ਡੇਢ ਦਰਜ਼ਨ ਲੁਟੇਰਿਆਂ ਵਲੋਂ ਵੇਅਰ ਹਾਊਸ ਦੇ ਗੋਦਾਮ ''ਚ ਡਾਕਾ

09/20/2019 7:59:03 PM

ਮੁੱਦਕੀ, (ਰੰਮੀ ਗਿੱਲ)–ਬਾਘਾਪੁਰਾਣਾ ਰੋਡ ਸਥਿਤ ਪੰਜਾਬ ਰਾਜ ਨਿਗਮ ਦੇ ਗੋਦਾਮਾਂ ’ਚੋਂ ਬੀਤੀ ਰਾਤ ਕਰੀਬ ਡੇਢ ਦਰਜਨ ਲੁਟੇਰਿਆਂ ਵੱਲੋਂ ਗੋਦਾਮ ਦੇ ਚੌਕੀਦਾਰਾਂ ਨੂੰ ਬੰਦੀ ਬਣਾ ਕੇ ਲੱਖਾਂ ਰੁਪਏ ਦੀ ਕਣਕ ਲੁੱਟ ਕੇ ਲਿਜਾਣ ਦਾ ਸਮਾਚਾਰ ਹਾਸਲ ਹੋਇਆ ਹੈ। ਵੇਅਰ ਹਾਊਸ ਮੁੱਦਕੀ ਦੇ ਇੰਚਾਰਜ ਇੰਸਪੈਕਟਰ ਸਚਿਨ ਕੁਮਾਰ ਦੀ ਹਾਜ਼ਰੀ ’ਚ ਗੋਦਾਮ ਦੇ ਚੌਕੀਦਾਰ ਗੁਰਪ੍ਰੀਤ ਸਿੰਘ ਮੰਡਵਾਲਾ ਨੇ ਦੱਸਿਆ ਕਿ ਬੀਤੀ ਰਾਤ ਕਰੀਬ 12 ਵਜੇ ਦੇ ਕਰੀਬ ਜਦੋਂ ਉਹ ਡਿਊਟੀ ’ਤੇ ਸੀ ਤਾਂ ਵੇਅਰ ਹਾਊਸ ਵਿਚ ਅਚਾਨਕ ਆਏ ਚਾਰ ਨੌਜਵਾਨਾਂ ਨੇ ਉਸ ਨੂੰ ਫਡ਼ ਲਿਆ ਅਤੇ ਗੋਦਾਮ ਦੇ ਕਮਰੇ ਵਿਚ ਲੈ ਗਏ। ਦੂਜੇ ਦੋਵੇਂ ਚੌਕੀਦਾਰਾਂ (ਜੋ ਕਿ ਪਿੰਡ ਢੁੱਡੀ ਦੇ ਵਾਸੀ ਹਨ) ਗੁਰਚਰਨ ਸਿੰਘ ਅਤੇ ਕੇਵਲ ਸਿੰਘ ਨੇ ਦੱਸਿਆ ਕਿ ਜਦੋਂ ਲੁਟੇਰਿਆਂ ਨੇ ਗੁਰਪ੍ਰੀਤ ਸਿੰਘ ਨੂੰ ਬੰਦੀ ਬਣਾ ਲਿਆ ਤਾਂ ਗੋਦਾਮਾਂ ਦੀ ਪਿਛਲੀ ਸਾਈਡ ਤੋਂ ਆਏ ਤਕਰੀਬਨ 12 ਲੁਟੇਰਿਆਂ ਨੇ ਉਨ੍ਹਾਂ ਦੋਵਾਂ ਨੂੰ ਵੀ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਬੰਦੀ ਬਣਾ ਲਿਆ ਅਤੇ ਫਿਰ ਤਿੰਨਾਂ ਚੌਕੀਦਾਰਾਂ ਨੂੰ ਇਕ ਕਮਰੇ ਵਿਚ ਬੰਦ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ਦੇ ਮੂੰਹ ਬੰਨ੍ਹੇ ਹੋਏ ਸਨ ਅਤੇ ਉਨ੍ਹਾਂ ਕੋਲ ਤਲਵਾਰਾਂ, ਬੇਸਬਾਲ ਆਦਿ ਹਥਿਆਰ ਸਨ।
ਚੌਕੀਦਾਰਾਂ ਨੂੰ ਬੰਦੀ ਬਣਾਉਣ ਮਗਰੋਂ ਲੁਟੇਰੇ ਆਪਣੇ ਨਾਲ ਲਿਆਂਦੇ ਟੈਂਪੂ ਜਾਂ ਟਰੱਕ ਆਦਿ ਵਿਚ ਕਣਕ ਲੋਡ ਕਰਨ ਲੱਗ ਪਏ ਅਤੇ ਲੱਖਾਂ ਰੁਪਏ ਦੇ ਮਹਿੰਗੇ ਭਾਅ ਦੀ ਕਣਕ ਲੁੱਟ ਕੇ ਫਰਾਰ ਹੋ ਗਏ। ਚੌਕੀਦਾਰ ਗੁਰਚਰਨ ਸਿੰਘ ਨੇ ਦੱਸਿਆ ਕਿ ਲੁਟੇਰੇ ਜਾਂਦੇ-ਜਾਂਦੇ ਉਸ ਦਾ ਸਪਲੈਂਡਰ ਮੋਟਰਸਾਈਕਲ, ਮੋਬਾਇਲ ਫ਼ੋਨ ਅਤੇ ਕੇਵਲ ਸਿੰਘ ਦਾ ਮੋਬਾਇਲ ਅਤੇ ਸਾਰੇ ਚੌਕੀਦਾਰਾਂ ਦੀਆਂ ਟਾਰਚਾਂ ਵੀ ਲੈ ਗਏ। ਕਮਰੇ ਵਿਚ ਬੰਦ ਹੋਏ ਚੌਕੀਦਾਰਾਂ ਨੇ ਲੁਟੇਰਿਆਂ ਦੇ ਜਾਣ ਦੇ ਕੁਝ ਸਮੇਂ ਬਾਅਦ ਕਰੀਬ 6 ਵਜੇ ਦੇ ਕਰੀਬ ਜਦੋਂ ਰੌਲਾ ਪਾਇਆ ਤਾਂ ਸਵੇਰੇ ਸੈਰ ਕਰਨ ਜਾਂਦੇ ਕਿਸੇ ਵਿਅਕਤੀ ਨੇ ਉਨ੍ਹਾਂ ਨੂੰ ਕਮਰੇ ’ਚੋਂ ਬਾਹਰ ਕੱਢਿਆ ਅਤੇ ਗੋਦਾਮ ਇੰਚਾਰਜ ਇੰਸਪੈਕਟਰ ਸਚਿਨ ਕੁਮਾਰ ਨੂੰ ਸੂਚਿਤ ਕੀਤਾ। ਵੇਅਰ ਹਾਊਸ ਮੁੱਦਕੀ ਦੇ ਇੰਚਾਰਜ ਇੰਸਪੈਕਟਰ ਸਚਿਨ ਕੁਮਾਰ ਤੋਂ ਲੁੱਟੀਆਂ ਹੋਈਆਂ ਕਣਕ ਦੀਆਂ ਬੋਰੀਆਂ ਦੀ ਗਿਣਤੀ ਬਾਰੇ ਕਿਹਾ ਕਿ ਅਜੇ ਤੱਕ ਗਿਣਤੀ ਨਹੀਂ ਕੀਤੀ ਗਈ। ਇਸ ਮੌਕੇ ਪੁਲਸ ਥਾਣਾ ਘੱਲ ਖੁਰਦ ਦੇ ਐੱਸ. ਐੱਚ. ਓ. ਕ੍ਰਿਪਾਲ ਸਿੰਘ ਨੇ ਵੇਅਰ ਹਾਊਸ ਗੋਦਾਮ ਵਿਖੇ ਆ ਕੇ ਜਾਇਜ਼ਾ ਲਿਆ। ਥਾਣਾ ਮੁਖੀ ਨੇ ਕਿਹਾ ਕਿ ਪੁਲਸ ਵੱਲੋਂ ਲੁਟੇਰਿਆਂ ਨੂੰ ਕਾਬੂ ਕਰਨ ਲਈ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


Arun chopra

Content Editor

Related News