ਸਿਵਲ ਹਸਪਤਾਲ ਦੀ ਐਮਰਜੈਂਸੀ ’ਚ ਡਾਕਟਰਾਂ ਦੀ ਗ਼ੈਰ-ਮੌਜੂਦਗੀ ’ਤੇ ਭੜਕੇ MP ਬਿੱਟੂ, ਸਿਹਤ ਮੰਤਰੀ ਜੌੜਾਮਾਜਰਾ ਨੂੰ ਲਾਇਆ ਫ਼ੋਨ

Sunday, Oct 30, 2022 - 07:11 PM (IST)

ਲੁਧਿਆਣਾ (ਹਿਤੇਸ਼) : ਡੇਂਗੂ ਦੇ ਵਧਦੇ ਪ੍ਰਕੋਪ ਕਾਰਨ ਸਿਵਲ ਹਸਪਤਾਲ ਲੁਧਿਆਣਾ ਵਿਖੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਪੁੱਜੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੂੰ ਹਸਪਤਾਲ ਦੀ ਐਮਰਜੈਂਸੀ ’ਚ ਇਕ ਵੀ ਡਾਕਟਰ ਡਿਊਟੀ ’ਤੇ ਨਹੀਂ ਮਿਲਿਆ। ਉਥੇ ਹੀ ਹਸਪਤਾਲ ਦੇ ਬਾਥਰੂਮਾਂ ਅਤੇ ਵਾਰਡਾਂ ’ਚ ਵੀ ਗੰਦਗੀ ਦੇ ਢੇਰ ਲੱਗੇ ਮਿਲੇ । ਹਸਪਤਾਲ ’ਚ ਡਾਕਟਰਾਂ ਦੀ ਗੈਰ-ਮੌਜੂਦਗੀ ਅਤੇ ਸਫ਼ਾਈ ਵਿਵਸਥਾ ਦੇ ਮੰਦੇ ਹਾਲ ਨੂੰ ਦੇਖਦਿਆਂ ਬਿੱਟੂ ਨੇ ਤੁਰੰਤ ਸੂਬੇ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨਾਲ ਫ਼ੋਨ ’ਤੇ ਸੰਪਰਕ ਕਰਕੇ ਉਨ੍ਹਾਂ ਨੂੰ ਸਾਰੀ ਘਟਨਾ ਤੋਂ ਜਾਣੂ ਕਰਵਾ ਕੇ ਉਨ੍ਹਾਂ ਨੂੰ ਖਰੀਆਂ-ਖੋਟੀਆਂ ਸੁਣਾਇਆਂ । ਐੱਮ. ਪੀ. ਬਿੱਟੂ ਨੇ ’ਆਪ’ ਸਰਕਾਰ ਦੇ ਸ਼ਾਸਨਕਾਲ ’ਚ ਪਿਛਲੇ 6 ਮਹੀਨਿਆਂ ’ਚ ਸਿਵਲ ਹਸਪਤਾਲ ਦੀ ਤਰਸਯੋਗ ਹਾਲਤ ’ਤੇ ਚਰਚਾ ਕਰਦੇ ਹੋਏ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਰੋੜਾਂ ਰੁਪਏ ਦੀ ਲਾਗਤ ਦੇ ਇਸ਼ਤਿਹਾਰਾਂ ਰਾਹੀਂ ਪੰਜਾਬ ’ਚ ਆਮ ਆਦਮੀ ਕਲੀਨਿਕਾਂ ਰਾਹੀਂ ਬਿਹਤਰ ਸਿਹਤ ਸੇਵਾਵਾਂ ਦੇਣ ਦੇ ਝੂਠੇ ਬਿਆਨ ਦੇ ਕੇ ਹਿਮਾਚਲ ਅਤੇ ਗੁਜਰਾਤ ’ਚ ਚੋਣ ਮੈਦਾਨ ’ਚ ਜਿੱਤ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਦਕਿ ਅਸਲੀਅਤ ਇਹ ਹੈ ਕਿ ਪਹਿਲਾਂ ਤੋਂ ਚੱਲ ਰਹੇ ਸਰਕਾਰੀ ਹਸਪਤਾਲਾਂ ’ਚ ਇਲਾਜ ਲਈ ਨਾ ਤਾਂ ਡਾਕਟਰ ਹਨ ਅਤੇ ਨਾ ਹੀ ਦਵਾਈਆਂ।

ਇਹ ਖ਼ਬਰ ਵੀ ਪੜ੍ਹੋ : ਪਿਓ ਦਾ ਸਿਵਾ ਠੰਡਾ ਹੋਣ ਤੋਂ ਪਹਿਲਾਂ ਪੁੱਤ ਦੀ ਦਰਦਨਾਕ ਮੌਤ, ਭਿਆਨਕ ਸੜਕ ਹਾਦਸੇ ’ਚ ਗਈਆਂ 3 ਜਾਨਾਂ

PunjabKesari

ਸਫ਼ਾਈ ਵਿਵਸਥਾ ਦਾ ਮਾੜਾ ਹਾਲ ਹੈ। ਫੈਲ ਰਹੇ ਡੇਂਗੂ ਦੇ ਇਲਾਜ ਲਈ ਸਰਕਾਰੀ ਹਸਪਤਾਲਾਂ ’ਚ ਕੋਈ ਪ੍ਰਬੰਧ ਨਹੀਂ ਹੈ। ਹਰ ਨਾਗਰਿਕ ਨੂੰ ਚੰਗੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਸਰਕਾਰੀ ਦਾਅਵੇ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ’ਚ ਬਿਆਨਬਾਜ਼ੀ ਅਤੇ ਚੋਣਾਂ ਦੀ ਦਹਿਲੀਜ਼ ’ਤੇ ਖੜ੍ਹੇ ਸੂਬਿਆਂ ਦੀਆਂ ਰੈਲੀਆਂ ਤੱਕ ਹੀ ਸੀਮਤ ਹਨ। ਹਸਪਤਾਲ ਦੀ ਐਮਰਜੈਂਸੀ ’ਚ ਡਾਕਟਰਾਂ ਦੇ ਨਾ ਹੋਣ ਬਾਰੇ ਸਿਹਤ ਮੰਤਰੀ ਨਾਲ ਫੋਨ ’ਤੇ ਗੱਲ ਕਰਨ ਤੋਂ ਬਾਅਦ ਜਦੋਂ ਬਿੱਟੂ ਹਸਪਤਾਲ ਦੇ ਹੋਰ ਵਾਰਡਾਂ ਅਤੇ ਵੱਖ-ਵੱਖ ਥਾਵਾਂ ’ਤੇ ਬਣੇ ਪਖਾਨਿਆਂ ਵੱਲ ਵਧੇ ਤਾਂ ਉਨ੍ਹਾਂ ਨੂੰ ਚਾਰੇ ਪਾਸੇ ਗੰਦਗੀ ਦਾ ਰਾਜ ਦੇਖਣ ਨੂੰ ਮਿਲਿਆ। ਡੇਂਗੂ ਦੀ ਫੈਲਦੀ ਬੀਮਾਰੀ ਤੇ ਹਸਪਤਾਲ ’ਚ ਸਫ਼ਾਈ ਵਰਗੀਆਂ ਸਹੂਲਤਾਂ ਨਾ ਮਿਲਣ ’ਤੇ ਉਨ੍ਹਾਂ ਕਿਹਾ ਕਿ ਜਦੋਂ ਸਰਕਾਰੀ ਹਸਪਤਾਲ ਹੀ ਬੀਮਾਰ ਹੈ ਤਾਂ ਮਰੀਜ਼ਾਂ ਦਾ ਰੱਬ ਹੀ ਰਾਖਾ ਹੈ। ਗੁਜਰਾਤ ਅਤੇ ਹਿਮਾਚਲ ’ਚ ਚੋਣ ਲੜਾਈ ’ਚ ਲੱਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿਹਤ ਮੰਤਰੀ ਨੂੰ ਉਨ੍ਹਾਂ ਨੇ ਅਪੀਲ ਕੀਤੀ ਕਿ ਉਹ ਸੱਤਾ ਮਿਲਣ ਤੋਂ ਪਹਿਲਾਂ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦੇ ਅਨੁਸਾਰ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਕੇ ਆਪਣਾ ਰਾਜ ਧਰਮ ਨਿਭਾਉਣ ਨਾ ਕਿ ਪੰਜਾਬ ਨੂੰ ਰੱਬ ਦੇ ਭਰੋਸੇ ’ਚ ਛੱਡ ਕੇ ਦੂਜੇ ਸੂਬਿਆਂ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਬਲੀ ਦੇਣ ਦੀ ਕੋਸ਼ਿਸ਼ ਕਰਨ।


Manoj

Content Editor

Related News