ਵੱਡੀਆਂ ਨਹਿਰਾਂ ਦੇ ਪੁੱਲਾਂ ਦੇ ‘ਖੂਨੀ ਪੁਆਇੰਟ’ 33 ਸਾਲ ਬਾਅਦ ਵੀ ਅਸੁਰੱਖਿਅਤ, ਨਹਿਰ ਵਿਚ ਡਿੱਗ ਚੁੱਕੀਆਂ ਨੇ ਬੱਸਾਂ
Monday, Sep 21, 2026 - 08:41 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ)- ਸ੍ਰੀ ਮੁਕਤਸਰ ਸਾਹਿਬ - ਕੋਟਕਪੂਰਾ ਮੁੱਖ ਮਾਰਗ ਉੱਪਰ ਪਿੰਡ ਵੜਿੰਗ ਦੇ ਨੇੜਿਓਂ ਲੰਘਦੀਆਂ ਰਾਜਸਥਾਨ ਕੈਨਾਲ ਅਤੇ ਸਰਹੰਦ ਫੀਡਰ ਨਹਿਰਾਂ ਦੇ ਪੁੱਲ ਅਤੇ ਖ਼ਤਰਨਾਕ ਢਲਾਣ ਵਾਲੇ ਕਿਨਾਰੇ ਵਾਹਨ ਚਾਲਕਾਂ ਲਈ ਨਿਰੰਤਰ ਖ਼ਤਰੇ ਦਾ ਕਾਰਨ ਬਣੇ ਹੋਏ ਹਨ। ਹਾਲਾਤ ਇਹ ਹਨ ਕਿ ਸੜਕ ਦਾ ਪੱਧਰ ਉੱਚਾ ਹੈ ਜਦਕਿ ਨਹਿਰਾਂ ਦੇ ਕਿਨਾਰੇ ਹੇਠਾਂ ਵੱਲ ਢਾਲੂ ਹਨ, ਪਰ ਪ੍ਰਸ਼ਾਸਨਿਕ ਅਣਗਹਿਲੀ ਕਾਰਨ ਇੱਥੇ ਅਜੇ ਤੱਕ ਕੋਈ ਮਜ਼ਬੂਤ ਸੁਰੱਖਿਆ ਪ੍ਰਬੰਧ ਨਹੀਂ ਕੀਤੇ ਗਏ। ਜ਼ਿਕਰਯੋਗ ਹੈ ਕਿ 19 ਸਤੰਬਰ 1993 ਨੂੰ ਕੋਟਕਪੂਰਾ ਵੱਲੋਂ ਆ ਰਹੀ ਸਵਾਰੀਆਂ ਨਾਲ ਖਚਾਖਚ ਭਰੀ ਰੋਡਵੇਜ਼ ਦੀ ਇਕ ਬੱਸ ਰਾਜਸਥਾਨ ਕੈਨਾਲ ਵਿੱਚ ਜਾ ਡਿੱਗੀ ਗਈ ਸੀ, ਜਿਸ ਵਿੱਚ ਸਵਾਰ ਇੱਕ ਸਵਾਰੀ ਤੋਂ ਬਿਨ੍ਹਾਂ ਬਾਕੀ ਸਾਰੀਆਂ ਸਵਾਰੀਆਂ ਦੀ ਮੌਤ ਹੋ ਗਈ ਸੀ । ਇਸ ਰੂਹ ਕੰਬਾਊ ਹਾਦਸੇ ਨੂੰ 33 ਸਾਲ ਬੀਤ ਜਾਣ ਦੇ ਬਾਵਜੂਦ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਇਸ ਤੋਂ ਇਲਾਵਾ ਲਗਭਗ ਤਿੰਨ ਸਾਲ ਪਹਿਲਾਂ ਵੀ 19 ਸਤੰਬਰ ਵਾਲੇ ਦਿਨ ਹੀ ਇੱਕ ਨਿੱਜੀ ਕੰਪਨੀ ਦੀ ਬੱਸ ਸਰਹੰਦ ਫੀਡਰ ਨਹਿਰ ਵਿੱਚ ਡਿੱਗਣ ਕਾਰਨ ਤਿੰਨ ਸਵਾਰੀਆਂ ਦੀ ਜਾਨ ਚਲੀ ਗਈ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਨਵਦੀਪ ਸਿੰਘ ਸੁੱਖੀ ਨੇ ਦੱਸਿਆ ਕਿ ਇੰਨ੍ਹਾਂ ਹਾਦਸਿਆਂ ਦੇ ਬਾਵਜੂਦ ਦੋਵਾਂ ਨਹਿਰਾਂ ਦੇ ਕਿਨਾਰੇ ਸੁਰੱਖਿਆ ਦੀ ਪੱਖੋਂ ਬਿਲਕੁਲ ਸੱਖਣੇ ਹਨ। ਠੰਢ ਅਤੇ ਧੁੰਦ ਦੇ ਦਿਨਾਂ ਵਿੱਚ ਇਸ ਸਥਾਨ ’ਤੇ ਹਾਦਸਿਆਂ ਦਾ ਖ਼ਤਰਾ ਹੋਰ ਵੀ ਜ਼ਿਆਦਾ ਵਧ ਜਾਂਦਾ ਹੈ। ਪੁੱਲ ਭੀੜਾ ਹੋਣ ਅਤੇ ਸੜਕ ਤੋਂ ਨਹਿਰ ਵੱਲ ਤਿੱਖੀ ਢਾਲ ਹੋਣ ਕਾਰਨ ਧੁੰਦ ਦੌਰਾਨ ਵਾਹਨ ਚਾਲਕਾਂ ਨੂੰ ਨਹਿਰ ਦਾ ਕਿਨਾਰਾ ਸਪੱਸ਼ਟ ਦਿਖਾਈ ਨਹੀਂ ਦਿੰਦਾ। ਨਹਿਰਾਂ ਬਹੁਤ ਡੂੰਘੀਆਂ ਅਤੇ ਪੱਕੀਆਂ ਹਨ। ਇਸ ਲਈ ਹਰ ਵੇਲੇ ਜਾਨ ਦਾ ਖਤਰਾ ਬਣਿਆ ਰਹਿੰਦਾ ਹੈ।
ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਪਾਸੋਂ ਮੰਗ ਕੀਤੀ ਹੈ ਕਿ ਨਹਿਰਾਂ ਦੇ ਪੁੱਲਾਂ ਦੇ ਕੋਟਕਪੂਰਾ ਅਤੇ ਸ੍ਰੀ ਮੁਕਤਸਰ ਸਾਹਿਬ ਦੋਵਾਂ ਪਾਸਿਆਂ 'ਤੇ ਮਜ਼ਬੂਤ ਸੁਰੱਖਿਆ ਕੰਧਾਂ ਦੇ ਬੈਰੀਅਰ ਬਣਾਏ ਜਾਣ। ਰਾਤ ਅਤੇ ਧੁੰਦ ਦੇ ਸਮੇਂ ਵਾਹਨ ਚਾਲਕਾਂ ਨੂੰ ਜਾਗਰੂਕ ਕਰਨ ਲਈ ਬਲਿੰਕਰ, ਰਿਫਲੈਕਟਰ ਅਤੇ ਚੇਤਾਵਨੀ ਬੋਰਡ ਲਗਾਏ ਜਾਣ। ਨਹਿਰੀ ਪੁੱਲ ਦੇ ਨੇੜੇ ਪਹੁੰਚਣ ਤੋਂ ਪਹਿਲਾਂ ਸੜਕ ਉੱਤੇ ਹੰਪ ਬਣਾਏ ਜਾਣ ਤਾਂ ਜੋ ਵਾਹਨਾਂ ਦੀ ਰਫ਼ਤਾਰ ਨੂੰ ਹੌਲੀ ਕੀਤਾ ਜਾ ਸਕੇ।
ਟੋਲ ਕੰਪਨੀ ਦੇ ਅਧੂਰੇ ਵਾਅਦੇ
ਜਦੋਂ ਇੱਥੇ ਟੋਲ ਪਲਾਜ਼ਾ ਕੰਪਨੀ ਕਾਰਜਸ਼ੀਲ ਸੀ, ਤਾਂ ਉਸ ਵੱਲੋਂ ਇਹ ਪੁੱਲ ਚੌੜੇ ਕਰਨ ਦਾ ਵਾਅਦਾ ਕੀਤਾ ਗਿਆ ਸੀ। ਇਸ ਸਬੰਧੀ ਕੰਪਨੀ ਵੱਲੋਂ ਕੁਝ ਪੁੱਟ-ਪੁੱਟਾਈ ਵੀ ਕੀਤੀ ਗਈ, ਪਰ ਬਾਅਦ ਵਿੱਚ ਨਾ ਤਾਂ ਪੁੱਲ ਚੌੜੇ ਕੀਤੇ ਗਏ ਅਤੇ ਨਾ ਹੀ ਨਹਿਰਾਂ ਦੀ ਸੁਰੱਖਿਆ ਲਈ ਕੋਈ ਠੋਸ ਕਦਮ ਚੁੱਕਿਆ ਗਿਆ।
