ਮੁਕਤਸਰ ਹਲਕੇ 'ਚ ਕਾਂਗਰਸ ਟਿਕਟ ਨੂੰ ਲੈ ਕੇ ਸ਼ਸ਼ੋਪੰਜ ਜਾਰੀ, ਦੌੜ 'ਚ ਕਈ ਦਾਅਵੇਦਾਰ

Tuesday, Nov 16, 2021 - 01:52 PM (IST)

ਮੁਕਤਸਰ ਹਲਕੇ 'ਚ ਕਾਂਗਰਸ ਟਿਕਟ ਨੂੰ ਲੈ ਕੇ ਸ਼ਸ਼ੋਪੰਜ ਜਾਰੀ, ਦੌੜ 'ਚ ਕਈ ਦਾਅਵੇਦਾਰ

ਸ੍ਰੀ ਮੁਕਤਸਰ ਸਾਹਿਬ (ਵੈੱਬ ਡੈਸਕ): ਵਿਧਾਨ ਸਭਾ ਚੋਣਾਂ ਵਿਚ ਇਸ ਵਾਰ ਸ੍ਰੀ ਮੁਕਤਸਰ ਸਾਹਿਬ ਹਲਕੇ ਵਿਚ ਉਮੀਦਵਾਰ ਨੂੰ ਲੈ ਕੇ ਭੰਬਲਭੂਸਾ ਬਰਕਰਾਰ ਹੈ। ਇਸ ਹਲਕੇ ਵਿਚ ਇਕ ਅਨਾਰ 100 ਬਿਮਾਰ ਵਾਲਾ ਹਾਲ ਨਜ਼ਰ ਆ ਰਿਹਾ ਹੈ। ਪਹਿਲਾਂ ਇਸ ਹਲਕੇ 'ਚ ਮਰਹੂਮ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੇ ਪਰਿਵਾਰ ਦੀ ਨੂੰਹ ਕਰਨ ਕੌਰ ਬਰਾੜ ਚੋਣ ਲੜਦੇ ਰਹੇ ਹਨ। ਕਰਨ ਕੌਰ ਬਰਾੜ ਦੋ ਵਾਰ ਇੱਥੋਂ ਚੋਣ ਲੜ ਚੁੱਕੇ ਹਨ, ਜਿਸ ਵਿਚ ਉਹ ਇਕ ਵਾਰ ਜਿੱਤ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹ ਚੁੱਕੇ ਹਨ ਜਦਕਿ ਇਕ ਵਾਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦਰਅਸਲ ਕਰਨ ਬਰਾੜ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰਾਂ 'ਚ ਆਉਂਦੇ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਹਾਈਕਮਾਨ ਨਾਲ ਨੇੜਤਾ ਕਾਰਣ ਹੀ ਉਨਾਂ ਨੂੰ ਦੋ ਵਾਰ ਹਲਕੇ ਵਿਚ ਚੋਣ ਲੜਨ ਦੀ ਜ਼ਿੰਮੇਵਾਰੀ ਦਿੱਤੀ ਜਾ ਚੁਕੀ ਹੈ।

ਇਹ ਵੀ ਪੜ੍ਹੋ: ਡਿੰਪੀ ਢਿੱਲੋਂ ਦੀ ਰਾਜਾ ਵੜਿੰਗ ਨੂੰ ਚੁਣੌਤੀ, ਸਿਆਸੀ ਮੁੱਦੇ 'ਤੇ ਸੰਵਾਦ ਲਈ ਤਿਆਰ, ਹਾਰਿਆ ਤਾਂ ਸਿਆਸਤ ਛੱਡ ਦਊਂ

ਸ੍ਰੀ ਮੁਕਤਸਰ ਸਾਹਿਬ ਹਲਕੇ ਤੋਂ ਇਸ ਵਾਰ ਕਾਂਗਰਸ ਦੀ ਟਿਕਟ ਦੇ ਕਈ ਦਾਅਵੇਦਾਰ ਹਨ ਪਰ ਕਾਂਗਰਸ ਪਾਰਟੀ ਦੇ ਪੁਰਾਣੇ ਵਰਕਰ ਗੁਰਸੰਤ ਸਿੰਘ ਬਰਾੜ, ਸਾਬਕਾ ਜ਼ਿਲ੍ਹਾ ਪ੍ਰਧਾਨ ਦੇ ਫਰਜੰਦ ਸਿਮਰਜੀਤ ਸਿੰਘ ਭੀਨਾ ਬਰਾੜ ਮੈਂਬਰ ਜ਼ਿਲ੍ਹਾ ਪਰਿਸ਼ਦ ਇਸ ਵਾਰ ਚੋਣ ਲੜਨ ਦੀ ਤਿਆਰੀ ਕਰੀ ਬੈਠੇ ਹਨ। ਚਰਚਾ ਇਹ ਵੀ ਹੈ ਕਿ ਇਸ ਹਲਕੇ ਤੋਂ ਬਰਾੜ ਪਰਿਵਾਰ ਨੇ ਚੋਣ ਲੜਨ ਲਈ ਕਮਰ ਵੀ ਕੱਸ ਲਈ ਹੈ ਤੇ ਆਉਣ ਵਾਲੇ ਸਮੇਂ ਵਿਚ ਵੱਡੇ ਇਕੱਠ ਰਾਹੀਂ ਸ਼ਕਤੀ ਪਰਦਰਸ਼ਨ ਕਰਕੇ ਟਿਕਟ ਲਈ ਦਾਅਵੇਦਾਰੀ ਮਜ਼ਬੂਤ ਕੀਤੀ ਜਾ ਸਕਦੀ ਹੈ। ਵੈਸੇ ਪੈਰਾਸ਼ੂਟ ਰਾਹੀਂ ਵੀ ਕਈ ਉਮੀਦਵਾਰ ਇਸ ਹਲਕੇ 'ਚ ਉਤਰਨ ਦੀ ਤਾਕ ਵਿੱਚ ਹਨ ਪਰ ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਹਾਲਾਤ ਵਿਚ ਉਮੀਦਵਾਰ ਨੂੰ ਸਥਾਨਕ ਪੱਧਰ ਉੱਤੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਿਮਰਜੀਤ ਬਰਾੜ ਦਾ ਮੰਨਣਾ ਹੈ ਕਿ ਪਾਰਟੀ ਅੰਦਰ ਯੂਥ ਪੱਧਰ ਉੱਤੇ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਵੇਖਦਿਆਂ ਪਾਰਟੀ ਉਨ੍ਹਾਂ ਨੂੰ ਯੂਥ ਕਾਂਗਰਸ ਦੇ ਕੋਟੇ 'ਚੋਂ ਟਿਕਟ ਨਾਲ ਨਿਵਾਜ਼ ਸਕਦੀ ਹੈ। 

ਇਹ ਵੀ ਪੜ੍ਹੋ: 20 ਨੂੰ ਮੋਗਾ ਆਉਣਗੇ ਅਰਵਿੰਦ ਕੇਜਰੀਵਾਲ, ਸੋਨੂੰ ਸੂਦ ਨਾਲ ਕਰ ਸਕਦੇ ਹਨ ਮੀਟਿੰਗ

ਕੱਟੀ ਜਾ ਸਕਦੀ ਹੈ ਬੀਬੀ ਬਰਾੜ ਦੀ ਟਿਕਟ
ਜੇਕਰ ਮੌਜੂਦਾ ਦੌਰ ਦੀ ਗੱਲ ਕਰੀਏ ਤਾਂ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਤੋਂ ਪੂਰੀ ਤਰਾਂ ਵੱਖ ਹੋ ਚੁੱਕੇ ਹਨ ਅਤੇ ਉਨਾਂ ਪੰਜਾਬ ਲੋਕ ਕਾਂਗਰਸ ਪਾਰਟੀ ਨਾਂ ਦੀ ਨਵੀਂ ਪਾਰਟੀ ਬਣਾ ਲਈ ਹੈ। ਭਾਵੇਂ ਕੈਪਟਨ ਅਮਰਿੰਦਰ ਸਿੰਘ ਵਲੋਂ 117 ਹਲਕਿਆਂ ਵਿਚ ਵੱਖਰੇ ਤੌਰ 'ਤੇ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ ਹੈ ਪਰ ਇਹ ਅਜੇ ਤਕ ਸਾਫ਼ ਨਹੀਂ ਹੋ ਸਕਿਆ ਹੈ ਕਿ ਕਾਂਗਰਸ ਦੇ ਕਿਹੜੇ ਲੀਡਰ ਕੈਪਟਨ ਦੇ ਹੱਕ ਵਿਚ ਭੁਗਤਦੇ ਹਨ। ਉਂਝ ਕੈਪਟਨ ਕਈ ਵਾਰ ਦਾਅਵਾ ਕਰ ਚੁੱਕੇ ਹਨ ਕਿ ਕਾਂਗਰਸ ਦੇ ਕਈ ਵੱਡੇ ਆਗੂ ਉਨਾਂ ਦੇ ਸੰਪਰਕ ਵਿਚ ਹਨ। ਉਧਰ ਬੀਬੀ ਕਰਨ ਕੌਰ ਬਰਾੜ ਦਾ ਵੀ ਆਖਣਾ ਹੈ ਕਿ ਫਿਲਹਾਲ ਉਨ੍ਹਾਂ ਅਜੇ ਕੈਪਟਨ ਅਮਰਿੰਦਰ ਸਿੰਘ ਧੜੇ ਨਾਲ ਜਾਣ ਦਾ ਕੋਈ ਫ਼ੈਸਲਾ ਨਹੀਂ ਲਿਆ ਹੈ ਪਰ ਉਨ੍ਹਾਂ ਨੇ ਕੈਪਟਨ ਦੀਆਂ ਤਾਰੀਫਾਂ ਦੇ ਪੁਲ਼ ਜ਼ਰੂਰ ਬੰਨੇ ਹਨ। ਉਂਝ ਸਿਆਸੀ ਗਲਿਆਰਿਆਂ ਵਿਚ ਚਰਚਾ ਹੈ ਕਿ ਇਸ ਵਾਰ ਹਾਈਕਮਾਨ ਕਰਨ ਕੌਰ ਬਰਾੜ ਨੂੰ ਟਿਕਟ ਦੇਣ ਦੇ ਮੂਡ ਵਿਚ ਨਹੀਂ ਹੈ, ਅਜਿਹਾ ਇਸ ਲਈ ਵੀ ਕਿਉਂਕਿ ਕਰਨ ਕੌਰ ਬਰਾੜ ਦੀ ਹਲਕੇ ਵਿਚ ਕਾਰਗੁਜ਼ਾਰੀ ਨੂੰ ਲੈ ਕੇ ਲੋਕ ਬਹੁਤੇ ਖੁਸ਼ ਨਹੀਂ ਹਨ ਅਤੇ ਜੇਕਰ ਕਾਂਗਰਸ ਹਾਈਕਮਾਨ ਕਰਨ ਕੌਰ ਬਰਾੜ ਨੂੰ ਆਗਾਮੀ ਚੋਣਾਂ ਵਿਚ ਟਿਕਟ ਨਹੀਂ ਦਿੰਦੀ ਹੈ ਤਾਂ ਉਹ ਕੈਪਟਨ ਧੜੇ ਵਿਚ ਸ਼ਮੂਲੀਅਤ ਕਰਕੇ ਚੋਣ ਮੈਦਾਨ ਵਿਚ ਨਿੱਤਰ ਸਕਦੇ ਹਨ।

ਨੋਟ : ਤੁਹਾਡੇ ਮੁਤਾਬਕ ਸ੍ਰੀ ਮੁਕਤਸਰ ਸਾਹਿਬ ਤੋਂ ਕਿਸ ਉਮੀਦਵਾਰ ਨੂੰ ਕਾਂਗਰਸ ਪਾਰਟੀ ਵੱਲੋਂ ਟਿਕਟ ਮਿਲਣੀ ਚਾਹੀਦੀ ਹੈ?


author

Harnek Seechewal

Content Editor

Related News