ਮਿੱਟੀ ਦੇ ਟਿੱਲੇ ਨੂੰ ਪਾਰਕ 'ਚ ਤਬਦੀਲ ਕਰਕੇ ਪ੍ਰਸ਼ਾਸਨ ਨੇ ਖੱਟੀ ਵਾਹ-ਵਾਹ
Monday, Jul 23, 2018 - 04:05 PM (IST)

ਮਾਨਸਾ(ਬਿਊਰੋ)— ਮਾਨਸਾ ਜ਼ਿਲਾ ਪ੍ਰਸ਼ਾਸਨ ਨੇ ਮਿਸਾਲ ਪੇਸ਼ ਕਰਦੇ ਹੋਏ ਪਿੰਡ ਖੋਖਰ ਕਲਾਂ ਵਿਚ ਮਨਰੇਗਾ ਦੇ ਤਹਿਤ ਕੰਮ ਕਰਵਾਇਆ ਅਤੇ ਲੋਕਾਂ ਲਈ ਮੁਸੀਬਤ ਬਣ ਚੁੱਕੇ 10 ਏਕੜ ਦੇ ਰੇਤ ਦੇ ਟਿੱਲੇ ਨੂੰ ਪਾਰਕ ਵਿਚ ਤਬਦੀਲ ਕਰਨ ਦੇ ਨਾਲ-ਨਾਲ 1200 ਗਾਵਾਂ ਲਈ ਚਾਰੇ ਅਤੇ ਦੇਖਭਾਲ ਦਾ ਵੀ ਪ੍ਰਬੰਧ ਕੀਤਾ। ਦੱਸਿਆ ਜਾ ਰਿਹਾ ਹੈ ਕਿ ਪਿੰਡ ਖੋਖਰ ਕਲਾਂ ਦੇ ਲੋਕਾਂ ਨੂੰ ਹਮੇਸ਼ਾ ਸ਼ਿਕਾਇਤ ਰਹਿੰਦੀ ਸੀ ਕਿ ਜਦੋਂ ਵੀ ਮੀਂਹ ਪੈਂਦਾ ਹੈ ਤਾਂ ਰੇਤ ਦੇ ਟਿੱਲੇ ਦੀ ਮਿੱਟੀ ਖੁਰ ਕੇ ਖੇਤਾਂ ਵਿਚ ਭਰ ਜਾਂਦੀ ਹੈ ਅਤੇ ਪਾਣੀ ਜਮ੍ਹਾ ਹੋ ਜਾਂਦਾ ਹੈ। ਇਸ ਪਰੇਸ਼ਾਨੀ ਦਾ ਹੱਲ ਕੱਢਣ ਲਈ ਉਹ ਲੋਕ ਮਾਨਸਾ ਦੇ ਡੀ.ਸੀ. ਕੋਲ ਗਏ। ਜਿਥੇ ਤਤਕਾਲੀਨ ਡੀ.ਸੀ. ਭੂਪਿੰਦਰ ਸਿੰਘ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਕਿਹਾ ਕਿ ਉਹ ਇਸ ਟਿੱਲੇ ਦੀ ਜਗ੍ਹਾ ਗਊਸ਼ਾਲਾ ਨੂੰ ਦੇ ਦੇਣ। ਡੀ.ਸੀ. ਦੀ ਇਸ ਗੱਲ ਲਈ ਇਹ ਲੋਕ ਮੰਨ ਗਏ ਅਤੇ ਟਿੱਲੇ ਦੀ 10 ਏਕੜ ਜ਼ਮੀਨ ਨੂੰ ਪ੍ਰਸ਼ਾਸਨ ਨੇ ਆਪਣੇ ਹੱਥਾਂ ਵਿਚ ਲੈ ਲਿਆ ਅਤੇ ਫਿਰ ਇਸ ਟਿੱਲੇ ਨੂੰ ਪਾਰਕ ਵਿਚ ਬਦਲ ਦਿੱਤਾ। ਇਸ ਦੇ ਨਾਲ ਹੀ ਇਸ ਪਾਰਕ ਦੇ ਇਕ ਪਾਸੇ 1200 ਗਾਵਾਂ ਲਈ ਗਊਸ਼ਾਲਾ ਬਣਾਈ ਗਈ ਹੈ।
ਪਾਰਕ 'ਚ ਐਂਟਰੀ ਫੀਸ ਸਿਰਫ 20 ਰੁਪਏ—
ਪਾਰਕ ਵਿਚ ਆਉਣ ਵਾਲੇ ਹਰ ਵਿਅਕਤੀ ਲਈ ਸਿਰਫ 20 ਰੁਪਏ ਫੀਸ ਰੱਖੀ ਹੋਈ ਹੈ। ਇਹ ਪੈਸੇ ਇਸ ਪਿੰਡ ਵਿਚ 1200 ਗਾਵਾਂ ਲਈ ਬਣਾਈ ਗਈ ਗਊਸ਼ਾਲਾ ਨੂੰ ਦਾਨ ਕੀਤੇ ਜਾਂਦੇ ਹਨ। ਸ਼ਨੀਵਾਰ ਅਤੇ ਐਤਵਾਰ ਸ਼ਾਮ ਨੂੰ ਪਾਰਕ ਵਿਚ ਕਾਫੀ ਲੋਕਾਂ ਦੀ ਭੀੜ ਇਕੱਠੀ ਹੁੰਦੀ ਹੈ। ਇਸ ਦੇ ਨਾਲ ਹੀ ਇਸ ਪਾਰਕ ਨੂੰ ਇੰਨੇ ਵਧੀਆ ਤਰੀਕੇ ਨਾਲ ਬਣਾਇਆ ਗਿਆ ਹੈ ਕਿ ਪੰਜਾਬੀ ਸੱਭਿਆਚਾਰ ਦੀ ਝਲਕ ਵੀ ਦਿਖਾਈ ਦਿੰਦੀ ਹੈ। ਇੱਥੇ ਬੱਚਿਆਂ ਲਈ ਝੂਟੇ ਅਤੇ ਬੋਟਿੰਗ ਲਈ ਛੋਟੀਆਂ-ਛੋਟੀਆਂ ਕਿਸ਼ਤੀਆਂ ਵੀ ਹਨ।