ਸਿੱਧੂ ਦੀ ਨਾਰਾਜ਼ਗੀ ਨੇ ਸਾਬਤ ਕਰ ਦਿੱਤਾ ਕਿ ਕਾਂਗਰਸ ''ਚ ''ਸਭ ਅੱਛਾ ਨਹੀਂ'': ਚੰਦੂਮਾਜਰਾ

Monday, Jan 29, 2018 - 02:03 PM (IST)

ਸ੍ਰੀ ਅਨੰਦਪੁਰ ਸਾਹਿਬ (ਦਲਜੀਤ)— ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਨਗਰ ਨਿਗਮਾਂ ਦੇ ਮੇਅਰ ਥਾਪਣ ਦੇ ਮਸਲੇ ਨੂੰ ਲੈ ਕੇ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਸ਼ਰੇਆਮ ਆਪਣੀ ਨਾਰਾਜ਼ਗੀ ਪ੍ਰਗਟ ਕਰਨ ਤੋਂ ਇਹ ਗੱਲ ਜੱਗ ਜ਼ਾਹਿਰ ਹੋ ਗਈ ਹੈ ਕਿ ਪੰਜਾਬ ਕਾਂਗਰਸ ਅਤੇ ਪੰਜਾਬ ਸਰਕਾਰ 'ਚ ਸੱਭ ਅੱਛਾ ਨਹੀਂ ਹੈ। ਚੰਦੂਮਾਜਰਾ ਐਤਵਾਰ ਇਥੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਰਕਲ ਪ੍ਰਧਾਨ ਮਾ. ਹਰਜੀਤ ਸਿੰਘ ਅਚਿੰਤ ਦੀ ਬੇਟੀ ਦੇ ਵਿਆਹ ਸਮਾਗਮ 'ਚ ਸ਼ਿਰਕਤ ਕਰਨ ਆਏ ਹੋਏ ਸਨ। 
ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੱਗੇ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਕਿਸਾਨਾਂ ਦੇ ਟਿਊਬਵੈੱਲ ਦੇ ਬਾਹਰ ਮੀਟਰ ਲਾਉਣ ਦੀ ਪ੍ਰਕਿਰਿਆ ਦੀ ਅਕਾਲੀ ਦਲ ਨਿੰਦਾ ਕਰਦਾ ਹੋਇਆ ਇਸ ਦਾ ਡਟ ਕੇ ਵਿਰੋਧ ਕਰੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਵਾਲੰਟੀਅਰ ਫੋਰਸ ਵੱਲੋਂ ਇਸ ਪ੍ਰਕਿਰਿਆ ਨੂੰ ਰੋਕਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕਿਸਾਨਾਂ ਦੇ ਟਿਊਬਵੈੱਲਾਂ 'ਤੇ ਮੀਟਰ ਲਾਉਣ ਨਾਲ ਪਾਵਰਕਾਮ 'ਤੇ 1400 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ। ਉਨ੍ਹਾਂ ਬਿਜਲੀ ਮੁਲਾਜ਼ਮਾਂ ਨੂੰ ਵੀ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਮੀਟਰ ਲਾਉਣ ਦੇ ਕੰਮ ਦਾ ਉਹ ਵਿਰੋਧ ਕਰਨ ਕਿਉਂਕਿ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਆ ਚੁੱਕੀ ਕਿਸਾਨੀ ਹੋਰ ਭਾਰ ਨਹੀਂ ਚੁੱਕ ਸਕਦੀ। 
ਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਸੁਖਵਿੰਦਰ ਸਿੰਘ, ਸਾਬਕਾ ਪ੍ਰਧਾਨ ਜਥੇਦਾਰ ਮੋਹਨ ਸਿੰਘ ਢਾਹੇ, ਇੰਦਰਜੀਤ ਸਿੰਘ ਬੇਦੀ, ਮੁਕੇਸ਼ ਨੱਡਾ, ਆਸ਼ੂ ਧੀਮਾਨ, ਪਰਮਜੀਤ ਸਿੰਘ ਪੰਮਾ, ਆਤਮਾ ਸਿੰਘ ਘੱਟੀਵਾਲ, ਸੁਰਿੰਦਰ ਸਿੰਘ ਘੱਟੀਵਾਲ, ਮਨਜੀਤ ਸਿੰਘ ਘਨੌਲੀ, ਦਵਿੰਦਰ ਸਿੰਘ ਅਗੰਮਪੁਰ, ਐਡਵੋਕੇਟ ਹਰਦੇਵ ਸਿੰਘ ਹੈਪੀ, ਸੁਰਿੰਦਰ ਸਿੰਘ ਮਟੌਰ, ਗੁਰਬਚਨ ਸਿੰਘ ਲੋਧੀਪੁਰ ਸਮੇਤ ਵੱਡੀ ਗਿਣਤੀ 'ਚ ਅਕਾਲੀ-ਭਾਜਪਾ ਵਰਕਰ ਹਾਜ਼ਰ ਸਨ।


Related News