ਚੁਣੇ ਹੋਏ ਹਾਂ, ਕੌਂਸਲਰ ਨਾਲ ਹਨ, ਇਹ ਸਾਡਾ ਦਫਤਰ ਹੈ, ਅਸੀਂ ਬੈਠ ਗਏ ਹਾਂ।'' ਮੇਅਰ ਖੋਸਲਾ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਤੁਹਾਡਾ ਤਾਂ ਵੱਖ ਤੋਂ ਵਿਸ਼ਾਲ ਦਫਤਰ ਬਣਿਆ ਹੋਇਆ ਹੈ ਉਸ ਦਾ ਕੀ ਹੋਵੇਗਾ? ਇਸ 'ਤੇ ਮੇਅਰ ਨੇ ਨੋ ਕੁਮੈਂਟਸ ਕਹਿ ਕੇ ਗੱਲ ਖਤਮ ਕਰ ਦਿੱਤੀ।
ਡੀ. ਡੀ. ਆਰ. ਦਰਜ, ਜ਼ਿਲਾ ਅਟਾਰਨੀ ਤੋਂ ਲੈ ਰਹੇ ਨੇ ਕਾਨੂੰਨੀ ਰਾਇ ਪਰ ਪੁਲਸ ਕੇਸ ਰਜਿਸਟਰ ਨਹੀਂ ਕੀਤਾ : ਐੱਸ. ਪੀ. ਭੰਡਾਲ
ਮਾਮਲੇ ਨੂੰ ਲੈ ਕੇ 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਐੱਸ. ਪੀ. ਫਗਵਾੜਾ ਪੀ. ਐੱਸ. ਭੰਡਾਲ ਨੇ ਕਿਹਾ ਕਿ ਉਨ੍ਹਾਂ ਨੂੰ ਨਿਗਮ ਕਮਿਸ਼ਨਰ ਬਖਤਾਵਰ ਸਿੰਘ ਦਾ ਪੱਤਰ ਮੁੱਖ ਸਕੱਤਰ ਪੰਜਾਬ ਰਾਹੀਂ ਮਿਲ ਗਿਆ ਹੈ। ਪੁਲਸ ਨੇ ਇਸ ਸਬੰਧੀ ਪੁਲਸ ਥਾਣਾ ਸਿਟੀ ਫਗਵਾੜਾ 'ਚ ਡੀ. ਡੀ. ਆਰ. ਦਰਜ ਕਰ ਲਈ ਹੈ। ਸਾਰਾ ਮਾਮਲਾ ਜ਼ਿਲਾ ਕਪੂਰਥਲਾ ਦੇ ਡੀ. ਏ. (ਜ਼ਿਲਾ ਅਟਾਰਨੀ) ਦੇ ਧਿਆਨ 'ਚ ਲਿਆਉਣ ਲਈ ਕਾਨੂੰਨੀ ਰਾਇ ਲੈਣ ਲਈ ਭੇਜ ਦਿੱਤਾ ਹੈ। ਫਿਲਹਾਲ ਪੁਲਸ ਨੇ ਮਾਮਲੇ ਨੂੰ ਲੈ ਕੇ ਕਿਸੇ ਵੀ ਧਿਰ ਵਿਰੁੱਧ ਕੋਈ ਪੁਲਸ ਕੇਸ ਰਜਿਸਟਰ ਨਹੀਂ ਕੀਤਾ ਹੈ। ਸਮਾਚਾਰ ਲਿਖੇ ਜਾਣ ਤੱਕ ਕਮਿਸ਼ਨਰ ਦਫਤਰ 'ਤੇ ਭਾਜਪਾ ਮੇਅਰ ਅਰੁਣ ਖੋਸਲਾ ਆਪਣੇ ਸਾਥੀ ਭਾਜਪਾ ਕੌਂਸਲਰਾਂ ਤੇ ਨੇਤਾਵਾਂ ਸਮੇਤ ਮੌਜੂਦ ਸਨ ਅਤੇ ਵਿਵਾਦ ਜਿਵੇਂ ਦਾ ਤਿਵੇਂ ਬਣਿਆ ਹੋਇਆ ਸੀ।


Related News