ਗੁਰੂ ਘਰ ''ਚੋਂ ਕਾਰ ਚੋਰੀ ਕਰਨ ਵਾਲਾ ਗਿਰੋਹ ਕਾਬੂ, ਇਕ ਫਰਾਰ

05/27/2019 1:21:01 PM

ਮੁਕੇਰੀਆਂ (ਨਾਗਲਾ) : ਮੁਕੇਰੀਆਂ ਪੁਲਸ ਨੇ ਸ੍ਰੀ ਗੁਰੂ ਰਵਿਦਾਸ ਮੰਦਰ ਕੰਪਲੈਕਸ 'ਚੋਂ 4 ਦਿਨ ਪਹਿਲਾਂ ਚੋਰੀ ਕੀਤੀ ਗਈ ਕਾਰ ਨੂੰ ਕਾਰ ਚੋਰ ਗਿਰੋਹ ਸਣੇ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸੰੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਆਈ. ਅਰਜਨ ਸਿੰਘ ਨੇ ਦੱਸਿਆ ਕਿ ਵਿਧੀ ਚੰਦ ਪੁੱਤਰ ਦੇਵ ਰਾਜ ਨਿਵਾਸੀ ਮੁਕੇਰੀਆਂ, ਬਿਹਾਰੀ ਲਾਲ ਉਰਫ ਕਾਕਾ ਪੁੱਤਰ ਸੁਰੇਸ਼ ਕੁਮਾਰ ਨਿਵਾਸੀ ਬਿੱਲ ਪੱਟੀਆਂ ਥਾਣਾ ਖੁੰਡੀਆਂ ਜ਼ਿਲਾ ਕਾਂਗੜਾ (ਹਿਮਾਚਲ ਪ੍ਰਦੇਸ਼) ਅਤੇ ਮਾਜੂ ਪੁੱਤਰ ਸਤੀਸ਼ ਕੁਮਾਰ ਨਿਵਾਸੀ ਰੋਡੀ ਖਲੇਟ ਥਾਣਾ ਪਾਲਮਪੁਰ ਜ਼ਿਲਾ ਕਾਂਗੜਾ (ਹਿਮਾਚਲ ਪ੍ਰਦੇਸ਼) ਨੂੰ ਕਾਰ ਨੰਬਰ ਪੀ ਬੀ 07 ਐੱਸ 3140 ਸਣੇ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। 

ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਦੋਸ਼ੀਆਂ ਨੇ ਕਾਰ ਚੋਰੀ ਕਰਨ ਤੋਂ ਪਹਿਲਾਂ ਸ੍ਰੀ ਗੁਰੂ ਰਵਿਦਾਸ ਮੰਦਰ ਦੇ ਮੁੱਖ ਦਰਵਾਜ਼ੇ ਨੂੰ ਲੱਗਾ ਜਿੰਦਰਾ ਖੋਲ੍ਹਣ ਦੀ ਵੀ ਕੋਸ਼ਿਸ਼ ਕੀਤੀ ਸੀ ਤਾਂ ਜੋ ਗੁਰੂ ਘਰ ਦੀ ਗੋਲਕ ਤੋੜੀ ਜਾ ਸਕੇ। ਉਨ੍ਹਾਂ ਦੱਸਿਆ ਕਿ ਚੋਰੀ ਸੰਬੰਧੀ ਸਾਰਾ ਮਾਮਲਾ ਗੁਰੂ ਘਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਿਆ ਜਿਸ ਦੀ ਫੁਟੇਜ ਦੇ ਆਧਾਰ 'ਤੇ ਮੁਕੇਰੀਆਂ ਪੁਲਸ ਨੇ ਮੁਹੱਲਾ ਗੁਰਦੇਵਪੁਰ ਨਿਵਾਸੀਆਂ ਦੀ ਸਹਾਇਤਾ ਨਾਲ ਉਕਤ ਦੋਸ਼ੀਆਂ ਨੂੰ ਕਾਬੂ ਕੀਤਾ। ਉਨ੍ਹਾਂ ਦੱਸਿਆ ਕਿ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲਾ ਮੁੱਖ ਦੋਸ਼ੀ ਸੱਤਾ ਪੁਲਸ ਦੀ ਪਹੁੰਚ ਤੋਂ ਬਾਹਰ ਹੈ, ਜਿਸ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਦੋਸ਼ੀਆਂ ਨੂੰ 27 ਮਈ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਨ੍ਹਾਂ ਤੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।


Anuradha

Content Editor

Related News