ਨਗਰ ਨਿਗਮ ਕੰਪਲੈਕਸ ''ਚ ਦੇਰ ਰਾਤ ਮੇਅਰ ਨੇ ਬੁਲਾਈ ਕੌਂਸਲਰਾਂ ਦੀ ਹੰਗਾਮੀ ਬੈਠਕ

11/24/2017 10:57:46 AM

ਨਗਰ ਨਿਗਮ ਕੰਪਲੈਕਸ 'ਚ ਦੇਰ ਰਾਤ ਮੇਅਰ ਨੇ ਬੁਲਾਈ ਕੌਂਸਲਰਾਂ ਦੀ ਹੰਗਾਮੀ ਬੈਠਕ 
ਫਗਵਾੜਾ (ਜਲੋਟਾ, ਰੁਪਿੰਦਰ ਕੌਰ)-ਫਗਵਾੜਾ ਨਗਰ ਨਿਗਮ ਵਿਚ ਫਾਇਰ ਬ੍ਰਿਗੇਡ ਵਿਭਾਗ ਸਣੇ ਵੱਖ-ਵੱਖ ਵਿਭਾਗਾਂ ਵਿਚ ਸਰਕਾਰੀ ਪੱਧਰ 'ਤੇ ਆਊਟਸੋਰਸਜ਼ ਕਰ ਕੇ ਰੱਖੇ ਗਏ 50 ਤੋਂ ਜ਼ਿਆਦਾ ਕਰਮਚਾਰੀਆਂ ਦੇ ਭਵਿੱਖ ਨੂੰ ਲੈ ਕੇ ਦੁਚਿੱਤੀ ਦੀ ਸਥਿਤੀ ਬਰਕਰਾਰ ਹੈ। ਮਾਮਲੇ ਨੂੰ ਲੈ ਕੇ ਫਗਵਾੜਾ ਨਗਰ ਨਿਗਮ ਕਮਿਸ਼ਨਰ ਬਖਤਾਵਰ ਦਾ ਤਰਕ ਹੈ ਕਿ ਉਕਤ ਕਰਮਚਾਰੀਆਂ ਦਾ ਸਿੱਧੇ ਤੌਰ 'ਤੇ ਨਿਗਮ ਦੀ ਕਿਸੇ ਵੀ ਬ੍ਰਾਂਚ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।ਕਮਿਸ਼ਨਰ ਬਖਤਾਵਰ ਸਿੰਘ ਨੇ ਕਿਹਾ ਕਿ ਇਹ ਸਾਰੇ ਕਰਮਚਾਰੀ ਠੇਕੇਦਾਰ ਦੇ ਰਾਹੀਂ ਨਿਗਮ ਵਲੋਂ ਆਊਟਸੋਰਸਜ਼ ਪਾਲਿਸੀ ਦੇ ਤਹਿਤ ਰੱਖੇ ਗਏ ਸੀ, ਜਿਨ੍ਹਾਂ ਦੇ ਠੇਕੇ ਦਾ ਕਾਰਜਕਾਲ ਆਧਿਕਾਰਕ ਤੌਰ 'ਤੇ ਅਗਸਤ 2017 ਵਿਚ ਹੀ ਪੂਰਾ ਹੋ ਗਿਆ ਹੈ। ਅਜਿਹੇ ਵਿਚ ਤਕਨੀਕੀ ਤੌਰ 'ਤੇ ਨਾ ਤਾਂ ਨਗਰ ਨਿਗਮ ਵਿਚ ਕਿਸੇ ਵੀ ਨਿਗਮ ਕਰਮਚਾਰੀ ਨੂੰ ਨੌਕਰੀ ਤੋਂ ਹਟਾਇਆ ਗਿਆ ਹੈ ਅਤੇ ਨਾ ਹੀ ਅਜਿਹਾ ਕੁਝ ਕੀਤਾ ਗਿਆ ਹੈ, ਜੋ ਨਿਯਮਾਂ ਦੇ ਉਲਟ ਹੋਵੇ। ਕਮਿਸ਼ਨਰ ਨੇ ਕਿਹਾ ਕਿ ਜੇ ਉਕਤ ਆਊਟਸੋਰਸਜ਼ ਕੀਤੇ ਗਏ ਕਰਮਚਾਰੀਆਂ ਦੇ ਕਾਰਜਕਾਲ ਨੂੰ ਜਾਰੀ ਰੱਖਿਆ ਜਾਣਾ ਸੀ ਤਾਂ ਇਸ ਸੰਬੰਧੀ ਨਿਗਮ ਹਾਊਸ ਦੀ ਹੋਈ ਬੈਠਕ ਵਿਚ ਮੇਅਰ ਅਰੁਣ ਖੋਸਲਾ ਹਾਊਸ ਦੀ ਸਹਿਮਤੀ ਨਾਲ ਸਮਾਂ ਰਹਿੰਦੇ ਪ੍ਰਸਤਾਵ ਪਾਸ ਕਰਵਾਉਂਦੇ ਪਰ ਅਜਿਹਾ ਨਹੀਂ ਹੋਇਆ। ਇਸ ਕਾਰਨ ਹੁਣ ਉਕਤ ਆਊਟਸੋਰਸਜ਼ ਕੀਤੇ ਗਏ ਕਰਮਚਾਰੀਆਂ ਦਾ ਕਾਰਜਕਾਲ ਸਮਾਪਤ ਹੈ।
ਮੇਅਰ ਹਾਊਸ ਦੀ ਸਹਿਮਤੀ ਨਾਲ ਪ੍ਰਸਤਾਵ ਪਾਸ ਕਰੇ
ਉਨ੍ਹਾਂ ਨੇ ਕਿਹਾ ਕਿ ਜੇ ਨਗਰ ਨਿਗਮ ਫਗਵਾੜਾ ਵਿਚ ਸੰਬੰਧਤ ਆਊਟਸੋਰਸਜ਼ ਕੀਤੇ ਗਏ ਕਰਮਚਾਰੀਆਂ ਨੂੰ ਦੁਬਾਰਾ ਉਨ੍ਹਾਂ ਦੀ ਨੌਕਰੀ 'ਤੇ ਰੱਖਣਾ ਹੈ ਤਾਂ ਫਗਵਾੜਾ ਨਗਰ ਨਿਗਮ ਦੇ ਮੇਅਰ ਅਰੁਣ ਖੋਸਲਾ ਨਿਗਮ ਹਾਊਸ ਦੀ ਸਹਿਮਤੀ ਨਾਲ ਪ੍ਰਸਤਾਵ ਪਾਸ ਕਰੇ। ਇਹ ਪ੍ਰਸਤਾਵ ਪੰਜਾਬ ਸਰਕਾਰ ਨੂੰ ਸਵੀਕਾਰਨ ਲਈ ਭੇਜਿਆ ਜਾਵੇਗਾ ਅਤੇ ਫਿਰ ਜੋ ਫੈਸਲਾ ਆਏਗਾ ਉਸ ਨੂੰ ਲਾਗੂ ਕੀਤਾ ਜਾਵੇਗਾ।

ਵਿਰੋਧੀ ਅਤੇ ਭਾਜਪਾ ਕੌਂਸਲਰਾਂ ਦੇ ਮਿਲੇ ਸੁਰ 'ਚ ਸੁਰ, ਮਾਮਲਾ ਹੋਇਆ ਬੇਹੱਦ ਗੰਭੀਰ ਤੇ ਪੇਚੀਦਾ
ਜਾਣਕਾਰੀ ਅਨੁਸਾਰ ਕਰੀਬ 22 ਕੌਂਸਲਰਾਂ, ਜਿਨ੍ਹਾਂ ਵਿਚ ਭਾਜਪਾ ਕੌਂਸਲਰ ਵੀ ਸ਼ਾਮਲ ਹਨ, ਵਲੋਂ ਤਾਂ ਆਨ ਰਿਕਾਰਡ ਲਿਖਤ ਸ਼ਿਕਾਇਤ ਪੰਜਾਬ ਸਰਕਾਰ ਅਤੇ ਲੋਕਲ ਬਾਡੀਜ਼ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ। ਕਾਂਡ ਨੂੰ ਲੈ ਕੇ ਦਿਲਚਸਪ ਪਹਿਲੂ ਇਹ ਹੈ ਕਿ ਮੇਅਰ ਖੋਸਲਾ ਲਗਾਤਾਰ ਵਿਰੋਧੀ ਕੌਂਸਲਰਾਂ ਵਲੋਂ ਹਾਊਸ ਅੰਦਰ ਲੱਗ ਰਹੇ ਸਾਰੇ ਦੋਸ਼ਾਂ ਨੂੰ ਗਲਤ ਅਤੇ ਤੱਥਹੀਣ ਕਰਾਰ ਦਿੱਤਾ ਗਿਆ।  ਖੋਸਲਾ ਵਲੋਂ ਇਹੀ ਦਾਅਵਾ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵੀ ਕੀਤਾ ਜਾ ਰਿਹਾ ਹੈ ਪਰ ਹੁਣ ਵਿਰੋਧੀ ਕੌਂਸਲਰਾਂ ਦੇ ਨਾਲ ਸੁਰ ਵਿਚ ਸੁਰ ਮਿਲਾ ਰਹੇ ਭਾਜਪਾ ਕੌਂਸਲਰਾਂ ਦੇ ਆਉਣ ਨਾਲ ਮਾਮਲਾ ਬੇਹੱਦ ਗੰਭੀਰ ਤੇ ਪੇਚੀਦਾ ਹੋ ਗਿਆ ਹੈ। ਸੂਤਰਾਂ ਅਨੁਸਾਰ ਉਕਤ ਕਾਂਡ ਨੂੰ ਲੈ ਕੇ ਸ਼ਿਕਾਇਤਕਰਤਾ ਕੌਂਸਲਰਾਂ ਵਲੋਂ ਹੁਣ ਚੰਡੀਗੜ੍ਹ ਜਾ ਕੇ ਵਿਅਕਤੀਗਤ ਤੌਰ 'ਤੇ ਸਾਰੇ ਮਾਮਲੇ ਦੀ ਹਕੀਕਤ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਦੱਸ ਕੇ ਮੇਅਰ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਰੱਖੇ ਜਾਣ ਦੀ ਸੂਚਨਾ ਮਿਲੀ ਹੈ।
ਜੇਕਰ ਅਜਿਹਾ ਹੁੰਦਾ ਹੈ ਤਾਂ ਬਿਨਾਂ ਸ਼ੱਕ ਭਾਜਪਾ ਮੇਅਰ ਅਰੁਣ ਖੋਸਲਾ ਲਈ ਆਉਣ ਵਾਲਾ ਸਮੇਂ ਬੇਹੱਦ ਚੁਣੌਤੀਪੂਰਨ ਰਹਿਣ ਵਾਲਾ ਹੈ ਅਤੇ ਜੇਕਰ ਸ਼ਿਕਾਇਤਕਰਤਾ ਕੌਂਸਲਰਾਂ ਦੇ ਤਰਕ ਅਤੇ ਲਗਾਏ ਜਾ ਰਹੇ ਦੋਸ਼ ਹਕੀਕਤ ਵਿਚ ਸਹੀ ਸਾਬਿਤ ਹੋ ਜਾਂਦੇ ਹਨ ਤਾਂ ਫਿਰ ਮੇਅਰ ਖੋਸਲਾ ਲਈ ਆਪਣੀ ਸਾਖ ਬਚਾ ਪਾਉਣਾ ਆਸਾਨ ਗੱਲ ਨਹੀਂ ਹੋਵੇਗੀ। ਮੇਅਰ ਅਰੁਣ ਖੋਸਲਾ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੇ ਹਾਊਸ ਦੀ ਪ੍ਰੋਸੀਡਿੰਗ ਨਹੀਂ ਬਦਲਵਾਈ ਹੈ ਅਤੇ ਜੋ ਦੋਸ਼ ਲੱਗ ਰਹੇ ਹਨ, ਉਹ ਝੂਠੇ ਤੇ ਬੇਬੁਨਿਆਦ ਹਨ। 
ਫਾਇਰ ਬ੍ਰਿਗੇਡ ਵਿਭਾਗ 'ਚ 9 ਸਫਾਈ ਸੇਵਕ ਬਤੌਰ ਹੈਲਪਰ ਕੀਤੇ ਤਾਇਨਾਤ 
ਫਾਇਰ ਬ੍ਰਿਗੇਡ ਵਿਭਾਗ ਫਗਵਾੜਾ ਪੂਰੀ ਤਰ੍ਹਾਂ ਨਾਲ ਕਿਸੇ ਵੀ ਮੁਸੀਬਤ ਨਾਲ ਨਜਿੱਠਣ ਵਿਚ ਸਮਰੱਥ ਹੈ। ਇਹ ਦਾਅਵਾ ਨਿਗਮ ਕਮਿਸ਼ਨਰ ਬਖਤਾਵਰ ਸਿੰਘ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਕੀਤਾ। ਕਮਿਸ਼ਨਰ ਨੇ ਕਿਹਾ ਕਿ ਫਾਇਰ ਬ੍ਰਿਗੇਡ ਵਿਭਾਗ ਵਿਚ ਆਊਟਸੋਰਸ ਰੱਖੇ ਗਏ ਕੁਝ ਕਰਮਚਾਰੀਆਂ ਜਿਨ੍ਹਾਂ ਦਾ ਸਮਾਂ-ਕਾਲ ਤੈਅਸ਼ੁਦਾ ਠੇਕੇ ਤਹਿਤ ਅਧਿਕਾਰਤ ਪੱਧਰ 'ਤੇ ਨਿਗਮ ਵਿਚ ਖਤਮ ਹੋ ਚੁੱਕਾ ਹੈ। ਉਨ੍ਹਾਂ ਦੀ ਥਾਂ 'ਤੇ 9 ਸਫਾਈ ਸੇਵਕਾਂ ਨੂੰ 24 ਘੰਟੇ ਯਾਨੀ ਕਿ ਰਾਊਂਡ ਦਿ ਕਲਾਕ ਬਤੌਰ ਹੈਲਪਰ ਤਾਇਨਾਤ ਕਰ ਦਿੱਤਾ ਗਿਆ ਹੈ। ਕਮਿਸ਼ਨਰ ਬਖਤਾਵਰ ਸਿੰਘ ਨੇ ਕਿਹਾ,''ਫਾਇਰ ਬ੍ਰਿਗੇਡ ਵਿਭਾਗ ਵਿਚ ਮੌਜੂਦਾ ਸਾਰੇ 4 ਫਾਇਰ ਟੈਂਡਰ ਵਾਹਨਾਂ ਲਈ ਸਥਾਈ ਡਰਾਈਵਰ ਤੇ ਅੱਗ ਲੱਗਣ ਦੀ ਸੂਰਤ ਵਿਚ ਫਾਇਰ ਟੀਮ ਮੌਜੂਦ ਹੈ। ਜੋ ਆਊਟਸੋਰਸ ਕੀਤੇ ਗਏ ਕਰਮਚਾਰੀ ਉਥੇ ਪਹਿਲਾਂ ਹੀ ਤਾਇਨਾਤ ਸਨ, ਉਨ੍ਹਾਂ ਦਾ ਕਾਰਜ ਫਾਇਰ ਟੀਮ ਨੂੰ ਬਤੌਰ ਹੈਲਪਰ ਸੇਵਾ ਪ੍ਰਦਾਨ ਕਰਨਾ ਮਾਤਰ ਸੀ। ਹੁਣ ਇਹੀ ਕਾਰਜ 9 ਸਫਾਈ ਸੇਵਕ ਉਦੋਂ ਤਕ ਅਸਥਾਈ ਤੌਰ 'ਤੇ ਕਰਨਗੇ, ਜਦ ਤਕ ਪੂਰਨ ਰੂਪ ਨਾਲ ਨਵੇਂ ਬੰਦੋਬਸਤ ਪੂਰੇ ਨਹੀਂ ਹੋ ਜਾਂਦੇ ਹਨ।''
ਜੋ ਫੈਸਲਾ ਨਿਗਮ ਹਾਊਸ ਲਵੇਗਾ, ਉਹ ਮੰਨਿਆ ਜਾਵੇਗਾ
ਕਮਿਸ਼ਨਰ ਨੇ ਕਿਹਾ ਕਿ ਆਊਟਸੋਰਸ ਕਰਕੇ ਪਹਿਲਾਂ ਤਾਇਨਾਤ ਕੀਤੇ ਗਏ ਕਰਮਚਾਰੀਆਂ ਨੂੰ ਲੈ ਕੇ ਜੋ ਵੀ ਫੈਸਲਾ ਨਿਗਮ ਹਾਊਸ ਲਵੇਗਾ, ਉਹ ਮੰਨਿਆ ਜਾਵੇਗਾ। ਇਸਨੂੰ ਲੈ ਕੇ ਪ੍ਰਸਤਾਵ ਦੀ ਪ੍ਰੋਸੀਡਿੰਗ ਪੰਜਾਬ ਸਰਕਾਰ ਨੂੰ ਭੇਜੀ ਜਾਵੇਗੀ ਅਤੇ ਫਿਰ ਜੋ ਹੁਕਮ ਪੰਜਾਬ ਸਰਕਾਰ ਦੇ ਆਉਣਗੇ, ਉਨ੍ਹਾਂ ਨੂੰ ਲਾਗੂ ਕਰਵਾ ਦਿੱਤਾ ਜਾਵੇਗਾ। 

ਭਾਜਪਾ ਵਿਧਾਇਕ ਸੋਮ ਪ੍ਰਕਾਸ਼ ਕੈਂਥ ਨੇ ਮੇਅਰ ਖੋਸਲਾ ਨੂੰ ਕੱਢਿਆ ਸੀ ਦੋ ਵੱਡੇ ਵਿਵਾਦਾਂ ਤੋਂ ਮੇਅਰ ਅਰੁਣ ਖੋਸਲਾ ਲਈ ਮੁਸੀਬਤਾਂ ਹੋਰ ਵਧਣੀਆਂ ਤੈਅ !
ਨਗਰ ਨਿਗਮ ਦੇ ਭਾਜਪਾ ਮੇਅਰ ਅਰੁਣ ਖੋਸਲਾ ਦਾ ਵਿਵਾਦਾਂ ਦੇ ਨਾਲ ਚਲਦਾ ਆ ਰਿਹਾ ਦੌਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਮੇਅਰ ਖੋਸਲਾ ਦੀ ਕਾਰਜਸ਼ੈਲੀ ਨੂੰ ਲੈ ਕੇ ਇਕ ਵਿਵਾਦ ਠੰਡਾ ਹੁੰਦਾ ਨਹੀਂ ਹੈ ਕਿ ਨਵੇਂ ਸਿਰੇ ਤੋਂ ਨਵਾਂ ਵਿਵਾਦ ਸ਼ੁਰੂ ਹੋ ਜਾਂਦਾ ਹੈ। ਹੁਣ ਕੁਝ ਦਿਨ ਪਹਿਲਾਂ ਮੇਅਰ ਵਲੋਂ ਇਕ ਨਿਗਮ ਕਮਿਸ਼ਨਰ ਦੇ ਦਫਤਰ 'ਤੇ ਕੀਤੇ ਗਏ ਕਬਜ਼ੇ ਦੇ ਜਨਤਾ ਵਿਚ ਚਰਚੇ ਰੁਕੇ ਵੀ ਨਹੀਂ ਸਨ ਕਿ ਮੇਅਰ ਦਾ ਨਾਂ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਦਫਤਰਾਂ ਦੀ ਤਾਲਾਬੰਦੀ ਨੂੰ ਲੈ ਕੇ ਸੁਰਖੀਆਂ 'ਤੇ ਬਣ ਗਿਆ। ਜਿਵੇਂ ਤਿਵੇਂ ਕਰਕੇ ਫਗਵਾੜਾ ਤੋਂ ਭਾਜਪਾ ਦੇ ਵਿਧਾਇਕ ਸੋਮ ਪ੍ਰਕਾਸ਼ ਕੈਂਥ ਵਲੋਂ ਉਕਤ ਦੋਵੇਂ ਵਿਵਾਦ ਸ਼੍ਰੋਮਣੀ ਅਕਾਲੀ ਦਲ (ਬ) ਦੀ ਟਾਪ ਲੀਡਰਸ਼ਿਪ ਦੇ ਨਾਲ ਉਨ੍ਹਾਂ ਦੇ ਸਾਲਾਂ ਤੋਂ ਚੱਲ ਰਹੇ ਬੇਹੱਦ ਡੂੰਘੇ ਰਿਸ਼ਤਿਆਂ ਸਦਕਾ ਇਕ ਪਾਸੇ ਇਥੇ ਰਾਜਸੀ ਪੱਧਰ 'ਤੇ ਸ਼ਾਂਤ ਕੀਤੇ।ਪਰ ਮੇਅਰ ਖੋਸਲਾ ਹੁਣ ਇਕ ਹੋਰ ਨਵੇਂ ਵਿਵਾਦ ਵਿਚ ਘਿਰ ਗਏ ਹਨ। 
ਵਿਵਾਦ ਵੀ ਅਜਿਹਾ, ਜਿਸ ਦਾ ਕਾਨੂੰਨੀ ਪਹਿਲੂ ਬੇਹੱਦ ਗੰਭੀਰ ਨਤੀਜੇ ਲਿਆ ਸਕਦਾ ਹੈ। ਇਹ ਨਵਾਂ ਵਿਵਾਦ ਮੇਅਰ ਖੋਸਲਾ 'ਤੇ ਹੁਣ ਖੁੱਲ੍ਹੇ ਤੌਰ 'ਤੇ ਨਿਗਮ ਵਿਚ ਮੌਜੂਦ ਕੌਂਸਲਰਾਂ ਵਲੋਂ ਲਾਏ ਜਾ ਰਹੇ ਨਿਗਮ ਹਾਊਸ ਦੀ ਬੈਠਕ ਵਿਚ ਪ੍ਰੋਸੀਡਿੰਗ ਬਦਲਣ ਦਾ ਹੈ। ਇਸਨੂੰ ਲੈ ਕੇ ਇਕ ਪਾਸੇ ਜਿਥੇ ਕਾਂਗਰਸੀ ਕੌਂਸਲਰਾਂ ਦੇ ਨਾਲ ਹੋਰ ਦਲਾਂ ਦੇ ਕੌਂਸਲਰ ਸਹਿਮਤੀ ਜਤਾ ਰਹੇ ਹਨ, ਉਥੇ ਭਾਜਪਾ ਦੇ ਕਈ ਕੌਂਸਲਰ ਜਿਨ੍ਹਾਂ ਵਿਚ ਖੁਦ ਭਾਜਪਾ ਵਿਧਾਇਕ ਸੋਮ ਪ੍ਰਕਾਸ਼ ਕੈਂਥ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਭਾਜਪਾ ਕੌਂਸਲਰ ਵੀ ਸ਼ਾਮਲ ਹਨ। ਵਾਪਰੇ ਘਟਨਾਚੱਕਰ 'ਤੇ ਆਪਣੀ ਸਹਿਮਤੀ ਜਤਾਉਣ ਤੋਂ ਪਿੱਛੇ ਨਹੀਂ ਹਟ ਰਹੇ ਹਨ।


Related News