ਦੋ ਫਾੜ ਹੋਏ ਨਿਗਮ ਦੇ ਠੇਕੇਦਾਰ ਇਕ ਗਰੁੱਪ ''ਤੇ ਲੱਗਾ ਟੈਂਡਰਾਂ ਦੇ ਪੂਲ ਦੇ ਬਹਾਨੇ ਇਕੱਠੇ ਕੀਤੇ ਪੈਸਿਆਂ ਦੀ ਦੁਰਵਰਤੋਂ ਦਾ ਦੋਸ਼
Sunday, Sep 17, 2017 - 03:36 AM (IST)
ਲੁਧਿਆਣਾ(ਹਿਤੇਸ਼)-ਵਿਕਾਸ ਕਾਰਜਾਂ ਦੇ ਟੈਂਡਰਾਂ ਵਿਚ ਪੂਲ ਕਰਨ ਬਾਰੇ ਬਣਾਈ ਗਈ ਯੋਜਨਾ ਦੀ ਹਵਾ ਨਿਕਲਣ ਤੋਂ ਬਾਅਦ ਨਗਰ ਨਿਗਮ ਦੇ ਠੇਕੇਦਾਰ ਦੋ ਫਾੜ ਹੋ ਗਏ ਹਨ, ਜਿਸ ਦੇ ਤਹਿਤ ਇਕ ਗਰੁੱਪ ਨੇ ਦੂਜੇ ਗਰੁੱਪ 'ਤੇ ਪੈਸਿਆਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਉਂਦੇ ਹੋਏ ਵੱਖਰੀ ਯੂਨੀਅਨ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਹੋਈ ਮੀਟਿੰਗ ਵਿਚ ਹਾਟ ਮਿਕਸ ਪਲਾਂਟ ਅਤੇ ਸਿਵਲ ਵਰਕ ਨਾਲ ਸਬੰਧਿਤ ਠੇਕੇਦਾਰਾਂ ਦੇ ਇਕ ਗਰੁੱਪ ਨੇ ਕਿਹਾ ਕਿ ਕਈ ਕੰਪਨੀਆਂ ਨੂੰ ਯੂਨੀਅਨ ਦੇ ਨਾਂ 'ਤੇ ਟੈਂਡਰ ਪਾਉਣ ਤੋਂ ਰੋਕਿਆ ਜਾ ਰਿਹਾ ਹੈ। ਇਥੋਂ ਤੱਕ ਕਿ ਪੂਲ ਕਰਨ ਦੇ ਬਹਾਨੇ ਧੱਕੇਸ਼ਾਹੀ ਕੀਤੀ ਜਾਂਦੀ ਹੈ। ਇਸ ਪ੍ਰਕਿਰਿਆ ਤਹਿਤ ਇਕੱਠੇ ਕੀਤੇ ਜਾਂਦੇ ਪੈਸਿਆਂ ਨੂੰ ਕੁਝ ਲੋਕ ਆਪਣੀ ਮਰਜ਼ੀ ਨਾਲ ਖਰਚ ਕਰ ਰਹੇ ਹਨ ਅਤੇ ਕੋਈ ਹਿਸਾਬ ਦੇਣ ਨੂੰ ਤਿਆਰ ਨਹੀਂ। ਇਸੇ ਤਰ੍ਹਾਂ ਯੂਨੀਅਨ ਦੇ ਨਾਂ 'ਤੇ ਕੁਆਲਟੀ ਕੰਟਰੋਲ ਨਿਯਮਾਂ ਦੀ ਪਾਲਣਾ ਕਰਨ ਦੀ ਜਗ੍ਹਾ ਅਫਸਰਾਂ ਨੂੰ ਧਮਕਾਇਆ ਜਾ ਰਿਹਾ ਹੈ, ਜਿਸ ਦੇ ਵਿਰੋਧ ਵਿਚ ਠੇਕੇਦਾਰਾਂ ਦੇ ਇਕ ਗਰੁੱਪ ਨੇ ਨਵੀਂ ਯੂਨੀਅਨ ਬਣਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿਚ ਸਪੈਸੀਫਿਕੇਸ਼ਨ ਦਾ ਪਾਲਣ ਕਰਨ ਲਈ ਅਫਸਰਾਂ ਨੂੰ ਸਹਿਯੋਗ ਦਿੱਤਾ ਜਾਵੇਗਾ। ਇਸੇ ਤਰ੍ਹਾਂ ਸਾਰੇ ਠੇਕੇਦਾਰਾਂ ਨੂੰ ਕੰਮ ਮਿਲਣਾ ਯਕੀਨੀ ਬਣਾਉਣ ਲਈ ਨਵੀਆਂ ਸੜਕਾਂ ਬਣਾਉਣ ਦੇ ਕੰਮ ਵਿਚ ਪ੍ਰੀਮਿਕਸ ਅਤੇ ਸਿਵਲ ਵਰਕ ਦੇ ਵੱਖਰੇ ਟੈਂਡਰ ਲਾਉਣ ਦੀ ਮੰਗ ਵੀ ਕੀਤੀ ਗਈ।
ਇਸ ਮੌਕੇ ਸਿੰਗਲ ਬਿਲਡਰ ਦੇ ਐੱਮ. ਪੀ. ਸਿੰਘ ਸਹਿਗਲ, ਅਜੇ ਜਿੰਦਲ, ਲੁਧਿਆਣਾ ਬਿਲਡਰ, ਦਲਜੀਤ ਖੁਰਦ, ਮਨਮੋਹਨ ਸਿੰਘ, ਬਿੱਟੂ ਭਨੋਟ, ਤਲਵਿੰਦਰ ਸਿੰਘ ਮਿੰਟੂ, ਹੈਪੀ, ਮਨਪ੍ਰੀਤ ਸਿੰਘ, ਅਸ਼ੋਕ ਸੋਬਤੀ ਮੌਜੂਦ ਸਨ।
ਹੁਣ ਤੱਕ ਕੀ ਹੋਇਆ
ਨਿਗਮ ਵੱਲੋਂ ਪਿਛਲੇ ਸਮੇਂ ਦੌਰਾਨ ਵਿਕਾਸ ਕਾਰਜਾਂ ਦੇ ਟੈਂਡਰਾਂ ਵਿਚ ਕਾਫੀ ਠੇਕੇਦਾਰਾਂ ਨੇ ਪਹਿਲਾਂ ਮਨਮਰਜ਼ੀ ਦੀਆਂ ਸ਼ਰਤਾਂ ਲਵਾਈਆਂ ਅਤੇ ਫਿਰ ਪੂਲ ਕਰ ਕੇ ਕਾਫੀ ਘਾਟੇ 'ਤੇ ਕੰਮ ਹਾਸਲ ਕੀਤੇ। ਇਨ੍ਹਾਂ ਠੇਕੇਦਾਰਾਂ ਨੇ ਨਾ ਤਾਂ ਕੁਆਲਟੀ ਕੰਟਰੋਲ ਨਿਯਮਾਂ ਦਾ ਪਾਲਣ ਕੀਤਾ ਅਤੇ ਨਾ ਹੀ ਤੈਅ ਸਮੇਂ ਵਿਚ ਕੰਮ ਪੂਰੇ ਕੀਤੇ, ਜਿਸ ਨਾਲ ਨਿਗਮ ਨੂੰ ਹੋਣ ਵਾਲੇ ਨੁਕਸਾਨ ਵਿਚ ਵਾਧਾ ਹੋ ਗਿਆ। ਇਸ ਖੇਡ ਵਿਚ ਠੇਕੇਦਾਰਾਂ ਨੂੰ ਲੱਗੀ ਮੌਜ 'ਤੇ ਉਸ ਸਮੇਂ ਪਾਣੀ ਫਿਰ ਗਿਆ ਜਦੋਂ ਨਿਗਮ ਦੇ ਕੋਲ ਵਾਰਡ ਵਾਈਜ਼ ਵਿਕਾਸ ਕਾਰਜਾਂ ਬਦਲੇ ਅਦਾਇਗੀ ਦੇਣ ਲਈ ਪੈਸਾ ਨਾ ਹੋਣ ਤੋਂ ਇਲਾਵਾ ਹਲਕਾ ਵਾਈਜ਼ ਵਿਕਾਸ ਕਾਰਜਾਂ ਦੇ ਬਿੱਲਾਂ ਦੀ ਤੁਰੰਤ ਅਦਾਇਗੀ 'ਤੇ ਵੀ ਰੋਕ ਲੱਗ ਗਈ। ਇਸ ਦੇ ਵਿਰੋਧ ਵਿਚ ਠੇਕੇਦਾਰਾਂ ਨੇ ਕਈ ਮਹੀਨਿਆਂ ਤੋਂ ਕੰਮ ਬੰਦ ਕੀਤੇ ਹੋਏ ਹਨ ਅਤੇ ਹੁਣ ਪੇਮੈਂਟ ਨਾ ਮਿਲਣ ਤੱਕ ਨਵੇਂ ਟੈਂਡਰਾਂ ਦਾ ਬਾਇਕਾਟ ਕਰਨ ਦਾ ਐਲਾਨ ਕਰ ਦਿੱਤਾ, ਜਿਸ ਨੂੰ ਲੈ ਕੇ ਅਫਸਰਾਂ ਵੱਲੋਂ ਜਲਦ ਅਦਾਇਗੀ ਦੇਣ ਦਾ ਯਕੀਨ ਦਿਵਾਉਂਦੇ ਹੋਏ ਠੇਕੇਦਾਰਾਂ ਨੇ ਟੈਂਡਰ ਪਾਉਣ ਦੀ ਹਾਮੀ ਤਾਂ ਭਰ ਦਿੱਤੀ ਪਰ ਕਾਫੀ ਘੱਟ ਪਾਉਣ ਲਈ ਪੂਲ ਕਰ ਲਿਆ, ਜਿਸ ਤੋਂ ਨਾਰਾਜ਼ ਹੋ ਕੇ ਕਈ ਠੇਕੇਦਾਰਾਂ ਨੇ ਪੂਲ ਨੂੰ ਫੇਲ ਕਰ ਦਿੱਤਾ।
ਅਜੇ ਹੋਰ ਵਧੇਗਾ ਝਗੜਾ
ਨਵੀਂ ਯੂਨੀਅਨ ਬਣਾਉਣ ਲਈ ਚਾਹੇ ਡੇਢ ਕਰੋੜ ਦੇ ਫੰਡ ਦੀ ਦੁਰਵਰਤੋਂ ਅਤੇ ਟੈਂਡਰ ਪਾਉਣ ਤੋਂ ਰੋਕਣ ਦਾ ਹਵਾਲਾ ਦਿੱਤਾ ਗਿਆ ਹੈ ਪਰ ਸੂਤਰਾਂ ਦੀ ਮੰਨੀਏ ਤਾਂ ਉਪਰੋਂ ਟੈਂਡਰ ਪਾਉਣ ਵਾਲੇ ਇਕ ਠੇਕੇਦਾਰ ਦੀ ਸਾਈਟ 'ਤੇ ਜਾ ਕੇ ਦੂਜੀ ਯੂਨੀਅਨ ਦੇ ਕੁਝ ਲੋਕਾਂ ਵੱਲੋਂ ਹੰਗਾਮਾ ਕਰਨ ਨਾਲ ਝਗੜਾ ਵਧਿਆ ਹੈ। ਜਿਥੇ ਦੂਜੇ ਗਰੁੱਪ ਦੇ ਲੋਕਾਂ ਨੇ ਵੀਡੀਓਗ੍ਰਾਫੀ ਕਰਨ ਤੋਂ ਇਲਾਵਾ ਕੁਆਲਟੀ ਕੰਟਰੋਲ ਬਾਰੇ ਸਬੰਧਿਤ ਅਫਸਰਾਂ ਨੂੰ ਸ਼ਿਕਾਇਤ ਵੀ ਕੀਤੀ, ਜਿਸ ਕਾਰਨ ਇਕ ਗਰੁੱਪ ਨੇ ਹਫੜਾ-ਦਫੜੀ ਵਿਚ ਮੀਟਿੰਗ ਬੁਲਾਈ ਅਤੇ ਹੁਣ ਤੈਅ ਹੈ ਕਿ ਦੋਵੇਂ ਹੀ ਗਰੁੱਪ ਇਕ ਦੂਜੇ ਦੇ ਵਿਕਾਸ ਕਾਰਜਾਂ ਦੀਆਂ ਧਾਂਦਲੀਆਂ ਦੀ ਪੋਲ ਖੋਲ੍ਹਣ ਤੋਂ ਪਿੱਛੇ ਨਹੀਂ ਹਟਣਗੇ।
ਵਿਧਾਇਕ ਆਸ਼ੂ ਦੀ ਸ਼ਰਨ 'ਚ ਪੁੱਜੇ ਦੋਵੇਂ ਗਰੁੱਪ
ਠੇਕੇਦਾਰਾਂ ਵਿਚ ਪੈਦਾ ਹੋਇਆ ਝਗੜੇ ਦਾ ਮਾਮਲਾ ਦੇਰ ਸ਼ਾਮ ਵਿਧਾਇਕ ਭਾਰਤ ਭੂਸ਼ਣ ਆਸ਼ੂ ਦੇ ਕੋਲ ਪੁੱਜ ਗਿਆ। ਉਨ੍ਹਾਂ ਨੇ ਸਾਫ ਕਰ ਦਿੱਤਾ ਕਿ ਕਾਂਗਰਸ ਸਰਕਾਰ ਵੱਲੋਂ ਰੱਖੇ ਵਿਕਾਸ ਕਾਰਜ ਕਰਵਾਉਣ ਦੇ ਟਾਰਗੇਟ ਖਿਲਾਫ ਹੋਣ ਵਾਲੀ ਕਿਸੇ ਵੀ ਸਾਜ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਠੇਕੇਦਾਰਾਂ ਨੂੰ ਤੈਅ ਸਮੇਂ ਦੇ ਅੰਦਰ ਕੁਆਲਟੀ ਵਾਲੇ ਵਿਕਾਸ ਕਾਰਜ ਕਰਨੇ ਚਾਹੀਦੇ ਹਨ, ਜਿਸ 'ਤੇ ਅਮਲ ਨਾ ਕਰਨ ਵਾਲਿਆਂ ਖਿਲਾਫ ਕਾਰਵਾਈ ਲਈ ਅਫਸਰਾਂ ਨੂੰ ਸਿਫਾਰਸ਼ ਕੀਤੀ ਜਾਵੇਗੀ।
