ਸਾਊਦੀ ਅਰਬ ''ਚ ਮੌਤ ਨਾਲ ਜੂਝ ਰਹੇ ਬਲਵਿੰਦਰ ਦੀ ਮਦਦ ਲਈ ਬੈਲਜੀਅਮ ਤੋਂ ਪੁੱਜੇ ਪੰਜਾਬੀ
Sunday, Jan 05, 2020 - 11:34 AM (IST)
ਸ੍ਰੀ ਮੁਕਤਸਰ ਸਾਹਿਬ (ਰਿਣੀ) - ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮੱਲਣ ਦਾ ਨੌਜਵਾਨ ਬਲਵਿੰਦਰ ਸਿੰਘ ਸਾਊਦੀ ਅਰਬ ਵਿਖੇ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ, ਜਿਸ ਦੀ ਮਦਦ ਲਈ ਲੋਕਾਂ ਨੇ ਹੱਥ ਵਧਾਉਣੇ ਸ਼ੁਰੂ ਕਰ ਦਿੱਤੇ ਹਨ। ਜਾਣਕਾਰੀ ਅਨੁਸਾਰ ਬਲੱਡ ਮਨੀ ਵਜੋਂ ਮ੍ਰਿਤਕ ਦੇ ਪਰਿਵਾਰ ਨੇ 1 ਕਰੋੜ 90 ਲੱਖ ਰੁਪਏ ਦੀ ਮੰਗ ਕੀਤੀ ਹੈ। 'ਜਗ ਬਾਣੀ' ਵਲੋਂ ਬਲਵਿੰਦਰ ਨਾਲ ਫੋਨ 'ਤੇ ਸੰਪਰਕ ਕਰਨ ਮਗਰੋਂ ਉਸਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ, ਜਿਸ ਰਾਹੀਂ ਉਨ੍ਹਾਂ ਨੇ ਮਦਦ ਦੀ ਗੁਹਾਰ ਲਾਈ। ਮੀਡੀਆ ਸਦਕਾ ਦੇਸ਼ ਵਿਦੇਸ਼ ਤੋਂ ਲੋਕ ਮਦਦ ਲਈ ਸਾਹਮਣੇ ਆ ਰਹੇ ਹਨ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਬਲਵਿੰਦਰ ਦੀ ਮਾਤਾ ਮਨਜੀਤ ਕੌਰ ਨੇ ਦੱਸਿਆ ਕਿ ਉਸ ਕੋਲ ਮੌਜੂਦਾ ਸਰਕਾਰ ਦਾ ਕੋਈ ਵੀ ਵਿਅਕਤੀ ਅਤੇ ਲੀਡਰ ਉਨ੍ਹਾਂ ਦੀ ਸਾਰ ਲੈਣ ਨਹੀਂ ਆਇਆ। ਵਿਦੇਸ਼ਾਂ 'ਚ ਬੈਠੇ ਪੰਜਾਬੀ ਅਤੇ ਆਮ ਪਿੰਡਾਂ ਦੇ ਲੋਕ ਉਨ੍ਹਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਬਲਜੀਅਮ ਤੋਂ ਆਏ ਧਰਮਿੰਦਰ ਸਿੰਘ ਚਕ ਬਖਤੂ ਆਪਣੇ ਸਾਥੀਆਂ ਨਾਲ ਪਿੰਡ ਮੱਲਣ ਪਹੁੰਚੇ, ਜਿਥੇ ਉਨ੍ਹਾਂ ਨੇ 9 ਲੱਖ ਰੁਪਏ ਪਰਿਵਾਰ ਨੂੰ ਮਦਦ ਵਜੋਂ ਦਿੱਤੇ।
ਦੱਸ ਦੇਈਏ ਕਿ ਮੁਕਤਸਰ ਦੇ ਪਿੰਡ ਮੱਲਣ ਦਾ ਬਲਵਿੰਦਰ ਸਿੰਘ ਰੋਜ਼ੀ-ਰੋਟੀ ਕਮਾਉਣ ਲਈ 2008 'ਚ ਸਾਊਦੀ ਅਰਬ ਗਿਆ ਸੀ। ਉਥੇ ਟਰੱਕ ਡਰਾਈਵਰ ਵਜੋਂ ਕੰਮ ਕਰ ਕਰਦੇ ਸਮੇਂ ਬਲਵਿੰਦਰ ਇਕ ਵਰਕਸ਼ਾਪ 'ਚ ਪੰਜਾਬੀ ਦੀ ਮਦਦ ਕਰਨ ਲਈ ਚਲਾ ਗਿਆ, ਜਿਥੇ ਲੜਾਈ ਦੌਰਾਨ ਮਿਸ਼ਰ ਦੇ ਇਕ ਵਿਅਕਤੀ ਦੇ ਸੱਟ ਲੱਗ ਗਈ। ਇਸ ਲੜਾਈ ਕਾਰਨ ਦੋਵਾਂ ਪੰਜਾਬੀਆਂ ਨੂੰ ਜੇਲ ਭੇਜ ਦਿੱਤਾ ਗਿਆ ਅਤੇ 5 ਸਾਲ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਮਿਸ਼ਰ ਦੇ ਵਿਅਕਤੀ ਦੀ ਮੌਤ ਹੋ ਗਈ। ਇਸ ਮਾਮਲੇ ਦੇ ਸਬੰਧ 'ਚ ਅਦਾਲਤ ਨੇ ਬਲਵਿੰਦਰ ਨੂੰ ਮ੍ਰਿਤਕ ਪਰਿਵਾਰ ਨਾਲ ਸਮਝੋਤਾ ਕਰਨ ਦੇ ਹੁਕਮ ਦਿੱਤੇ। ਜੇਕਰ ਮ੍ਰਿਤਕ ਦੇ ਪਰਿਵਾਰ ਨਾਲ ਉਸ ਨੇ ਸਮਝੋਤਾ ਨਾ ਕੀਤਾ ਤਾ ਸਾਊਦੀ ਅਰਬ ਦੇ ਕਾਨੂੰਨ ਮੁਤਾਬਕ ਬਲਵਿੰਦਰ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ।