ਮੁਕਤਸਰ ਜੇਲ੍ਹ ’ਚ ਕੈਦੀਆਂ ਦੀ ਗੁੰਡਾਗਰਦੀ, ਜੇਲ੍ਹ ਵਾਰਡਨ ’ਤੇ ਜਾਨਲੇਵਾ ਹਮਲਾ

Saturday, Jul 20, 2024 - 11:41 AM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਜ਼ਿਲ੍ਹਾ ਜੇਲ੍ਹ ’ਚ ਕੈਦੀਆਂ ਦੀ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ। ਜੇਲ੍ਹ ਵਿਚ ਪਿਕਸ ਮਸ਼ੀਨਾਂ ਨਾਲ ਛੇੜਛਾੜ ਕਰ ਉਨ੍ਹਾਂ ਦੀ ਦੁਰਵਰਤੋਂ ਕਰਨ ਤੋਂ ਰੋਕਣ ’ਤੇ ਦੋ ਕੈਦੀਆਂ ਨੇ ਜੇਲ੍ਹ ਵਾਰਡਨ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਜ਼ਖ਼ਮੀ ਜੇਲ੍ਹ ਵਾਰਡਨ ਨੂੰ ਤੁਰੰਤ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਮੁਲਜ਼ਮ ਕੈਦੀ ਹੱਤਿਆ ਸਮੇਤ ਹੋਰ ਅਪਰਾਧਿਕ ਮਾਮਲਿਆਂ ਵਿਚ ਜੇਲ੍ਹ ’ਚ ਬੰਦ ਹੈ। ਜ਼ਿਲ੍ਹਾ ਜੇਲ੍ਹ ਦੇ ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਉਹ ਦੋਵੇਂ ਕੈਦੀ ਜੇਲ੍ਹ ਵਿਚ ਪਿਕਸ ਮਸ਼ੀਨਾਂ ਦੇ ਨਾਲ ਛੇੜਛਾੜ ਕਰ ਕੇ ਉਨ੍ਹਾਂ ਦੀ ਦੁਰਵਰਤੋਂ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।

17 ਜੁਲਾਈ ਨੂੰ ਜੇਲ੍ਹ ਕਰਮਚਾਰੀਆਂ ਨੇ ਇਨ੍ਹਾਂ ਕੈਦੀਆਂ ਨੂੰ ਸਮਝਾਇਆ ਕਿ ਪਿਕਸ ਮਸ਼ੀਨਾਂ ਨੂੰ ਹੈਂਗ ਕਰਨ ਨਾਲ ਜੇਲ੍ਹ ਦਾ ਸਿਸਟਮ ਕ੍ਰੈਸ਼ ਹੁੰਦਾ ਹੈ ਅਤੇ ਹੋਰ ਕੈਦੀਆਂ ਨੂੰ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕਰਨ ਲਈ ਸਮੱਸਿਆ ਆਉਂਦੀ ਹੈ। 18 ਜੁਲਾਈ ਨੂੰ ਲੀਗਲ ਸਰਵਿਸ ਅਥਾਰਿਟੀ ਮੁਕਤਸਰ ਤੋਂ ਆਏ ਵਕੀਲਾਂ ਵਲੋਂ ਜੇਲ੍ਹ ਦੇ ਅੰਦਰ ਬੰਦੀਆਂ ਨੂੰ ਲੀਗਲ ਐਡ ਦੀ ਜਾਣਕਾਰੀ ਦੇਣ ਲਈ ਬੈਰਕਾਂ ਦਾ ਦੌਰਾ ਕੀਤਾ ਜਾ ਰਿਹਾ ਸੀ।

ਇਸ ਦੌਰਾਨ ਇਨ੍ਹਾਂ ਕੈਦੀਆਂ ਨੂੰ ਸਮਝਾਉਣ ਲਈ ਹੋਰ ਬੈਰਕ ’ਚ ਪਾਉਣ ਲਈ ਬੁਲਾਇਆ ਗਿਆ। ਕੈਦੀਆਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ, ਜਦੋਂ ਡਿਊਟੀ ਸੁਖਦੇਵ ਸਿੰਘ ਅਤੇ ਪੈਸਕੋ ਕਰਮਚਾਰੀ ਬੋਹੜ ਸਿੰਘ ਉਕਤ ਬੰਦੀਆਂ ਨੂੰ ਬਲਾਕ ਨੰਬਰ 4 ਵਿਚ ਬੁਲਾਉਣ ਗਏ ਤਾਂ ਕੈਦੀਆਂ ਨੇ ਕਰਮਚਾਰੀਆਂ ਨਾਲ ਗਾਲੀ-ਗਲੋਚ ਕੀਤੀ ਅਤੇ ਧਮਕੀ ਦਿੱਤੀ। ਜਦੋਂ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕੈਦੀਆਂ ਵਲੋਂ ਜੇਲ੍ਹ ਵਾਰਡਨ ਸੁਖਦੇਵ ਸਿੰਘ ’ਤੇ ਲੋਹੇ ਦੀ ਕਿਸੇ ਤਿੱਖੀ ਅਤੇ ਨੁਕੀਲੀ ਵਸਤੂ ਨਾਲ ਹਮਲਾ ਕਰ ਦਿੱਤਾ ਅਤੇ ਜ਼ਖ਼ਮੀ ਕਰ ਦਿੱਤਾ। ਜ਼ਿਲ੍ਹਾ ਜੇਲ੍ਹ ਦੇ ਸਹਾਇਕ ਸੁਪਰਡੈਂਟ ਵਰੁਣ ਨੇ ਦੱਸਿਆ ਕਿ ਇਸ ਮਾਮਲੇ ਵਿਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਦੇ ਬਿਆਨ ’ਤੇ ਥਾਣਾ ਸਦਰ ਵਿਚ ਕੈਦੀ ਹਰਦੀਪ ਸਿੰਘ ਪੁੱਤਰ ਹਰਦੇਵ ਸਿੰਘ ਨਿਵਾਸੀ ਕਾਲਬਣਜਾਰਾ ਬਰਨਾਲਾ ਅਤੇ ਅਪ੍ਰੈਲ ਸਿੰਘ ਉਰਫ਼ ਸ਼ੇਰਾ ਪੁੱਤਰ ਕਰਮ ਸਿੰਘ ਵਾਸੀ ਖੁਰਸ਼ੇਰਪੁਰ ਜਲੰਧਰ ਦੇ ਖਿਲਾਫ਼ ਜੇਲ੍ਹ ਵਿਚ ਮਾਹੌਲ ਖਰਾਬ ਕਰਨ ਅਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦੇ ਦੋਸ਼ ’ਚ ਕੇਸ ਦਰਜ ਕਰ ਲਿਆ ਹੈ।


Gurminder Singh

Content Editor

Related News