ਮੁਕਤਸਰ ''ਚ ਵੱਡੀ ਵਾਰਦਾਤ, ਪਤਨੀ ਦੇ ਸਾਹਮਣੇ ਬੇਰਹਿਮੀ ਨਾਲ ਪਤੀ ਦਾ ਕਤਲ
Friday, Jul 17, 2020 - 06:16 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ, ਰਿਣੀ) : ਨੇੜਲੇ ਪਿੰਡ ਹਰੀਕੇ ਕਲਾਂ ਵਿਖੇ ਖੇਤ ਵਿਚ ਕੰਮ ਕਰ ਰਹੇ ਇਕ ਵਿਅਕਤੀ ਨੂੰ ਪਿੰਡ ਦੇ ਹੀ ਦੂਜੇ ਵਿਅਕਤੀ ਨੇ ਪਿੱਕਅੱਪ ਗੱਡੀ ਚੜ੍ਹਾ ਕੇ ਮਾਰ ਦਿੱਤਾ। ਇਸ ਸਬੰਧੀ ਥਾਣਾ ਬਰੀਵਾਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਹਰੀਕੇ ਕਲਾਂ ਵਾਸੀ ਵੀਰਪਾਲ ਕੌਰ ਪਤਨੀ ਕੁਲਬੀਰ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸਦੇ ਪਤੀ ਕੋਲ 10 ਕਨਾਲ ਜੱਦੀ ਜ਼ਮੀਨ ਹੈ। ਜਿਸ ਵਿਚ ਉਨ੍ਹਾਂ ਨਰਮਾ ਬੀਜਿਆ ਹੋਇਆ ਹੈ। 15 ਜੁਲਾਈ ਨੂੰ ਉਹ ਸ਼ਾਮ ਸਮੇਂ ਨਰਮੇ ਨੂੰ ਗੋਦੀ ਕਰ ਰਹੇ ਸਨ ਕਿ ਇੰਨੇ ਵਿਚ ਇਕ ਚਿੱਟੇ ਰੰਗ ਦੀ ਪਿੱਕਅੱਪ ਗੱਡੀ ਆਈ ਜਿਸ ਨੂੰ ਸ਼ਿੰਗਾਰਾ ਸਿੰਘ ਉਰਫ਼ ਜੱਸਾ ਚਲਾ ਰਿਹਾ ਸੀ ਅਤੇ ਉਸ ਨਾਲ ਇਕ ਹੋਰ ਆਦਮੀ ਬੈਠਾ ਹੋਇਆ ਸੀ।
ਇਹ ਵੀ ਪੜ੍ਹੋ : ਜਿੰਮ 'ਚ ਨਹੀਂ ਕਰਨ ਦਿੱਤੀ ਐਕਸਰਸਾਈਜ਼ ਤਾਂ ਜਿੰਮ ਟ੍ਰੇਨਰ ਨੂੰ ਮਾਰੀਆਂ ਗੋਲ਼ੀਆਂ
ਬਿਆਨਕਰਤਾ ਅਨੁਸਾਰ ਸ਼ਿੰਗਾਰਾ ਸਿੰਘ ਨੇ ਗੱਡੀ ਰੋਕ ਕੇ ਆਵਾਜ਼ ਮਾਰ ਕੇ ਖੇਤ ਵਿਚ ਕੰਮ ਕਰ ਰਹੇ ਉਸ ਦੇ ਪਤੀ ਨੂੰ ਕੋਲ ਬੁਲਾ ਲਿਆ ਅਤੇ ਸ਼ਿੰਗਾਰਾ ਸਿੰਘ ਅਤੇ ਉਸ ਨਾਲ ਦੂਜਾ ਵਿਅਕਤੀ ਉਸਦੇ ਪਤੀ ਨਾਲ ਲੜਨ ਲੱਗ ਪੈ ਗਏ ਤੇ ਧੱਕੇ ਮਾਰਨ ਲੱਗੇ ਜਿਸ ਕਾਰਨ ਕੁਲਬੀਰ ਸੜਕ 'ਤੇ ਡਿੱਗ ਪਿਆ ਜਦ ਉਹ ਆਪਣੇ ਪਤੀ ਨੂੰ ਛਡਾਉਣ ਗਈ ਤਾਂ ਇਨ੍ਹਾਂ ਨੇ ਉਸਨੂੰ ਵੀ ਧੱਕੇ ਮਾਰੇ ਅਤੇ ਖਾਲ ਵਿਚ ਸੁੱਟ ਦਿੱਤਾ। ਇਸ ਦੌਰਾਨ ਸ਼ਿੰਗਾਰਾ ਸਿੰਘ ਨੇ ਹੇਠਾਂ ਡਿੱਗੇ ਕੁਲਬੀਰ ਸਿੰਘ 'ਤੇ ਗੱਡੀ ਚੜ੍ਹਾ ਦਿੱਤੀ। ਇੰਨਾ ਹੀ ਨਹੀਂ ਵਾਰ-ਵਾਰ ਗੱਡੀ ਨੂੰ ਉਸ ਦੇ ਉਪਰੋਂ ਲੰਘਾਉਂਦਾ ਰਿਹਾ। ਇਸ 'ਚ ਕੁਲਬੀਰ ਜ਼ਖ਼ਮੀ ਹੋ ਗਿਆ। ਪੁਲਸ ਅਨੁਸਾਰ ਜ਼ਖ਼ਮੀ ਹਾਲਤ ਵਿਚ ਕੁਲਬੀਰ ਸਿੰਘ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਅਤੇ ਇਥੋਂ ਉਸਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : 3 ਹਿੰਦੂ ਆਗੂਆਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਪੁਲਸ ਨੇ ਕੁਲਬੀਰ ਸਿੰਘ ਦੀ ਪਤਨੀ ਵੀਰਪਾਲ ਕੌਰ ਦੇ ਬਿਆਨਾਂ 'ਤੇ ਸ਼ਿੰਗਾਰਾ ਸਿੰਘ ਉਰਫ਼ ਜੱਸਾ ਪੁੱਤਰ ਮਹਿੰਦਰ ਸਿੰਘ ਵਾਸੀ ਹਰੀਕੇ ਕਲਾਂ 'ਤੇ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਸ਼ਿੰਗਾਰਾ ਸਿੰਘ ਫਰਾਰ ਹੈ। ਇਸ ਸਬੰਧੀ ਥਾਣਾ ਬਰੀਵਾਲਾ ਇੰਚਾਰਜ ਜਗਦੀਪ ਸਿੰਘ ਨੇ ਦੱਸਿਆ ਕਿ ਇਸ ਮਾਮਲੇ 'ਚ ਕਥਿਤ ਦੋਸ਼ੀ ਸ਼ਿੰਗਾਰਾ ਸਿੰਘ ਵਿਰੁੱਧ ਪਹਿਲਾਂ ਵੀ 13 ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਸ਼ਿੰਗਾਰਾ ਸਿੰਘ ਅਤੇ ਕੁਲਬੀਰ ਸਿੰਘ ਦੀ ਮਾਮੂਲੀ ਲੜਾਈ ਹੋਈ ਸੀ ਜਿਸਦਾ ਪੰਚਾਇਤੀ ਰਾਜੀਨਾਮਾ ਹੋ ਗਿਆ ਸੀ ਪਰ ਬੀਤੇ ਕੱਲ ਸ਼ਿੰਗਾਰਾ ਸਿੰਘ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।
ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਦੇ 7 ਨਵੇਂ ਮਰੀਜ਼ਾਂ ਦੀ ਪੁਸ਼ਟੀ