ਮੁਕੇਰੀਆਂ ਵਿਧਾਨ ਸਭਾ ਸੀਟ ''ਤੇ ਹੁਣ ਤੱਕ ਰਿਹਾ ਕਾਂਗਰਸ ਦਾ ਕਬਜ਼ਾ

Saturday, Oct 05, 2019 - 06:39 PM (IST)

ਮੁਕੇਰੀਆਂ ਵਿਧਾਨ ਸਭਾ ਸੀਟ ''ਤੇ ਹੁਣ ਤੱਕ ਰਿਹਾ ਕਾਂਗਰਸ ਦਾ ਕਬਜ਼ਾ

ਮੁਕੇਰੀਆਂ (ਨਾਗਲਾ, ਝਾਵਰ)— ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਦੋਂ ਵੀ ਵਿਧਾਨ ਸਭਾ ਚੋਣਾਂ ਹੋਈਆਂ, ਮੁਕੇਰੀਆਂ ਸੀਟ 'ਤੇ ਮੁੱਖ ਤੌਰ 'ਤੇ ਕਾਂਗਰਸ ਦਾ ਹੀ ਕਬਜ਼ਾ ਰਿਹਾ ਹੈ। ਮਰਹੂਮ ਡਾ. ਕੇਵਲ ਕ੍ਰਿਸ਼ਨ ਜੋ ਪੰਜਾਬ ਦੇ ਵਿੱਤ ਮੰਤਰੀ ਅਤੇ ਸਪੀਕਰ ਵੀ ਰਹੇ, 6 ਵਾਰ ਕਾਂਗਰਸ ਦੀ ਟਿਕਟ ਤੋਂ ਜਿੱਤੇ। ਇਸ ਤੋਂ ਇਲਾਵਾ ਉਨ੍ਹਾਂ ਦੇ ਸਪੁੱਤਰ ਰਜਨੀਸ਼ ਕੁਮਾਰ ਬੱਬੀ ਇਕ ਵਾਰ ਕਾਂਗਰਸ ਦੀ ਟਿਕਟ ਅਤੇ ਇਕ ਵਾਰ ਆਜ਼ਾਦ ਉਮੀਦਵਾਰ ਵਜੋਂ ਜਿੱਤੇ। ਇਸ ਸੀਟ 'ਤੇ 2 ਵਾਰ ਭਾਜਪਾ ਦਾ ਕਬਜ਼ਾ ਰਿਹਾ, ਜਿੱਥੇ ਅਰੁਨੇਸ਼ ਸ਼ਾਕਰ ਜੇਤੂ ਰਹੇ ਅਤੇ 2 ਵਾਰ ਇਸ ਸੀਟ ਤੋਂ ਹਾਰ ਗਏ। ਜਦੋਂ ਕਿ ਲੋਕ ਸਭਾ ਦੀਆਂ ਚੋਣਾਂ ਦੌਰਾਨ ਵੀ ਕਾਂਗਰਸ ਇਸ ਇਲਾਕੇ 'ਚੋਂ ਅੱਗੇ ਰਹਿੰਦੀ ਸੀ ਪਰ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੇ ਇਸ ਵਿਧਾਨ ਸਭਾ ਹਲਕੇ 'ਚੋਂ ਭਾਰੀ ਲੀਡ ਹਾਸਲ ਕੀਤੀ ਸੀ।

ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ 'ਚ ਮਰਹੂਮ ਰਜਨੀਸ਼ ਕੁਮਾਰ ਬੱਬੀ ਨੂੰ 56787 ਅਤੇ ਭਾਜਪਾ ਦੇ ਅਰੁਨੇਸ਼ ਸ਼ਾਕਰ ਨੂੰ 33661, ਆਜ਼ਾਦ ਉਮੀਦਵਾਰ ਜੰਗੀ ਲਾਲ ਮਹਾਜਨ ਨੂੰ 20542 ਵੋਟਾਂ ਅਤੇ ਆਮ ਆਦਮੀ ਪਾਰਟੀ ਦੇ ਸੁਲੱਖਣ ਸਿੰਘ ਜੱਗੀ ਨੂੰ 17005 ਵੋਟਾਂ ਮਿਲੀਆਂ। ਮੌਜੂਦਾ ਸਮੇਂ ਜੋ ਜ਼ਿਮਨੀ ਚੋਣ ਹੋ ਰਹੀ ਹੈ, ਉਸ 'ਚ ਕਾਂਗਰਸ ਉਮੀਦਵਾਰ ਇੰਦੂ ਬਾਲਾ ਨੂੰ ਵੋਟਰਾਂ ਦੀ ਹਮਦਰਦੀ ਮਿਲਣ ਦੀ ਪੂਰੀ ਸੰਭਾਵਨਾ ਹੈ ਕਿਉਂਕਿ ਉਨ੍ਹਾਂ ਦੇ ਪਤੀ ਰਜਨੀਸ਼ ਕੁਮਾਰ ਬੱਬੀ ਵਿਧਾਇਕ ਦਾ ਕੁਝ ਦਿਨ ਪਹਿਲਾਂ ਲੰਮੀ ਬੀਮਾਰੀ ਉਪਰੰਤ ਦਿਹਾਂਤ ਹੋ ਗਿਆ ਸੀ। ਕਾਂਗਰਸ ਦੇ ਚੋਣ ਇੰਚਾਰਜ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਅਤੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਨਾਰਾਜ਼ ਸਭ ਕਾਂਗਰਸੀਆਂ ਨੂੰ ਨਾਲ ਤੋਰ ਲਿਆ ਹੈ, ਜਿਸ ਕਾਰਨ ਕਾਂਗਰਸ 'ਚ ਹੁਣ ਕੋਈ ਫੁੱਟ ਨਹੀਂ ਰਹੀ ਅਤੇ ਦੂਜੇ ਪਾਸੇ ਅਕਾਲੀ-ਭਾਜਪਾ ਗਠਜੋੜ ਉਮੀਦਵਾਰ ਦੀ ਚੋਣ ਮੁਹਿੰਮ ਠੰਡੀ ਨਜ਼ਰ ਆ ਰਹੀ ਹੈ।

PunjabKesari

ਅਕਾਲੀ ਵਰਕਰ ਭਾਜਪਾ ਉਮੀਦਵਾਰ ਦੀ ਚੋਣ ਮੁਹਿੰਮ ਲਈ ਮੈਦਾਨ 'ਚ ਨਹੀਂ ਉਤਰ ਰਹੇ। ਭਾਜਪਾ ਦੇ ਸਾਬਕਾ ਕੇਂਦਰੀ ਮੰਤਰੀ ਅਰੁਨੇਸ਼ ਸ਼ਾਕਰ ਦੇ 600 ਤੋਂ ਵੱਧ ਸਮਰਥਕਾਂ ਨੇ ਨਗਰ ਕੌਂਸਲ ਪਾਰਕ ਮੁਕੇਰੀਆਂ ਵਿਖੇ ਉਨ੍ਹਾਂ ਨੂੰ ਆਜ਼ਾਦ ਉਮੀਦਵਾਰ ਵਜੋਂ ਜ਼ਿਮਨੀ ਚੋਣ ਲੜਨ ਲਈ ਕਿਹਾ ਸੀ, ਭਾਵੇਂ ਭਾਜਪਾ ਪੰਜਾਬ ਦੇ ਪ੍ਰਧਾਨ ਸ਼ਵੇਤ ਮਲਿਕ ਅਤੇ ਭਾਜਪਾ ਚੋਣ ਕੰਪੇਨ ਇੰਚਾਰਜ ਅਸ਼ਵਨੀ ਸ਼ਰਮਾ ਵੱਲੋਂ ਉਨ੍ਹਾਂ ਨੂੰ ਮਨਾ ਲਿਆ ਗਿਆ ਹੈ ਪਰ ਟਿਕਟ ਨਾ ਮਿਲਣ ਦਾ ਦਰਦ ਅਜੇ ਵੀ ਉਨ੍ਹਾਂ ਦੇ ਦਿਲ 'ਚ ਹੈ ਅਤੇ ਉਨ੍ਹਾਂ ਦੇ ਸਮਰਥਕ ਭਾਜਪਾ ਵਰਕਰ ਵੀ ਨਿਰਾਸ਼। ਭਾਜਪਾ ਉਮੀਦਵਾਰ ਜੰਗੀ ਲਾਲ ਮਹਾਜਨ ਦੀ ਚੋਣ ਮੁਹਿੰਮ ਤੇਜ਼ੀ ਨਾਲ ਚੱਲ ਰਹੀ ਹੈ ਅਤੇ ਕਾਂਗਰਸ ਉਮੀਦਵਾਰ ਇੰਦੂ ਬਾਲਾ ਦੇ ਸਮਰਥਕ ਵੀ ਪੂਰੀ ਤਰ੍ਹਾਂ ਡਟੇ ਹੋਏ ਹਨ ਪਰ ਅਕਾਲੀ ਵਰਕਰ ਜੇ ਸਰਗਰਮ ਨਾ ਹੋਏ ਤਾਂ ਭਾਜਪਾ ਉਮੀਦਵਾਰ ਦਾ ਨੁਕਸਾਨ ਹੋ ਸਕਦਾ ਹੈ। ਵਰਣਨਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਧਿਆਨ ਸਿੰਘ ਮੁਲਤਾਨੀ, ਜੋ ਅਕਾਲੀ ਦਲ ਦੀ ਵੋਟ ਨੂੰ ਵੀ ਸੰਨ੍ਹ ਲਾ ਸਕਦੇ ਹਨ ਕਿਉਂਕਿ ਲੁਬਾਣਾ ਬਰਾਦਰੀ ਦੇ ਲੋਕ ਵੀ ਉਨ੍ਹਾਂ ਦੇ ਚੋਣ ਪ੍ਰਚਾਰ 'ਚ ਡਟ ਗਏ ਹਨ।


author

shivani attri

Content Editor

Related News