ਸਰਕਾਰੀ ਸਕੂਲ ਦੀ ਅਧਿਆਪਕ ''ਤੇ ਲੱਗੇ ਧਾਂਦਲੀ ਕਰਨ ਦੇ ਦੋਸ਼
Wednesday, Jan 08, 2020 - 04:56 PM (IST)
ਸ੍ਰੀ ਮੁਕਤਸਰ ਸਾਹਿਬ (ਰਿਣ) - ਸਰਕਾਰੀ ਸਕੂਲ ਕਾਨਿਆਂਵਾਲੀ ਦੇ ਪ੍ਰਾਇਮਰੀ ਵਿਭਾਗ ਦੀ ਇੰਚਾਰਜ ਅਧਿਆਪਕਾਂ 'ਤੇ ਸਕੂਲ ਵਿਕਾਸ ਕਮੇਟੀ ਦੇ ਮੈਂਬਰਾਂ ਅਤੇ ਈ.ਟੀ.ਟੀ ਦੀ ਟ੍ਰੇਨਿੰਗ ਲੈ ਰਹੇ ਅਧਿਆਪਕਾਂ ਵਲੋਂ ਧਾਂਦਲੀ ਦੇ ਦੋਸ਼ ਲਾਏ ਗਏ ਹਨ। ਜਾਣਕਾਰੀ ਅਨੁਸਾਰ ਪਿੰਡ ਕਾਨਿਆਂਵਾਲੀ ਸਕੂਲ ਅਧਿਆਪਕਾਂ 'ਤੇ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਮਿਡ-ਡੇ-ਮੀਲ ਦੇ ਰਾਸ਼ਨ 'ਚ ਘਪਲਾ ਕਰਨ ਤੇ ਸਕੂਲ 'ਚ ਲਗੇ ਦਰਖਤਾਂ ਨੂੰ ਕੱਟ ਦੇਣ ਦੇ ਦੋਸ਼ ਲਗੇ ਹਨ। ਸਕੂਲ ਵਿਭਾਗ ਦੇ ਮੈਂਬਰਾਂ ਨੇ ਸਬੰਧਿਤ ਵਿਭਾਗ ਨੂੰ ਇਸ ਮਾਮਲੇ ਦੇ ਸਬੰਧੀ ਲਿਖਤੀ ਸ਼ਿਕਾਇਤ ਦਿੱਤੀ, ਜਿਸ ਦੀ ਜਾਂਚ ਕਰਨ ਲਈ ਬਲਾਕ ਸਿੱਖਿਆ ਅਧਿਕਾਰੀ ਵਿਸ਼ੇਸ਼ ਤੌਰ 'ਤੇ ਪਹੁੰਚੇ।
ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਈ.ਟੀ.ਟੀ ਕਰ ਰਹੇ ਤੇ ਸਕੂਲ 'ਚ ਟ੍ਰੇਨਿੰਗ ਲਾ ਰਹੇ ਵਿਦਿਆਰਥੀ ਨੇ ਉਕਤ ਦੋਸ਼ਾਂ ਨੂੰ ਸਹੀ ਦੱਸਿਆ ਹੈ। ਸ਼ਿਕਾਇਤ ਕਰਤਾ ਧਰਮਜੀਤ ਸਿੰਘ ਨੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ, ਜਦਕਿ ਸਬੰਧਿਤ ਅਧਿਆਪਕਾਂ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ। ਜਾਂਚ ਕਰਨ ਪੁੱਜੇ ਬਲਾਕ ਸਿੱਖਿਆ ਅਧਿਕਾਰੀ ਨੇ ਕਿਹਾ ਕਿ ਦੋਵਾਂ ਧਿਰਾਂ ਦੇ ਬਿਆਨ ਲੈਣ ਮਗਰੋਂ ਰਿਪੋਰਟ ਬਣਾ ਸੀਨੀਅਰ ਅਧਿਕਾਰੀਆਂ ਨੂੰ ਸੌਂਪ ਦਿੱਤੀ ਜਾਵੇਗੀ। ਦੂਜੇ ਪਾਸੇ ਪ੍ਰਾਇਮਰੀ ਵਿਭਾਗ ਦੀ ਇੰਚਾਰਜ ਅਧਿਆਪਕ ਨੇ ਆਪਣੇ 'ਤੇ ਲੱਗ ਰਹੇ ਦੋਸ਼ਾਂ ਨੂੰ ਗਲਤ ਦੱਸਿਆ ਹੈ।