ਪ੍ਰੇਮ ਵਿਆਹ ਕਰਵਾਉਣ ਵਾਲਿਆਂ ਖਿਲਾਫ ਪਿੰਡ ਵਾਸੀਆਂ ਨੇ ਚੁੱਕਿਆ ਅਹਿਮ ਕਦਮ
Tuesday, May 14, 2019 - 10:57 AM (IST)

ਸ੍ਰੀ ਮੁਕਤਸਰ ਸਾਹਿਬ - ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਵੱਟੂ ਦੇ ਲੋਕਾਂ ਵਲੋਂ ਪਿੰਡ 'ਚ ਹੀ ਪ੍ਰੇਮ ਵਿਆਹ ਕਰਵਾਉਣ ਵਾਲੇ ਜੋੜਿਆਂ ਖਿਲਾਫ ਬਾਈਕਾਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪਿੰਡ ਦੇ ਲੋਕਾਂ ਨੇ ਇਹ ਫੈਸਲਾ ਪਿੰਡ ਦੀਆਂ ਕਈ ਕੁੜੀਆਂ ਅਤੇ ਇਕ ਨੂੰਹ ਵਲੋਂ ਪ੍ਰੇਮ ਵਿਆਹ ਕਰਵਾ ਲੈਣ ਤੋਂ ਬਾਅਦ ਕੀਤਾ ਗਿਆ ਹੈ। ਦੱਸ ਦੇਈਏ ਕਿ ਬੀਤੇ ਦਿਨ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋਏ ਲੋਕਾਂ ਵਲੋਂ ਇਕ ਮਤਾ ਲਿਖਿਆ ਗਿਆ, ਜਿਸ 'ਚ ਉਨ੍ਹਾਂ ਨੇ ਪ੍ਰੇਮ ਵਿਆਹ ਕਰਵਾਉਣ ਅਤੇ ਉਨ੍ਹਾਂ ਦਾ ਇਸ ਕੰਮ 'ਚ ਸਾਥ ਦੇਣ ਵਾਲਿਆਂ ਨਾਲ ਕਿਸੇ ਤਰ੍ਹਾਂ ਦੀ ਕੋਈ ਸਾਂਝ ਨਾ ਰੱਖਣ ਦੀ ਅਪੀਲ ਕੀਤੀ। ਉਕਤ ਲੋਕਾਂ ਨੇ ਆਪਣੇ ਇਸ ਲਏ ਹੋਏ ਫੈਸਲੇ ਦੀ ਸ਼ੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਕਰ ਦਿੱਤੀ, ਜਿਸ ਨੂੰ ਲੱਖਾਂ ਦੇ ਕਰੀਬ ਲੋਕ ਵੇਖ ਚੁੱਕੇ ਹਨ।
ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਇਸ ਪਿੰਡ ਦੀਆਂ ਕੁੜੀਆਂ ਵਲੋਂ ਪ੍ਰੇਮ ਵਿਆਹ ਕਰਵਾ ਲੈਣ 'ਤੇ ਪਿੰਡ ਦਾ ਮਾਹੌਲ ਖਰਾਬ ਹੋ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਪਿੰਡ ਦੀ ਇਕ ਨੂੰਹ ਵਲੋਂ ਵੀ ਪ੍ਰੇਮ ਵਿਆਹ ਕਰਵਾ ਲੈਣ ਕਾਰਨ ਸਾਰੇ ਪਿੰਡ ਦੇ ਲੋਕਾਂ ਨੂੰ ਨਿਮੋਸ਼ੀ ਝੱਲਣੀ ਪਈ ਹੈ। ਇਸ ਸਬੰਧ 'ਚ ਪਿੰਡ ਵੱਟੂ ਦੀ ਸਰਪੰਚ ਲਵਪ੍ਰੀਤ ਦੇ ਪਤੀ ਧਾਰਾ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਸਮੂਹ ਪਿੰਡ ਵਾਸੀਆਂ ਨੇ ਪ੍ਰੇਮ ਵਿਆਹ ਕਰਵਾਉਣ ਵਾਲੇ ਜੋੜਿਆਂ ਦਾ ਸਾਥ ਨਾ ਦੇਣ ਦੀ ਗੱਲ ਕਹੀ ਹੈ। ਉਨ੍ਹਾਂ ਇਹ ਫੈਸਲਾ ਮਾਤਾ-ਪਿਤਾ ਦੀ ਮਰਜ਼ੀ ਤੋਂ ਬਿਨਾਂ ਪ੍ਰੇਮ ਵਿਆਹ ਕਰਵਾਉਣ ਦੀਆਂ ਵਾਪਰ ਰਹੀਆਂ ਕੁਝ ਘਟਨਾਵਾਂ ਕਾਰਨ ਲਿਆ ਹੈ।